Begin typing your search above and press return to search.

ਕੈਨੇਡਾ ’ਚ ਬਰਡ ਫਲੂ ਦੇ ਪਹਿਲੇ ਮਨੁੱਖੀ ਮਰੀਜ਼ ਦੀ ਹਾਲਤ ਖਤਰੇ ਤੋਂ ਬਾਹਰ

ਕੈਨੇਡਾ ਵਿਚ ਬਰਡ ਫਲੂ ਦੇ ਪਹਿਲੇ ਮਨੁੱਖੀ ਮਰੀਜ਼ ਵਜੋਂ ਕਈ ਹਫ਼ਤਿਆਂ ਤੋਂ ਬੀ.ਸੀ. ਦੇ ਹਸਪਤਾਲ ਵਿਚ ਦਾਖਲ 13 ਸਾਲਾ ਬੱਚੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ

ਕੈਨੇਡਾ ’ਚ ਬਰਡ ਫਲੂ ਦੇ ਪਹਿਲੇ ਮਨੁੱਖੀ ਮਰੀਜ਼ ਦੀ ਹਾਲਤ ਖਤਰੇ ਤੋਂ ਬਾਹਰ
X

Upjit SinghBy : Upjit Singh

  |  2 Jan 2025 6:47 PM IST

  • whatsapp
  • Telegram

ਵੈਨਕੂਵਰ : ਕੈਨੇਡਾ ਵਿਚ ਬਰਡ ਫਲੂ ਦੇ ਪਹਿਲੇ ਮਨੁੱਖੀ ਮਰੀਜ਼ ਵਜੋਂ ਕਈ ਹਫ਼ਤਿਆਂ ਤੋਂ ਬੀ.ਸੀ. ਦੇ ਹਸਪਤਾਲ ਵਿਚ ਦਾਖਲ 13 ਸਾਲਾ ਬੱਚੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਸਾਹ ਲੈਣ ਵਿਚ ਮਦਦ ਵਾਸਤੇ ਲਾਈ ਆਕਸੀਜਨ 18 ਦਸੰਬਰ ਨੂੰ ਹਟਾ ਦਿਤੀ ਗਈ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਰਿਪੋਰਟ ਮੁਤਾਬਕ ਤਾਜ਼ਾ ਜਾਣਕਾਰੀ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਦੇ ਸੰਪਾਦਕ ਨੂੰ ਲਿਖੇ ਪੱਤਰ ਵਿਚ ਦਿਤੀ ਗਈ।

13 ਸਾਲ ਦੀ ਬੱਚੀ ਨੂੰ ਲੱਗੀ ਸੀ ਵਾਇਰਸ ਦੀ ਲਾਗ

ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਜਾਂ ਨਹੀਂ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਇਥੇ ਦਸਣਾ ਬਣਦਾ ਹੈ ਕਿ ਬੱਚੀ ਨੂੰ ਪਹਿਲਾਂ ਤੋਂ ਮਾਮੂਲੀ ਦਮੇ ਦੀ ਸ਼ਿਕਾਇਤ ਸੀ ਪਰ ਵਾਇਰਸ ਦੀ ਲਾਗ ਦੇ ਸਰੋਤ ਬਾਰੇ ਸਿਹਤ ਵਿਭਾਗ ਵੱਲੋਂ ਕੋਈ ਵੇਰਵਾ ਨਹੀਂ ਦਿਤਾ ਗਿਆ। ਮਾਮਲੇ ਦੀ ਸ਼ੁਰੂਆਤ 4 ਨਵੰਬਰ ਤੋਂ ਹੋਈ ਜਦੋਂ ਬੱਚੀ ਨੂੰ ਬੁਖਾਰ ਅਤੇ ਅੱਖਾਂ ਲਾਲ ਹੋਣ ਦੀ ਸ਼ਿਕਾਇਤ ਮਗਰੋਂ ਹਸਪਤਾਲ ਲਿਆਂਦਾ ਗਿਆ। ਬੱਚੀ ਨੂੰ ਬਗੈਰ ਇਲਾਜ ਤੋਂ ਛੁੱਟੀ ਦੇ ਦਿਤੀ ਗਈ ਪਰ 7 ਨਵੰਬਰ ਨੂੰ ਖੰਘ ਅਤੇ ਉਲਟੀਆਂ ਦੀ ਸ਼ਿਕਾਇਤ ਮਗਰੋਂ ਮੁੜ ਐਮਰਜੰਸੀ ਰੂਮ ਵਿਚ ਲਿਆਂਦਾ ਗਿਆ। ਅਗਲੇ ਦਿਨ ਬੱਚੀ ਦੀ ਹਾਲਤ ਗੰਭੀਰ ਹੋਣ ਮਗਰੋਂ ਉਸ ਨੂੰ ਬੀ.ਸੀ. ਚਿਲਡ੍ਰਨਜ਼ ਹੌਸਪੀਟਲ ਭੇਜ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਤਕਰੀਬਨ ਤਿੰਨ ਦਰਜਨ ਲੋਕ ਬਿਮਾਰ ਬੱਚੀ ਦੇ ਸੰਪਰਕ ਵਿਚ ਆਏ ਜਿਨ੍ਹਾਂ ਨੂੰ ਐਂਟੀ ਵਾਇਰਲ ਦਵਾਈਆਂ ਦਿਤੀਆਂ ਗਈਆਂ। ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਬਰਡ ਫਲੂ ਦਾ ਵਾਇਰਸ ਮਨੁੱਖ ਦੀਆਂ ਅੱਖਾਂ, ਨੱਕ ਅਤੇ ਗਲੇ ਰਾਹੀਂ ਸਰੀਰ ਵਿਚ ਦਾਖਲ ਹੋ ਸਕਦਾ ਹੈ।

