ਕਿਰਤੀਆਂ ਲਈ ਬੰਦ ਨਹੀਂ ਹੋਣਗੇ ਕੈਨੇਡਾ ਦੇ ਦਰਵਾਜ਼ੇ : ਮਾਰਕ ਕਾਰਨੀ
ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਦੇ ਮੁੱਦੇ ’ਤੇ ਬਹਿਸ ਭਖਣ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਹੈ ਕਿ ਕਿਰਤੀਆਂ ਦੀ ਆਮਦ ਜਾਰੀ ਰਹੇਗੀ

By : Upjit Singh
ਐਡਮਿੰਟਨ : ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਦੇ ਮੁੱਦੇ ’ਤੇ ਬਹਿਸ ਭਖਣ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਹੈ ਕਿ ਕਿਰਤੀਆਂ ਦੀ ਆਮਦ ਜਾਰੀ ਰਹੇਗੀ ਪਰ ਫੈਡਰਲ ਸਰਕਾਰ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਵਿਚ ਤਬਦੀਲੀਆਂ ਕਰ ਰਹੀ ਹੈ। ਐਡਮਿੰਟਨ ਵਿਖੇ ਲਿਬਰਲ ਕੌਕਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਖਾਸ ਖੇਤਰਾਂ ਅਤੇ ਸੂਬਿਆਂ ਦੀਆਂ ਜ਼ਰੂਰਤਾਂ ਵੱਲ ਧਿਆਨ ਕੇਂਦਰਤ ਕਰਨਾ ਹੋਵੇਗਾ ਅਤੇ ਸਰਕਾਰ ਇਸ ਪਾਸੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਮਾਰਕ ਕਾਰਨੀ ਵੱਲੋਂ ਸੰਭਾਵਤ ਤਬਦੀਲੀਆਂ ਬਾਰੇ ਕੋਈ ਵੇਰਵਾ ਨਹੀਂ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਆਰਜ਼ੀ ਵਿਦੇਸ਼ੀ ਕਾਮਿਆਂ ਲਈ ਦਰਵਾਜ਼ੇ ਪੱਕੇ ਤੌਰ ’ਤੇ ਬੰਦ ਕਰਨ ਦਾ ਸੱਦਾ ਦੇ ਰਹੇ ਹਨ।
ਆਰਜ਼ੀ ਵਿਦੇਸ਼ੀ ਕਾਮਿਆਂ ਲਈ ਨਵੀਂ ਯੋਜਨਾ ਜਲਦ
ਬਰੈਂਪਟਨ ਵਿਖੇ ਪ੍ਰੈਸ ਕਾਨਰੰਸ ਦੌਰਾਨ ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਪ੍ਰਵਾਸੀਆਂ ਦੀ ਆਮਦ ਬੇਰੁਜ਼ਗਾਰੀ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੈਨੇਡਾ ਵਿਚ ਰੁਜ਼ਗਾਰ ਜਾਂ ਰਿਹਾਇਸ਼ ਦੇ ਸੰਕਟ ਲਈ ਪ੍ਰਵਾਸੀ ਜ਼ਿੰਮੇਵਾਰ ਨਹੀਂ ਸਗੋਂ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਸੱਦਣ ਵਾਲੀ ਸਰਕਾਰ ਜ਼ਿੰਮੇਵਾਰ ਹੈ। ਉਧਰ ਸਾਬਕਾ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਟੋਰੀ ਆਗੂ ਦੀਆਂ ਟਿੱਪਣੀਆਂ ਬਿਲਕੁਲ ਵੀ ਚੰਗੀਆਂ ਨਾ ਲੱਗੀਆਂ ਅਤੇ ਉਨ੍ਹਾਂ ਨੇ ਪੌਇਲੀਐਵ ਨੂੰ ਪ੍ਰਵਾਸੀ ਵਿਰੋਧੀ ਕਰਾਰ ਦੇ ਦਿਤਾ। ਦੱਸ ਦੇਈਏ ਕਿ ਹਾਲ ਹੀ ਵਿਚ ਆਏ ਇਕ ਸਰਵੇਖਣ ਦੌਰਾਨ ਕੈਨੇਡਾ ਦੇ ਤਕਰੀਬਨ 50 ਫੀ ਸਦੀ ਲੋਕਾਂ ਨੇ ਟੈਂਪਰੇਰੀ ਫ਼ੌਰਨ ਵਰਕਰ ਪ੍ਰੋਗਰਾਮ ਬੰਦ ਕਰਨ ਦੀ ਹਮਾਇਤ ਕੀਤੀ ਪਰ ਮਾਹਰਾਂ ਦਾ ਕਹਿਣਾ ਹੈ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਲਈ ਦਰਵਾਜ਼ੇ ਬੰਦ ਕੀਤੇ ਤਾਂ ਖੇਤੀ ਸੈਕਟਰ ਸਣੇ ਕਈ ਖੇਤਰਾਂ ਵਿਚ ਹਾਲਾਤ ਵਿਗੜ ਜਾਣਗੇ।
ਸਾਬਕਾ ਇੰਮੀਗ੍ਰੇਸ਼ਨ ਮੰਤਰੀ ਨੇ ਪੌਇਲੀਐਵ ਨੂੰ ਪ੍ਰਵਾਸੀ ਵਿਰੋਧੀ ਦੱਸਿਆ
ਉਨ੍ਹਾਂ ਦਲੀਲ ਦਿਤੀ ਕਿ ਵੱਡੀ ਗਿਣਤੀ ਵਿਚ ਕੈਨੇਡੀਅਨ ਉਹ ਕੰਮ ਕਰਨਾ ਨਹੀਂ ਚਾਹੁੰਦੇ ਜਿਨ੍ਹਾਂ ਵਾਸਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸੱਦਿਆ ਜਾਂਦਾ ਹੈ। ਇੰਮੀਗ੍ਰੇਸ਼ਨ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਵਰ੍ਹੇ ਦੌਰਾਨ ਸਿਰਫ਼ 33,722 ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੀਜ਼ੇ ਦਿਤੇ ਗਏ। ਇਹ ਗਿਣਤੀ ਫੈਡਰਲ ਸਰਕਾਰ ਵੱਲੋਂ 2025 ਲਈ ਤੈਅ ਟੀਚੇ ਦਾ 42 ਫੀ ਸਦੀ ਬਣਦੀ ਹੈ। ਇੰਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦੀ ਇਕ ਤਰਜਮਾਨ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਪੁੱਜੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿਚ ਵੱਡੀ ਕਮੀ ਆਈ ਹੈ ਅਤੇ ਪਹਿਲੇ 6 ਮਹੀਨੇ ਦੌਰਾਨ 1 ਲੱਖ 19 ਹਜ਼ਾਰ ਵਿਦੇਸ਼ੀ ਕਾਮੇ ਕੈਨੇਡਾ ਪੁੱਜੇ ਜਦਕਿ ਪਿਛਲੇ ਸਾਲ 2 ਲੱਖ 45 ਹਜ਼ਾਰ ਕਾਮਿਆਂ ਨੇ ਕੈਨੇਡਾ ਦੀ ਧਰਤੀ ’ਤੇ ਕਦਮ ਰੱਖਿਆ ਸੀ।


