Begin typing your search above and press return to search.

Canada ਦਾ visitor visa ਸਿਰਫ਼ 57 ਦਿਨ ਵਿਚ

ਪੰਜਾਬੀਆਂ ਲਈ ਕੈਨੇਡਾ ਦਾ ਜਹਾਜ਼ ਚੜ੍ਹਨਾ ਹੋਰ ਵੀ ਸੁਖਾਲਾ ਹੋ ਗਿਆ ਹੈ

Canada ਦਾ visitor visa ਸਿਰਫ਼ 57 ਦਿਨ ਵਿਚ
X

Upjit SinghBy : Upjit Singh

  |  12 March 2026 6:18 PM IST

  • whatsapp
  • Telegram

ਟੋਰਾਂਟੋ : ਪੰਜਾਬੀਆਂ ਲਈ ਕੈਨੇਡਾ ਦਾ ਜਹਾਜ਼ ਚੜ੍ਹਨਾ ਹੋਰ ਵੀ ਸੁਖਾਲਾ ਹੋ ਗਿਆ ਹੈ। ਜੀ ਹਾਂ, ਇੰਮੀਗ੍ਰੇਸ਼ਨ ਵਾਲਿਆਂ ਨੇ ਵਿਜ਼ਟਰ ਵੀਜ਼ਾ ਅਤੇ ਡਿਪੈਂਟਡੈਂਟ ਚਾਇਲਡ ਸਪੌਂਸਰਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਬੇਹੱਦ ਤੇਜ਼ ਕਰ ਦਿਤੀ ਹੈ। ਵਿਜ਼ਟਰ ਵੀਜ਼ਾ ਦੇ ਮਾਮਲੇ ਵਿਚ ਹੁਣ ਸਿਰਫ਼ 57 ਦਿਨ ਦੇ ਅੰਦਰ ਹਾਂ ਜਾਂ ਨਾਂਹ ਬਾਰੇ ਪਤਾ ਲੱਗ ਜਾਂਦਾ ਹੈ ਜਦਕਿ ਨਾਬਾਲਗ ਬੱਚਿਆਂ ਦੀਆਂ ਸਪੌਂਸਰਸ਼ਿਪ ਅਰਜ਼ੀਆਂ ਸਿਰਫ਼ 8 ਮਹੀਨੇ ਵਿਚ ਨਿਬੇੜੀਆਂ ਜਾ ਰਹੀਆਂ ਜੋ ਪਹਿਲਾਂ 16 ਮਹੀਨੇ ਤੱਕ ਲਟਕ ਰਹੀਆਂ ਸਨ। ਦੂਜੇ ਪਾਸੇ ਪਾਕਿਸਤਾਨ ਵਾਲਿਆਂ ਨੂੰ ਵਿਜ਼ਟਰ ਵੀਜ਼ਾ ਦੇ ਮਾਮਲੇ ਵਿਚ ਸਿਰਫ਼ 49 ਦਿਨ ਦੇ ਅੰਦਰ ਹਰੀ ਝੰਡੀ ਜਾਂ ਲਾਲ ਝੰਡੀ ਦਿਖਾਈ ਜਾ ਰਹੀ ਹੈ। ਵਰਕ ਪਰਮਿਟ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਭਾਰਤ ਤੋਂ ਦਾਖਲ ਹੋਣ ਵਾਲੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਨੂੰ 7 ਹਫ਼ਤੇ ਲੱਗ ਰਹੇ ਹਨ ਜਦਕਿ ਪਹਿਲਾਂ 8 ਹਫ਼ਤੇ ਦਾ ਸਮਾਂ ਲੱਗ ਰਿਹਾ ਸੀ।

