Begin typing your search above and press return to search.

ਕੈਨੇਡਾ : ਕਨਿਸ਼ਕ ਜਹਾਜ਼ ਕਾਂਡ ਦੀ 39ਵੀਂ ਬਰਸੀ ਮੌਕੇ ਸ਼ਰਧਾਂਜਲੀਆਂ

ਕਨਿਸ਼ਕ ਜਹਾਜ਼ ਕਾਂਡ ਦੀ 39ਵੀਂ ਬਰਸੀ ਮੌਕੇ ਕੁਈਨਜ਼ ਪਾਰਕ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਅਜੀਬੋ-ਗਰੀਬ ਮਾਹੌਲ ਬਣ ਗਿਆ ਜਦੋਂ ਇਕ ਪਾਸੇ ਬੰਬ ਕਾਂਡ ਦੇ ਪੀੜਤ ਪਰਵਾਰਾਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਦਿਤੀ ਜਾ ਰਹੀ ਸੀ ਜਦਕਿ ਦੂਜੇ ਪਾਸੇ ਹਰਦੀਪ ਸਿੰਘ ਨਿੱਜਰ ਦੀਆਂ ਤਸਵੀਰਾਂ ਅਤੇ ਖਾਲਿਸਤਾਨੀ ਝੰਡੇ ਲੈ ਕੇ ਇਕ ਧੜਾ ਪੁੱਜ ਗਿਆ।

ਕੈਨੇਡਾ : ਕਨਿਸ਼ਕ ਜਹਾਜ਼ ਕਾਂਡ ਦੀ 39ਵੀਂ ਬਰਸੀ ਮੌਕੇ ਸ਼ਰਧਾਂਜਲੀਆਂ
X

Upjit SinghBy : Upjit Singh

  |  24 Jun 2024 9:39 AM GMT

  • whatsapp
  • Telegram

ਟੋਰਾਂਟੋ : ਕਨਿਸ਼ਕ ਜਹਾਜ਼ ਕਾਂਡ ਦੀ 39ਵੀਂ ਬਰਸੀ ਮੌਕੇ ਕੁਈਨਜ਼ ਪਾਰਕ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਅਜੀਬੋ-ਗਰੀਬ ਮਾਹੌਲ ਬਣ ਗਿਆ ਜਦੋਂ ਇਕ ਪਾਸੇ ਬੰਬ ਕਾਂਡ ਦੇ ਪੀੜਤ ਪਰਵਾਰਾਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਦਿਤੀ ਜਾ ਰਹੀ ਸੀ ਜਦਕਿ ਦੂਜੇ ਪਾਸੇ ਹਰਦੀਪ ਸਿੰਘ ਨਿੱਜਰ ਦੀਆਂ ਤਸਵੀਰਾਂ ਅਤੇ ਖਾਲਿਸਤਾਨੀ ਝੰਡੇ ਲੈ ਕੇ ਇਕ ਧੜਾ ਪੁੱਜ ਗਿਆ। ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਅਤੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਵੱਲੋਂ ਬੰਬ ਕਾਂਡ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸ਼ਰਧਾਂਜਲੀ ਸਮਾਗਮ ਵਿਚ ਕੁਝ ਯਹੂਦੀ ਵੀ ਪੁੱਜੇ ਜਿਨ੍ਹਾਂ ਵੱਲੋਂ ਖਾਲਿਸਤਾਨੀ ਖੌਫ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ ਦਿੰਦੇ ਪੋਸਟਰ ਚੁੱਕੇ ਹੋਏ ਸਨ।

