Begin typing your search above and press return to search.

ਕੈਨੇਡਾ ਦਾ ਵਿਜ਼ਟਰ ਵੀਜ਼ਾ ਭਾਰਤੀਆਂ ਵਾਸਤੇ ਹੋਇਆ ਔਖਾ

ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਅਰਜ਼ੀਆਂ ਦਾ ਬੈਕਲਾਗ ਵਧ ਕੇ 9 ਲੱਖ 59 ਹਜ਼ਾਰ ਹੋ ਗਿਆ ਹੈ ਅਤੇ ਵਿਜ਼ਟਰ ਵੀਜ਼ਾ ਦੀ ਆਸ ਵਿਚ ਬੈਠੇ ਭਾਰਤੀਆਂ ਦਾ ਉਡੀਕ ਸਮਾਂ ਵਧ ਕੇ 100 ਦਿਨ ਤੱਕ

ਕੈਨੇਡਾ ਦਾ ਵਿਜ਼ਟਰ ਵੀਜ਼ਾ ਭਾਰਤੀਆਂ ਵਾਸਤੇ ਹੋਇਆ ਔਖਾ
X

Upjit SinghBy : Upjit Singh

  |  11 Nov 2025 7:00 PM IST

  • whatsapp
  • Telegram

ਟੋਰਾਂਟੋ : ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਅਰਜ਼ੀਆਂ ਦਾ ਬੈਕਲਾਗ ਵਧ ਕੇ 9 ਲੱਖ 59 ਹਜ਼ਾਰ ਹੋ ਗਿਆ ਹੈ ਅਤੇ ਵਿਜ਼ਟਰ ਵੀਜ਼ਾ ਦੀ ਆਸ ਵਿਚ ਬੈਠੇ ਭਾਰਤੀਆਂ ਦਾ ਉਡੀਕ ਸਮਾਂ ਵਧ ਕੇ 100 ਦਿਨ ਤੱਕ ਪੁੱਜ ਗਿਆ ਹੈ। ਸਭ ਤੋਂ ਵੱਧ ਬੈਕਲਾਗ ਟੈਂਪਰੇਰੀ ਰੈਜ਼ੀਡੈਂਸ ਨਾਲ ਸਬੰਧਤ ਵੀਜ਼ਿਆਂ ਵਿਚ ਦੇਖਣ ਨੂੰ ਮਿਲਿਆ ਹੈ ਅਤੇ 4 ਲੱਖ ਅਰਜ਼ੀਆਂ ਦਾ ਨਿਪਟਾਰਾ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਨਾ ਕੀਤਾ ਜਾ ਸਕਿਆ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਸਤੰਬਰ ਦੇ ਅੰਤ ਤੱਕ ਵਿਚਾਰ ਅਧੀਨ ਅਰਜ਼ੀਆਂ ਦਾ ਅੰਕੜਾ 22 ਲੱਖ ਦਰਜ ਕੀਤਾ ਗਿਆ ਜਿਨ੍ਹਾਂ ਵਿਚੋਂ 12 ਲੱਖ 40 ਹਜ਼ਾਰ ਦੀ ਪ੍ਰੋਸੈਸਿੰਗ ਤੈਅਸ਼ੁਦਾ ਸਮਾਂ ਹੱਦ ਤੋਂ ਪਹਿਲਾਂ ਹੋਣ ਦੇ ਆਸਾਰ ਹਨ।

ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਵਧ ਕੇ 9.59 ਲੱਖ ’ਤੇ ਪੁੱਜਾ

ਸੁਪਰ ਵੀਜ਼ਾ ਦੇ ਮਾਮਲੇ ਵਿਚ ਭਾਰਤੀਆਂ ਦਾ ਉਡੀਕ ਸਮਾਂ 169 ਦਿਨ ਚੱਲ ਰਿਹਾ ਹੈ ਜਦਕਿ ਪਾਕਿਸਤਾਨ ਤੋਂ ਆਈਆਂ ਅਰਜ਼ੀਆਂ ਦੇ ਮਾਮਲੇ ਵਿਚ ਉਡੀਕ ਸਮਾਂ 200 ਦਿਨ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਸ਼੍ਰੇਣੀ ਅਧੀਨ ਉਡੀਕ ਸਮਾਂ 42 ਹਫ਼ਤੇ ਤੱਕ ਪੁੱਜ ਸਕਦਾ ਹੈ ਜਦਕਿ ਕਿਊਬੈਕ ਵਿਚ 50 ਹਫ਼ਤੇ ਦੀ ਉਡੀਕ ਦੱਸੀ ਜਾ ਰਹੀ ਹੈ। ਮਨੁੱਖਤਾ ਜਾਂ ਤਰਸ ਦੇ ਆਧਾਰ ’ਤੇ ਕੈਨੇਡਾ ਵਿਚ ਰਹਿਣ ਦੀ ਇਜਾਜ਼ਤ ਮੰਗਣ ਵਾਲਿਆਂ ਜਿਨ੍ਹਾਂ ਵਿਚ ਅਸਾਇਲਮ ਮੰਗਣ ਵਾਲੇ ਵੀ ਸ਼ਾਮਲ ਹਨ, ਨੂੰ 100 ਤੋਂ 106 ਮਹੀਨੇ ਤੱਕ ਉਡੀਕ ਕਰਨੀ ਪੈ ਸਕਦੀ ਹੈ। ਵਿਚਾਰ ਅਧੀਨ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਨਾਲ ਸਬੰਧਤ ਸਪਾਊਜ਼ ਵੀਜ਼ਾ ਅਰਜ਼ੀਆਂ ਦੀ ਗਿਣਤੀ 45,200 ਦੱਸੀ ਜਾ ਰਹੀ ਹੈ।

