Begin typing your search above and press return to search.

ਕੈਨੇਡਾ ’ਚ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 10 ਲੱਖ

ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 10 ਲੱਖ ਤੋਂ ਉਤੇ ਹੋਣ ਦੇ ਬਾਵਜੂਦ ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵਿਚੋਂ 3,300 ਨੌਕਰੀਆਂ ਖਤਮ ਕਰਨ ਫੈਸਲਾ ਕੀਤਾ ਗਿਆ ਹੈ।

ਕੈਨੇਡਾ ’ਚ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 10 ਲੱਖ
X

Upjit SinghBy : Upjit Singh

  |  21 Jan 2025 6:40 PM IST

  • whatsapp
  • Telegram

ਟੋਰਾਂਟੋ : ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 10 ਲੱਖ ਤੋਂ ਉਤੇ ਹੋਣ ਦੇ ਬਾਵਜੂਦ ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵਿਚੋਂ 3,300 ਨੌਕਰੀਆਂ ਖਤਮ ਕਰਨ ਫੈਸਲਾ ਕੀਤਾ ਗਿਆ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇੰਮੀਗ੍ਰੇਸ਼ਨ ਦੇ ਪੱਧਰ ਵਿਚ ਆਈ ਕਮੀ ਅਤੇ ਫੰਡਾਂ ਦੀ ਘਾਟ ਦੇ ਮੱਦੇਨਜ਼ਰ ਮੁਲਾਜ਼ਮਾਂ ਦੀ ਗਿਣਤੀ ਘਟਾਈ ਜਾ ਰਹੀ ਹੈ ਅਤੇ ਇਸ ਖੱਪੇ ਨੂੰ ਆਰਜ਼ੀ ਕਾਮਿਆਂ ਰਾਹੀਂ ਪੂਰਨ ਦੇ ਯਤਨ ਕੀਤੇ ਜਾਣਗੇ।

ਇੰਮੀਗ੍ਰੇਸ਼ਨ ਵਿਭਾਗ ਵੱਲੋਂ 3300 ਮੁਲਾਜ਼ਮਾਂ ਦੀ ਛਾਂਟੀ

ਆਈ.ਆਰ.ਸੀ.ਸੀ. ਵੱਲੋਂ ਜਾਰੀ ਬਿਆਨ ਮੁਤਾਬਕ ਮੁਲਾਜ਼ਮਾਂ ਦੀ ਛਾਂਟੀ ਨਾਲ ਘਰੇਲੂ ਅਤੇ ਕੌਮਾਤਰੀ ਪੱਧਰ ’ਤੇ ਕੰਮਕਾਜ ਪ੍ਰਭਾਵਤ ਹੋਵੇਗਾ ਪਰ ਕਟੌਤੀਆਂ ਰਾਹੀਆਂ ਪ੍ਰਭਾਵਤ ਹੋਣ ਵਾਲੇ 80 ਫ਼ੀ ਸਦੀ ਕੰਮਕਾਜ ਨੂੰ ਮੌਜੂਦਾ ਸਟਾਫ਼ ਦੀ ਵਚਨਬੱਧਤਾ ਅਤੇ ਆਰਜ਼ੀ ਕਾਮਿਆਂ ਰਾਹੀਂ ਨੇਪਰੇ ਚਾੜ੍ਹਿਆ ਜਾਵੇਗਾ ਜਦਕਿ 20 ਫੀ ਸਦੀ ਕੰਮਕਾਜ ਕਾਮਿਆਂ ਦੀ ਐਡਜਸਟਮੈਂਟ ਰਾਹੀਂ ਨਿਪਟਾਉਣ ਦੇ ਯਤਨ ਕੀਤੇ ਜਾਣਗੇ। ਇਥੇ ਦਸਣਾ ਬਣਦਾ ਹੈ ਕਿ ਨਵੰਬਰ ਦੇ ਅੰਤ ਤੱਕ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਕੋਲ 22 ਲੱਖ 67 ਹਜ਼ਾਰ ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਸਨ ਜਿਨ੍ਹਾਂ ਵਿਚੋਂ 12 ਲੱਖ 61 ਹਜ਼ਾਰ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ-ਅੰਦਰ ਨਿਪਟਾਏ ਜਾਣ ਦੇ ਆਸਾਰ ਹਨ ਪਰ 10 ਲੱਖ ਤੋਂ ਵੱਧ ਬੈਕਲਾਗ ਵਿਚ ਮੰਨੀਆਂ ਜਾ ਰਹੀਆਂ ਹਨ। 1 ਜਨਵਰੀ 2024 ਤੋਂ 30 ਨਵੰਬਰ 2024 ਤੱਕ ਸਟੱਡੀ ਵੀਜ਼ਾ ਦੀਆਂ 7 ਲੱਖ 87 ਹਜ਼ਾਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਅਤੇ 11 ਲੱਖ 77 ਹਜ਼ਾਰ ਵਰਕ ਪਰਮਿਟ ਅਰਜ਼ੀਆਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਵਿਭਾਗ ਦੇ ਬਿਆਨ ਵਿਚ ਅੱਗੇ ਕਿਹਾ ਗਿਆ ਕਿ ਕੈਨੇਡਾ ਸਰਕਾਰ ਵੱਲੋਂ ਅਕਤੂਬਰ 2024 ਵਿਚ ਐਲਾਨੀ ਤਿੰਨ ਸਾਲਾ ਯੋਜਨਾ ਅਧੀਨ ਇੰਮੀਗ੍ਰੇਸ਼ਨ ਟੀਚਿਆਂ ਵਿਚ ਕਮੀ ਕਰਨ ਦਾ ਐਲਾਨ ਕਰ ਦਿਤਾ ਗਿਆ ਜਿਸ ਦੇ ਮੱਦੇਨਜ਼ਰ ਅਰਜ਼ੀਆਂ ਦੀ ਪ੍ਰੋਸੈਸਿੰਗ ਵਾਸਤੇ ਵੀ ਘੱਟ ਮੁਲਾਜ਼ਮਾਂ ਦੀ ਜ਼ਰੂਰਤ ਹੋਵੇਗੀ ਅਤੇ ਇਸੇ ਕਰ ਕੇ ਆਉਂਦੇ ਤਿੰਨ ਸਾਲ ਦੌਰਾਨ 3,300 ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾਵੇਗੀ।