ਭਾਰਤੀ ਲੋਕਾਂ ਦੀਆਂ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼

ਪਾਕਿਸਤਾਨ ਦੇ ਮਾਮਲੇ ਵਿਚ ਵਰਕ ਪਰਮਿਟ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਕੋਈ ਤਬਦੀਲੀ ਨਹੀਂ ਆਈ ਅਤੇ 30 ਹਫ਼ਤੇ ਦਾ ਔਸਤ ਸਮਾਂ ਖ਼ਰਚ ਹੋ ਰਿਹਾ ਹੈ। ਸੁਪਰ ਵੀਜ਼ਾ ਦਾ ਜ਼ਿਕਰ ਕੀਤਾ ਜਾਵੇ ਤਾਂ ਭਾਰਤ ਨਾਲ ਸਬੰਧਤ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਹੁਣ 208 ਦਿਨ ਲੱਗ ਰਹੇ ਹਨ ਜਦਕਿ ਫ਼ਰਵਰੀ ਦੇ ਅੰਤ ਵਿਚ ਇਹ ਸਮਾਂ 210 ਦਿਨ ਦਰਜ ਕੀਤਾ ਗਿਆ। ਪਾਕਿਸਤਾਨ ਵਾਲੇ ਇਸ ਮਾਮਲੇ ਵਿਚ ਵੀ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਸਿਰਫ਼ 132 ਦਿਨ ਵਿਚ ਸੁਪਰ ਵੀਜ਼ਾ ਦਿਤਾ ਜਾ ਰਿਹਾ ਹੈ। ਨਾਇਜੀਰੀਆ ਵਾਲਿਆਂ ਦੀਆਂ ਸੁਪਰ ਵੀਜ਼ਾ ਅਰਜ਼ੀਆਂ ਸਿਰਫ਼ 45 ਦਿਨ ਵਿਚ ਪ੍ਰੋਸੈਸ ਹੋ ਰਹੀਆਂ ਹਨ। ਸਟੱਡੀ ਵੀਜ਼ਾ ਐਪਲੀਕੇਸ਼ਨਜ਼ ਦੀ ਪ੍ਰੋਸੈਸਿੰਗ ਪਹਿਲਾਂ ਵਾਗ 4 ਹਫ਼ਤੇ ਵਿਚ ਕੀਤੀ ਜਾ ਰਹੀ ਹੈ ਅਤੇ ਪਾਕਿਸਤਾਨ ਨਾਲ ਸਬੰਧਤ ਅਰਜ਼ੀਆਂ ਪਹਿਲਾਂ ਵਾਂਗ 15 ਹਫ਼ਤੇ ਵਿਚ ਪ੍ਰੋਸੈਸ ਹੋ ਰਹੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਵਿਜ਼ਟਰ ਵੀਜ਼ਾ ਦੇ ਮਾਮਲੇ ਵਿਚ ਭਾਰਤੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਦਸੰਬਰ ਦੇ ਅੰਤ ਤੱਕ ਅਰਜ਼ੀਆਂ ਦੀ ਪ੍ਰੋਸੈਸਿੰਗ ਦਾ ਸਮਾਂ 90 ਦਿਨ ਤੋਂ ਵੱਧ ਦਰਜ ਕੀਤਾ ਗਿਆ ਅਤੇ ਇਸ ਵੇਲੇ ਉਡੀਕ ਸਮਾਂ ਦੋ ਮਹੀਨੇ ਤੋਂ ਵੀ ਘੱਟ ਹੋ ਗਿਆ ਹੈ। ਦੂਜੇ ਪਾਸੇ ਕੈਨੇਡਾ ਵਿਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਸਿਰਫ਼ 18 ਦਿਨ ਵਿਚ ਵਿਜ਼ਟਰ ਵੀਜ਼ਾ ਮਿਲ ਰਿਹਾ ਹੈ।

ਵਰਕ ਪਰਮਿਟ ਅਰਜ਼ੀਆਂ 7 ਹਫ਼ਤੇ ਵਿਚ ਨਿਪਟਾਈਆਂ ਜਾ ਰਹੀਆਂ

ਇੰਮੀਗ੍ਰੇਸ਼ਨ ਵਿਭਾਗ ਦੇ ਅੰਕੜੇ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ 33 ਹਜ਼ਾਰ ਕੱਚੇ ਪ੍ਰਵਾਸੀਆਂ ਨੂੰ ਪੀ.ਆਰ. ਦੇਣ ਦਾ ਐਲਾਨ ਕੀਤਾ ਗਿਆ ਹੈ। ਪਿਛਲੇ ਵਰ੍ਹੇ ਦੌਰਾਨ 98,770 ਭਾਰਤੀਆਂ ਨੂੰ ਕੈਨੇਡਾ ਦੀ ਪੀ.ਆਰ. ਮਿਲੀ ਅਤੇ ਕੁਲ ਵਸੋਂ 29 ਲੱਖ ਦੇ ਨੇੜੇ ਪੁੱਜ ਗਈ। ਅਮਰੀਕਾ ਅਤੇ ਮਲੇਸ਼ੀਆ ਤੋਂ ਬਾਅਦ ਕਿਸੇ ਮੁਲਕ ਵਿਚ ਪੱਕੇ ਤੌਰ ’ਤੇ ਵਸੇ ਭਾਰਤੀ ਲੋਕਾਂ ਦੀ ਆਬਾਦੀ ਕੈਨੇਡਾ ਵਿਚ ਸਭ ਤੋਂ ਵੱਧ ਮੰਨੀ ਜਾ ਸਕਦੀ ਹੈ। ਸਿਟੀਜ਼ਨਸ਼ਿਪ ਅਰਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਪ੍ਰੋਸੈਸਿੰਗ ਵਿਚ ਔਸਤਨ 13 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਜਦਕਿ ਫ਼ਰਵਰੀ ਦੇ ਅੰਤ ਤੱਕ ਔਸਤਨ 14 ਮਹੀਨੇ ਲੱਗ ਰਹੇ ਸਨ। ਕੈਨੇਡੀਅਨ ਸਿਟੀਜ਼ਨਸ਼ਿਪ ਦੀ ਕਤਾਰ ਵਿਚ ਲੱਗੇ ਪ੍ਰਵਾਸੀਆਂ ਦੀ ਗਿਣਤੀ ਤਕਰੀਬਨ 3 ਲੱਖ 13 ਹਜ਼ਾਰ ਬਣਦੀ ਹੈ ਅਤੇ ਇਸ ਅੰਕੜੇ ਵਿਚ ਮਾਮੂਲੀ ਵਾਧਾ ਹੋਇਆ ਹੈ। ਫੈਮਿਲੀ ਸਪੌਂਸਰਸ਼ਿਪ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਮਾਰਚ ਮਹੀਨੇ ਦੌਰਾਨ ਰਲੀ-ਮਿਲੀ ਤਸਵੀਰ ਨਜ਼ਰ ਆ ਰਹੀ ਹੈ। ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਨਾਲ ਸਬੰਧਤ ਸਪੌਂਸਰਸ਼ਿਪ ਅਰਜ਼ੀ ਦੀ ਪ੍ਰੋਸੈਸਿੰਗ ਵਿਚ ਔਸਤਨ 15 ਮਹੀਨੇ ਲੱਗ ਰਹੇ ਹਨ।

Next Story
ਤਾਜ਼ਾ ਖਬਰਾਂ
Share it