ਕੈਨੇਡਾ ਵੱਲੋਂ ਠੱਗ ਇੰਮੀਗ੍ਰੇਸ਼ਨ ਏਜੰਟਾਂ ਵਿਰੁੱਧ ਵੱਡੀ ਕਾਰਵਾਈ
ਕੈਨੇਡਾ ਵਿਚ ਠੱਗ ਇੰਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਪਣੇ ਪੇਸ਼ੇ ਨਾਲ ਇਨਸਾਫ਼ ਨਾ ਕਰਨ ਵਾਲਿਆਂ ਦੇ ਲਾਇਸੰਸ ਧੜਾ-ਧੜ ਰੱਦ ਜਾਂ ਮੁਅੱਤਲ ਕੀਤੇ ਜਾ ਰਹੇ ਹਨ।

By : Upjit Singh
ਟੋਰਾਂਟੋ : ਕੈਨੇਡਾ ਵਿਚ ਠੱਗ ਇੰਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਪਣੇ ਪੇਸ਼ੇ ਨਾਲ ਇਨਸਾਫ਼ ਨਾ ਕਰਨ ਵਾਲਿਆਂ ਦੇ ਲਾਇਸੰਸ ਧੜਾ-ਧੜ ਰੱਦ ਜਾਂ ਮੁਅੱਤਲ ਕੀਤੇ ਜਾ ਰਹੇ ਹਨ। ਸਭ ਤੋਂ ਵੱਡਾ ਨੁਕਸਾਨ ਭਾਰਤੀ ਮੂਲ ਦੇ ਇੰਮੀਗ੍ਰੇਸ਼ਨ ਏਜੰਟਾਂ ਦਾ ਹੋਇਆ ਹੈ ਜਿਨ੍ਹਾਂ ਵਿਚੋਂ ਕੁਝ ਏਜੰਟ ਸਾਊਥ ਏਸ਼ੀਅਨ ਲੋਕਾਂ ਨੂੰ ਕੈਨੇਡੀਅਨ ਵੀਜ਼ਾ ਦਿਵਾਉਣ ਦੇ ਨਾਂ ’ਤੇ ਕਥਿਤ ਗੈਰਵਾਜਬ ਤਰੀਕਿਆਂ ਦੀ ਵਰਤੋਂ ਕਰਦੇ ਹਨ। ਇੰਟਰਨੈਸ਼ਨਲ ਸਟੂਡੈਂਟਸ ਅਤੇ ਆਰਜ਼ੀ ਕਾਮਿਆਂ ਦੀ ਭਰਮਾਰ ਇਸ ਕਾਰਵਾਈ ਦਾ ਮੁੱਖ ਕਾਰਨ ਬਣੀ ਜੋ ਕੈਨੇਡੀਅਨ ਪੀ.ਆਰ. ਹਾਸਲ ਕਰਨ ਵਿਚ ਅਸਫ਼ਲ ਰਹਿਣ ਮਗਰੋਂ ਅਜਿਹੇ ਏਜੰਟਾਂ ਦੇ ਜਾਲ ਵਿਚ ਫਸ ਜਾਂਦੇ ਹਨ।
ਕਈਆਂ ਦੇ ਲਾਇਸੰਸ ਰੱਦ, ਕਈ ਉਤੇ ਬੰਦਿਸ਼ਾਂ ਲਾਗੂ
ਕਾਲਜ ਆਫ਼ ਇੰਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਵੱਲੋਂ ਕੋਤਾਹੀ ਕਰਨ ਵਾਲੇ ਏਜੰਟਾਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ ਅਤੇ ਕਈ ਫਰਮਾਂ ਨੂੰ ਦੋਸ਼ੀ ਕਰਾਰ ਦਿਤਾ ਜਾ ਚੁੱਕਾ ਹੈ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਟ੍ਰਿਬਿਊਨਲ ਦੇ ਫੈਸਲੇ ਮਗਰੋਂ ਵੈਨਕੂਵਰ ਦੀ ਗੈੱਟ ਵੀਜ਼ਾ ਇੰਮੀਗ੍ਰੇਸ਼ਨ ਦੇ ਮਾਲਕ ਰਾਜੇਸ਼ ਰਣਦੇਵ ਦਾ ਲਾਇਸੰਸ ਮਈ 2025 ਵਿਚ ਰੱਦ ਕਰ ਦਿਤਾ ਗਿਆ। ਦੂਜੇ ਪਾਸੇ ਬੀ.ਸੀ. ਦੇ ਡੈਲਟਾ ਸ਼ਹਿਰ ਨਾਲ ਸਬੰਧਤ ਚੰਡੀਗੜ੍ਹ ਇੰਮੀਗ੍ਰੇਸ਼ਨ ਸਰਵਿਸਿਜ਼ ਦੇ ਜੋਗਿੰਦਰ ਸਿੰਘ ਕੰਗ ਅਤੇ ਹਰਿੰਦਰ ਕੌਰ ਕੰਗ ਵੀ ਪੜਤਾਲ ਦੇ ਘੇਰੇ ਵਿਚ ਆ ਗਏ ਅਤੇ ਸੀ.ਆਈ.ਸੀ.ਸੀ. ਵੱਲੋਂ ਜੋਗਿੰਦਰ ਸਿੰਘ ਕੰਗ ਦਾ ਲਾਇਸੰਸ ਰੱਦ ਕਰ ਦਿਤਾ ਗਿਆ ਜਦਕਿ ਹਰਿੰਦਰ ਕੌਰ ਕੰਗ ਉਤੇ ਕਈ ਬੰਦਿਸ਼ਾਂ ਲਾਗੂ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਸ਼ਰਮਾ-ਸਿੰਘ ਇੰਮੀਗ੍ਰੇਸ਼ਨ ਇਨਕਾਰਪੋਰੇਸ਼ਨ ਨਾਲ ਸਬੰਧਤ ਮਾਲਾ ਐਲ.