ਸਪਾਊਜ਼ਲ ਵੀਜ਼ਾ ਦਾ ਪ੍ਰੋਸੈਸਿੰਗ ਸਮਾਂ ਹੋਇਆ ਦੁੱਗਣਾ

ਉਧਰ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਅਤੇ ਕੈਨੇਡਾ ਇੰਪਲੌਇਮੈਂਟ ਐਂਡ ਇੰਮੀਗ੍ਰੇਸ਼ਨ ਯੂਨੀਅਨ ਵੱਲੋਂ ਮੁਲਾਜ਼ਮਾਂ ਦੀ ਛਾਂਟੀ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ। ਮੁਲਾਜ਼ਮ ਯੂਨੀਅਨਾਂ ਨੇ ਕਿਹਾ ਕਿ ਸਪੱਸ਼ਟ ਤੌਰ ’ਤੇ ਕੁਝ ਵੀ ਨਹੀਂ ਦੱਸਿਆ ਕਿ ਕੌਣ-ਕੌਣ ਛਾਂਟੀ ਦੇ ਘੇਰੇ ਵਿਚ ਆਵੇਗਾ। ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਦੀ ਪ੍ਰਧਾਨ ਸ਼ੈਰਨ ਡੈਸੂਜ਼ਾ ਨੇ ਕਿਹਾ ਕਿ ਐਨੇ ਵੱਡੇ ਪੱਧਰ ’ਤੇ ਛਾਂਟੀ ਨਾਲ ਮੁਲਾਜ਼ਮਾਂ ਦੇ ਪਰਵਾਰ ਅਤੇ ਇੰਮੀਗ੍ਰੇਸ਼ਨ ਸੇਵਾਵਾਂ ’ਤੇ ਨਿਰਭਰ ਲੋਕ ਪ੍ਰਭਾਵਤ ਹੋਣਗੇ। ਇਥੋਂ ਤੱਕ ਕਿ ਇੰਮੀਗ੍ਰੇਸ਼ਨ ਸੇਵਾਵਾਂ ਦਾ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਕੈਨੇਡਾ ਦੇ ਖ਼ਜ਼ਾਨਾ ਬੋਰਡ ਦੇ ਸਕੱਤਰੇਤ ਮੁਤਾਬਕ 2024 ਵਿਚ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਮੁਲਾਜ਼ਮਾਂ ਦੀ ਗਿਣਤੀ 13,092 ਦਰਜ ਕੀਤੀ ਗਈ ਜੋ 2022 ਦੇ 10,248 ਦੇ ਅੰਕੜੇ ਅਤੇ 2019 ਦੇ 7,800 ਦੇ ਅੰਕੜੇ ਤੋਂ ਕਿਤੇ ਵੱਧ ਬਣਦੀ ਹੈ। ਟਰੂਡੋ ਸਰਕਾਰ ਦੇ ਸਾਲਾਨਾ ਬਜਟ ਮੁਤਾਬਕ ਆਉਂਦੇ ਚਾਰ ਸਾਲ ਦੌਰਾਨ ਸਰਕਾਰੀ ਦਫ਼ਤਰਾਂ ਵਿਚੋਂ ਪੰਜ ਹਜ਼ਾਰ ਮੁਲਾਜ਼ਮ ਘਟਾਏ ਜਾਣਗੇ। ਐਨ.ਡੀ.ਪੀ. ਦੀ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਆਲੋਚਕ ਜੈਨੀ ਕਵੈਨ ਨੇ ਦੋਸ਼ ਲਾਇਆ ਕਿ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਪਹਿਲਾਂ ਹੀ ਸਿਰ ਚੜ੍ਹ ਬੋਲ ਰਿਹਾ ਹੈ ਅਤੇ ਹੁਣ ਮੁਲਾਜ਼ਮਾਂ ਦੀ ਕਟੌਤੀ ਹਾਲਾਤ ਹੋਰ ਬਦਤਰ ਬਣਾ ਦੇਵੇਗੀ। ਉਨ੍ਹਾਂ ਮਿਸਾਲ ਪੇਸ਼ ਕੀਤੀ ਕਿ ਸਪਾਊਜ਼ਲ ਸਪੌਂਸਰਸ਼ਿਪ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 24 ਮਹੀਨੇ ਤੱਕ ਪੁੱਜ ਚੁੱਕਾ ਹੈ।

Next Story
ਤਾਜ਼ਾ ਖਬਰਾਂ
Share it