ਟਰੂਡੋ, ਪੌਇਲੀਐਵ ਅਤੇ ਜਗਮੀਤ ਸਿੰਘ ਨੇ ਦਿਤੀ ਸ਼ਰਧਾਂਜਲੀ

ਦੋਹਾਂ ਧਿਰਾਂ ਦਰਮਿਆਨ ਕੋਈ ਤਲਖ ਕਲਾਮੀ ਨਹੀਂ ਹੋਈ ਅਤੇ ਸ਼ਰਧਾਂਜਲੀ ਸਮਾਗਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸੁਨੇਹੇ ਵਿਚ ਕਿਹਾ ਕਿ 39 ਸਾਲ ਪਹਿਲਾਂ ਕੈਨੇਡੀਅਨ ਇਤਿਹਾਸ ਦੇ ਸਭ ਤੋਂ ਖਤਰਨਾਕ ਅਤਿਵਾਦੀ ਹਮਲੇ ਦੌਰਾਨ 329 ਮਾਸੂਮ ਲੋਕਾਂ ਦੀ ਜਾਨ ਚਲੀ ਗਈ ਜਿਨ੍ਹਾਂ ਵਿਚੋਂ 280 ਕੈਨੇਡੀਅਨ ਸਨ। ਕੈਨੇਡਾ ਸਰਕਾਰ ਅਤਿਵਾਦ ਅਤੇ ਹਿੰਸਕ ਵੱਖਵਾਦ ਦੇ ਟਾਕਰੇ ਲਈ ਹਰ ਸੰਭਵ ਕਦਮ ਉਠਾ ਰਹੀ ਹੈ ਅਤੇ ਸਰਕਾਰ ਦੇ ਹਰ ਪੱਧਰ ’ਤੇ ਤਾਲਮੇਲ ਕਾਇਮ ਕੀਤਾ ਗਿਆ ਹੈ। ਕਮਿਊਨਿਟੀ ਰੈਜ਼ੀਲੀਐਂਸ ਫੰਡ ਰਾਹੀਂ ਵੱਖ ਵੱਖ ਜਥੇਬੰਦੀਆਂ ਨੂੰ ਆਰਥਿਕ ਸਹਾਇਤਾ ਦਿਤੀ ਜਾ ਰਹੀ ਹੈ ਤਾਂਕਿ ਹਿੰਸਾ ਦੀਆਂ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਪਿਛਲੇ ਦਿਨੀਂ ਕੈਨੇਡਾ ਸਰਕਾਰ ਵੱਲੋਂ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੂੰ ਅਤਿਵਾਦੀ ਜਥੇਬੰਦੀ ਕਰਾਰ ਦਿਤਾ ਗਿਆ। ਆਪਣੇ ਭਾਈਵਾਲਾਂ ਨਾਲ ਕਦਮ ਵਧਾਉਂਦਿਆਂ ਕੈਨੇਡਾ ਸਰਕਾਰ ਅਤਿਵਾਦ ਦੇ ਖਤਰੇ ਨੂੰ ਰੋਕਣ ਲਈ ਯਤਨਸ਼ੀਲ ਹੈ। ਕਨਿਸ਼ਕ ਜਹਾਜ਼ ਕਾਂਡ ਦੀ ਬਰਸੀ ਮੌਕੇ ਅਸੀਂ ਸਾਰੇ ਨਫ਼ਰਤ, ਅਸਹਿਣਸ਼ੀਲਤਾ ਅਤੇ ਪਾੜੇ ਵਿਰੁੱਧ ਇਕਜੁਟ ਹੋ ਕੇ ਖੜ੍ਹੇ ਹਾਂ। ਇਸੇ ਦੌਰਾਨ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਨੇ ਕਿਹਾ ਕਿ ਏਅਰ ਇੰਡੀਆ ਦੀ ਫਲਾਈਟ 182 ਨਾਲ ਵਾਪਰੀ ਹੌਲਨਾਕ ਵਾਰਦਾਤ ਦੌਰਾਨ 137 ਬੱਚੇ ਅਜਿਹੇ ਸਨ ਜੋ ਆਪਣੇ 18ਵੇਂ ਜਨਮ ਦਿਨ ਤੱਕ ਨਹੀਂ ਪਹੁੰਚ ਸਕੇ। ਸਾਡੇ ਸਮਾਜ ਵਿਚ ਅਜਿਹਾ ਕੋਈ ਨਹੀਂ ਹੋਣਾ ਚਾਹੀਦਾ ਜੋ ਅਤਿਵਾਦ ਰਾਹੀਂ ਮਿਲੇ ਅਸਹਿ ਦਰਦ ਨਾਲ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਵੇ।

