ਕੈਨੇਡਾ : ਨਸਲੀ ਨਫ਼ਰਤ ਦੇ ਸ਼ਿਕਾਰ ਭਾਰਤੀ ਨੂੰ ਬਚਾਉਣ ਪੁੱਜੀ ਗੋਰੀ
ਕੈਨੇਡਾ ਵਿਚ ਨਸਲੀ ਨਫ਼ਰਤ ਦਾ ਸ਼ਿਕਾਰ ਬਣ ਰਹੇ ਇਕ ਭਾਰਤੀ ਨੂੰ ਬਚਾਉਣ ਗੋਰੀ ਪੁੱਜ ਗਈ ਅਤੇ ਤੰਗ ਪ੍ਰੇਸ਼ਾਨ ਕਰ ਰਹੇ ਸ਼ਖਸ ਨਾਲ ਉਸ ਦੀ ਤਿੱਖੀ ਬਹਿਸ ਹੋਈ

By : Upjit Singh
ਟੋਰਾਂਟੋ : ਕੈਨੇਡਾ ਵਿਚ ਨਸਲੀ ਨਫ਼ਰਤ ਦਾ ਸ਼ਿਕਾਰ ਬਣ ਰਹੇ ਇਕ ਭਾਰਤੀ ਨੂੰ ਬਚਾਉਣ ਗੋਰੀ ਪੁੱਜ ਗਈ ਅਤੇ ਤੰਗ ਪ੍ਰੇਸ਼ਾਨ ਕਰ ਰਹੇ ਸ਼ਖਸ ਨਾਲ ਉਸ ਦੀ ਤਿੱਖੀ ਬਹਿਸ ਹੋਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀ ਹੈ ਅਤੇ ਨਸਲਵਾਦ ਬਾਰੇ ਬਹਿਸ ਮੁੜ ਤਿੱਖੀ ਹੁੰਦੀ ਮਹਿਸੂਸ ਹੋ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਦੇ ਭਾਰਤੀ ਮੂਲ ਦੇ ਸੁਪਰਵਾਈਜ਼ਰ ਦੇ ਹੱਕ ਵਿਚ ਇਕ ਮੁਟਿਆਰ ਨਿੱਤਰ ਆਉਂਦੀ ਹੈ। ਭਾਰਤੀ ਮੂਲ ਦੇ ਮੁਲਾਜ਼ਮ ਨੂੰ ਤੰਗ ਕਰਨ ਵਾਲੇ ਸ਼ਖਸ ਨੂੰ ਉਹ ਕਹਿੰਦੀ ਹੈ ਕਿ ਇਸ ਨੂੰ ਇਕੱਲਾ ਛੱਡ ਦੇ।
ਤੰਗ ਪ੍ਰੇਸ਼ਾਨ ਕਰਨ ਵਾਲੇ ਨੂੰ ਸੁਣਾਈਆਂ ਖਰੀਆਂ-ਖਰੀਆਂ
ਦੂਜੇ ਪਾਸੇ ਜਦੋਂ ਨਸਲਵਾਦੀ ਕਹਿੰਦਾ ਹੈ ਕਿ ਕੈਨੇਡਾ ਵਿਚ ਆਪਣੀ ਮਰਜ਼ੀ ਕਰਨ ਦਾ ਹਰ ਕਿਸੇ ਨੂੰ ਹੱਕ ਹੈ ਤਾਂ ਮੁਟਿਆਰ ਕਹਿੰਦੀ ਹੈ ਕਿ ਉਹ ਆਪਣੀ ਕੰਮ ਕਰ ਰਿਹਾ ਹੈ, ਉਸ ਨੂੰ ਤੰਗ ਕਰਨਾ ਗੈਰਵਾਜਬ ਹੈ। ਟੀ.ਟੀ.ਸੀ. ਸੁਪਰਵਾਈਜ਼ਰ ਮੁਟਿਆਰ ਨੂੰ ਸ਼ਾਂਤ ਕਰਨ ਦਾ ਯਤਨ ਕਰਦਾ ਹੈ ਪਰ ਉਹ ਲਗਾਤਾਰ ਨਸਲਵਾਦੀ ’ਤੇ ਗੁੱਸਾ ਲਾਹੁੰਦੀ ਦੇਖੀ ਜਾ ਸਕਦੀ ਹੈ। ਮੁਟਿਆਰ ਇਹ ਵੀ ਕਹਿੰਦੀ ਹੈ ਕਿ ਉਸ ਦਾ ਬੁਆਏ ਫਰੈਂਡ ਇਕ ਭਾਰਤੀ ਹੈ। ਮੁਟਿਆਰ ਦੀ ਬਹਾਦਰੀ ਵਾਲੀ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਉਸ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਦੇ ਇਕ ਵਰਤੋਂਕਾਰ ਨੇ ਲਿਖਿਆ ਕਿ ਨਸਲਵਾਦ ਲੋਕਾਂ ਵਿਚ ਡਰ ਜਾਂ ਅਸੁਰੱਖਿਆ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਇਸ ਤੋਂ ਦੂਰ ਰਹਿਣਾ ਹੀ ਬਿਹਤਰ ਹੈ।