18 ਦਸੰਬਰ ਨੂੰ ਆਕਸੀਜਨ ਸਪੋਰਟ ਹਟਾਈ ਗਈ

ਬਿਮਾਰ ਬੱਚੀ ਕਿਸੇ ਪੋਲਟਰੀ ਫਾਰਮ ਨੇੜੇ ਨਹੀਂ ਸੀ ਰਹਿੰਦੀ ਅਤੇ ਨਾ ਹੀ ਉਸ ਦੇ ਕਿਸੇ ਪਰਵਾਰਕ ਮੈਂਬਰ ਦਾ ਪੋਲਟਰੀ ਫਾਰਮ ਵਿਚ ਆਉਣਾ-ਜਾਣਾ ਸੀ। ਦੂਜੇ ਪਾਸੇ ਬੱਚੀ ਦੇ ਕੁੱਤੇ, ਬਿੱਲੀਆਂ ਅਤੇ ਹੋਰ ਜਾਨਵਰਾਂ ਦੇ ਸੰਪਰਕ ਵਿਚ ਆਉਣ ਦੀ ਤਸਦੀਕ ਕੀਤੀ ਗਈ। 2022 ਤੋਂ ਹੁਣ ਤੱਕ ਬਰਡ ਫਲੂ ਦੇ ਖਤਰੇ ਕਾਰਨ ਬੀ.ਸੀ. ਦੇ ਫਾਰਮਾਂ 60 ਲੱਖ ਤੋਂ ਵੱਧ ਮੁਰਗੀਆਂ, ਬਤਖਾਂ ਜਾਂ ਟਰਕੀ ਮਾਰੇ ਜਾ ਚੁੱਕੇ ਹਨ। ਉਧਰ ਅਮਰੀਕਾ ਵਿਚ ਬਰਡ ਫਲੂ ਦਾ ਖਤਰਾ ਗੁੰਝਲਦਾਰ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ ਅਤੇ ਹੁਣ ਤੱਕ 64 ਮਨੁੱਖਾਂ ਨੂੰ ਵਾਇਰਸ ਦੀ ਲਾਗ ਲੱਗਣ ਦੀ ਰਿਪੋਰਟ ਹੈ। ਅਮਰੀਕਾ ਵਿਚ ਬਰਡ ਫਲੂ ਦੇ ਮਨੁੱਖੀ ਮਰੀਜ਼ਾਂ ਦੀ ਗਿਣਤੀ 46 ਦੱਸੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਡੇਅਰੀ ਵਰਕਰ ਦੱਸੇ ਜਾ ਰਹੇ ਹਨ। ਵਾਸ਼ਿੰਗਟਨ, ਓਰੇਗਨ ਅਤੇ ਕੈਲੇਫੋਰਨੀਆ ਰਾਜਾਂ ਵਿਚ ਸੈਂਕੜੇ ਦੁਧਾਰੂ ਜਾਨਵਰਾਂ ਵਿਚ ਬਰਡ ਫਲੂ ਫੈਲਣ ਦੇ ਮਾਮਲੇ ਸਾਹਮਣੇ ਆਏ ਪਰ ਕੈਨੇਡਾ ਵਾਲੇ ਪਾਸੇ ਹਾਲਾਤ ਕਾਬੂ ਹੇਠ ਮੰਨੇ ਜਾ ਰਹੇ ਹਨ। ਕੈਨੇਡਾ ਵਿਚ 10 ਸਾਲ ਪਹਿਲਾਂ ਵੀ ਇਕ ਨੌਜਵਾਨ ਨੂੰ ਬਰਡ ਫਲੂ ਹੋਇਆ ਜਿਸ ਨੂੰ ਵਾਇਰਸ ਦੀ ਲਾਗ ਚੀਨ ਤੋਂ ਲੱਗੀ ਅਤੇ ਵਾਇਰਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦੇ ਉਲਟ ਅਮਰੀਕਾ ਵਿਚ ਮਨੁੱਖ ਦੇ ਬਰਡ ਫਲੂ ਤੋਂ ਪੀੜਤ ਹੋਣ ਮਗਰੋਂ ਜ਼ਿਆਦਾ ਗੰਭੀਰ ਲੱਛਣ ਨਜ਼ਰ ਨਹੀਂ ਆ ਰਹੇ।

Next Story
ਤਾਜ਼ਾ ਖਬਰਾਂ
Share it