ਆਰ.ਸੀ.ਐਮ.ਪੀ. ਨੇ ਕਿਹਾ, ਮਾਮਲੇ ਦੀ ਪੜਤਾਲ ਹੁਣ ਵੀ ਚੱਲ ਰਹੀ

ਅਜੋਕੇ ਸਮੇਂ ਦੌਰਾਨ ਕੈਨੇਡੀਅਨ ਸਕੂਲਾਂ, ਧਾਰਮਿਕ ਥਾਵਾਂ ਅਤੇ ਕਮਿਊਨਿਟੀਜ਼ ਵਿਚ ਹਿੰਸਕ ਵਾਰਦਾਤਾਂ ਵਧਦੀਆਂ ਜਾ ਰਹੀ ਹੈ ਅਤੇ ਕੰਜ਼ਰਵੇਟਿਵ ਪਾਰਟੀ ਲੋਕਾਂ ਨੂੰ ਖੌਫ ਤੋਂ ਆਜ਼ਾਦੀ ਦਿਵਾਉਣ ਅਤੇ ਘੁੱਪ ਹਨੇਰੇ ਨੂੰ ਚਾਨਣ ਰਾਹੀਂ ਖਤਮ ਕਰਨ ਲਈ ਸੰਘਰਸ਼ ਕਰਦੀ ਰਹੇਗੀ। ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ 39 ਸਾਲ ਪਹਿਲਾਂ ਏਅਰ ਇੰਡੀਆ ਬੰਬ ਕਾਂਡ ਦੌਰਾਨ 329 ਜਣਿਆਂ ਦੀ ਮੌਤ ਨੇ ਕਮਿਊਨਿਟੀਜ਼ ਨੂੰ ਹਮੇਸ਼ਾ ਵਾਸਤੇ ਬਦਲ ਦਿਤਾ। ਆਪਣੇ ਦਿਲ ਦੇ ਟੁਕੜਿਆਂ ਨੂੰ ਗਵਾਉਣ ਵਾਲਿਆਂ ਨਾਲ ਮੈਂ ਦੁਖ ਸਾਂਝਾ ਕਰਦਾ ਹਾਂ ਅਤੇ ਅੱਜ ਸਾਨੂੰ ਸ਼ਾਂਤਮਈ ਦੁਨੀਆਂ ਦੀ ਸਿਰਜਣਾ ਵਾਸਤੇ ਇਕਜੁਟ ਹੋਕੇ ਕੰਮ ਕਰਨਾ ਹੋਵੇਗੀ। ਅਸੀਂ ਨਫ਼ਰਤ ਨੂੰ ਕਦੇ ਵੀ ਜਿੱਤਣ ਨਹੀਂ ਦਿਆਂਗੇ। ਦੂਜੇ ਪਾਸੇ ਆਰ.ਸੀ.ਐਮ.ਪੀ. ਨੇ ਕਿਹਾ ਹੈ ਕਿ ਕਨਿਸ਼ਕ ਜਹਾਜ਼ ਕਾਂਡ ਦੀ ਪੜਤਾਲ ਹੁਣ ਵੀ ਚੱਲ ਰਹੀ ਹੈ। ਘਰੇਲੂ ਅਤਿਵਾਦ ਬਾਰੇ ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਲੰਮੀ ਅਤੇ ਗੁੰਝਲਦਾਰ ਪੜਤਾਲ ਸਾਬਤ ਹੋਈ ਹੈ। ਏਅਰ ਇੰਡੀਆ ਬੰਬ ਕਾਂਡ ਦੌਰਾਨ ਮਾਰੇ ਗਏ ਮਾਸੂਮ ਲੋਕਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ 39ਵੀਂ ਬਰਸੀ ਮੌਕੇ ਆਰ.ਸੀ.ਐਮ.ਪੀ. ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ।

Next Story
ਤਾਜ਼ਾ ਖਬਰਾਂ
Share it