ਐਨ. ਸ਼ਰਮਾ-ਸਿੰਘ ਦਾ ਲਾਇਸੰਸ ਜੂਨ 2025 ਦੌਰਾਨ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿਤਾ ਗਿਆ। ਇਸ ਤੋਂ ਇਲਾਵਾ ਗਲੋਬਲ ਹਾਇਰ ਪਲੇਸਮੈਂਟ ਸਰਵਿਸਿਜ਼ ਅਤੇ ਐਡਮਿੰਟਨ ਦੀ ਕੈਨ ਪੀ.ਆਰ. ਟੈਕਨਾਲੋਜੀਜ਼ ਨਾਲ ਸਬੰਧਤ ਰਿਸ਼ੀ ਕੁਮਾਰ ਮਿੱਤਲ ਦਾ ਲਾਇਸੰਸ ਆਰਜ਼ੀ ਪਾਬੰਦੀਆਂ ਦੇ ਘੇਰੇ ਵਿਚ ਕਸ ਦਿਤਾ ਗਿਆ ਹੈ। ਗੈਰਮੁਨਾਫ਼ੇ ਵਾਲੇ ਜਥੇਬੰਦੀ ਵੰਨ ਵੁਆਇਸ ਕੈਨੇਡਾ ਦੀ ਡਾਇਰੈਕਟਰ ਨੀਰਾ ਅਗਨੀਹੋਤਰੀ ਦਾ ਕਹਿਣਾ ਸੀ ਕਿ ਪ੍ਰਵਾਸੀਆਂ ਦਾ ਲਗਾਤਾਰ ਹੋ ਰਿਹਾ ਸ਼ੋਸ਼ਣ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ। ਇੰਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਐਲ.ਐਮ.ਆਈ.ਏ. ਨੂੰ ਠੱਗੀ ਦਾ ਸਭ ਤੋਂ ਸੌਖਾ ਰਾਹ ਬਣਾਇਆ ਜਾ ਚੁੱਕਾ ਹੈ ਜਿਸ ਦੇ ਇਵਜ਼ ਵਿਚ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਹਨ। ਨੀਰਾ ਅਗਨੀਹੋਤਰੀ ਨੇ ਕਿਹਾ ਕਿ ਕਿਸੇ ਵੀ ਪੇਸ਼ੇ ਵਿਚ ਇਮਾਨਦਾਰੀ ਸਭ ਤੋਂ ਜ਼ਰੂਰੀ ਹੈ ਅਤੇ ਇਕ ਵਾਰ ਤੁਹਾਡੇ ਅਕਸ ਨੂੰ ਦਾਗ ਲੱਗ ਗਿਆ ਤਾਂ ਸਮਝੋ ਸਭ ਕੁਝ ਮਿੱਟੀ।
ਐਲ.ਐਮ.ਆਈ.ਏ. ਨੂੰ ਬਣਾਇਆ ਠੱਗੀ ਦਾ ਹਥਿਆਰ
ਇੰਮੀਗ੍ਰੇਸ਼ਨ ਸਲਾਹਕਾਰ ਦਾ ਕੰਮ ਲੋਕਾਂ ਦੀ ਜ਼ਿੰਦਗੀ ਬਣਾਉਣਾ ਹੁੰਦਾ ਹੈ ਨਾਕਿ ਉਨ੍ਹਾਂ ਦਾ ਭਵਿੱਖ ਤਹਿਸ-ਨਹਿਸ ਕਰਨਾ। ਸਾਡੇ ਕਲਾਈਂਟ ਵੱਡੀਆਂ ਉਮੀਦਾਂ ਅਤੇ ਭਰੋਸੇ ਨਾਲ ਆਉਂਦੇ ਹਨ ਅਤੇ ਅਜਿਹੀਆਂ ਠੱਗੀਆਂ ਸਮੁੱਚੇ ਖੇਤਰ ਨੂੰ ਸ਼ਰਮਸਾਰ ਕਰਦੀਆਂ ਹਨ। ਨੀਰਾ ਅਗਨੀਹੋਤਰੀ ਦਾ ਮੰਨਣਾ ਹੈ ਕਿ ਠੱਗਾਂ ਵਿਰੁੱਧ ਸਖਤ ਕਾਰਵਾਈ ਅਤੇ ਸੁਧਾਰ ਮੁਹਿੰਮ ਰਾਹੀਂ ਜਵਾਬਦੇਹੀ ਤੈਅ ਕਰਨ ਦਾ ਸਫ਼ਰ ਜਲਦ ਤੈਅ ਕੀਤਾ ਜਾ ਸਕਦਾ ਹੈ। ਸ਼ਿਕਾਇਤਾਂ ਉਤੇ ਕਾਰਵਾਈ ਤੇਜ਼ ਹੋ ਰਹੀ ਹੈ ਅਤੇ ਇੰਮੀਗ੍ਰੇਸ਼ਨ ਏਜੰਟਾਂ ਦੇ ਸਤਾਏ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿਤਾ ਜਾ ਰਿਹਾ ਹੈ। ਇਸੇ ਦੌਰਾਨ ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਕਿਹਾ ਕਿ ਬਿਨੈਕਾਰਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਈ ਜਾ ਰਹੀ ਹੈ ਅਤੇ ਠੱਗੀ ਤੋਂ ਬਚਣ ਲਈ ਸਰਕਾਰੀ ਸਰੋਤਾਂ ਰਾਹੀਂ ਜਾਣਕਾਰੀ ਵਰਤਣ ਦਾ ਸੁਝਾਅ ਦਿਤਾ ਗਿਆ ਹੈ।