ਸੁਪਰ ਵੀਜ਼ਾ ਦਾ ਉਡੀਕ ਸਮਾਂ 169 ਦਿਨ ਹੋਇਆ

ਕੈਨੇਡਾ ਵਿਚ ਮੌਜੂਦ ਜੀਵਨ ਸਾਥੀਆਂ ਨਾਲ ਸਬੰਧਤ ਸਪਾਊਜ਼ ਵੀਜ਼ਾ ਅਰਜ਼ੀਆਂ ਦਾ ਅੰਕੜਾ ਤਕਰੀਬਨ 50 ਹਜ਼ਾਰ ਦੱਸਿਆ ਜਾ ਰਿਹਾ ਹੈ। ਕੈਨੇਡੀਅਨ ਸਿਟੀਜ਼ਨਸ਼ਿਪ ਨਾਲ ਸਬੰਧਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 30 ਸਤੰਬਰ ਤੱਕ 2 ਲੱਖ 59 ਹਜ਼ਾਰ 500 ਮਾਮਲੇ ਵਿਚਾਰ ਅਧੀਨ ਸਨ ਜਿਨ੍ਹਾਂ ਵਿਚੋਂ 80 ਫ਼ੀ ਸਦੀ ਜਾਂ 2 ਲੱਖ 8 ਹਜ਼ਾਰ ਦਾ ਨਿਪਟਾਰਾ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਕੀਤੇ ਜਾਣ ਦੇ ਆਸਾਰ ਹਨ। ਸਿਟੀਜ਼ਨਸ਼ਿਪ ਅਰਜ਼ੀਆਂ ਦਾ ਔਸਤ ਪ੍ਰੋਸੈਸਿੰਗ ਸਮਾਂ 13 ਮਹੀਨੇ ਚੱਲ ਰਿਹਾ ਹੈ ਜਦਕਿ ਪਰਮਾਨੈਂਟ ਰੈਜ਼ੀਡੈਂਸੀ ਨਵਿਆਉਣ ਵਾਲੀਆਂ ਅਰਜ਼ੀਆਂ 29 ਦਿਨ ਦੇ ਅੰਦਰ ਨਿਪਟਾਈਆਂ ਜਾ ਰਹੀਆਂ ਹਨ।

ਮਾਪਿਆਂ ਨੂੰ ਕੈਨੇਡੀਅਨ ਵੀਜ਼ਾ ਲਈ 42 ਹਫ਼ਤੇ ਦੀ ਉਡੀਕ

ਇਸ ਦੇ ਉਲਟ ਪਰਮਾਨੈਂਟ ਰੈਜ਼ੀਡੈਂਸੀ ਨਾਲ ਸਬੰਧਤ ਕੁਲ ਵਿਚਾਰ ਅਧੀਨ ਅਰਜ਼ੀਆਂ 4 ਲੱਖ 31 ਹਜ਼ਾਰ 500 ਦੱਸੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਿਚੋਂ 52 ਫ਼ੀ ਸਦੀ ਬੈਕਲਾਗ ਦੇ ਘੇਰੇ ਵਿਚ ਮੰਨੀਆਂ ਜਾ ਸਕਦੀਆਂ ਹਨ। ਨਵੇਂ ਪੀ.ਆਰ. ਕਾਰਡ ਜਾਰੀ ਕਰਨ ਵਿਚ ਦੋ ਮਹੀਨੇ ਦਾ ਸਮਾਂ ਲਿਆ ਜਾ ਰਿਹਾ ਹੈ ਅਤੇ ਫੈਮਿਲੀ ਸਪੌਂਸਰਸ਼ਿਪ ਦੀਆਂ ਅਰਜ਼ੀਆਂ ਦਾ ਨਿਪਟਾਰਾ ਔਸਤਨ 14 ਮਹੀਨੇ ਵਿਚ ਕੀਤਾ ਜਾ ਰਿਹਾ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਦੱਸਿਆ ਕਿ 2024 ਦੌਰਾਨ ਵੱਖ ਵੱਖ ਸ਼੍ਰੇਣੀਆਂ ਨਾਲ ਸਬੰਧਤ 70 ਲੱਖ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ।

Next Story
ਤਾਜ਼ਾ ਖਬਰਾਂ
Share it