ਕੈਨੇਡਾ : ਸਿੱਖ ਕਾਰੋਬਾਰੀ ’ਤੇ ਦੂਜਾ ਜਾਨਲੇਵਾ ਹਮਲਾ
ਸਰੀ ਦੀ ਨਿੱਜਰ ਟ੍ਰਕਿੰਗ ਦੇ ਮਾਲਕ ਰਘਬੀਰ ਸਿੰਘ ਨਿੱਜਰ ਨੂੰ 24 ਘੰਟੇ ਵਿਚ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ

ਸਰੀ : ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ਦੀ ਜ਼ਿੰਦਗੀ ਵੱਡੇ ਖਤਰੇ ਵਿਚ ਘਿਰੀ ਨਜ਼ਰ ਆ ਰਹੀ ਹੈ। ਮਿਸੀਸਾਗਾ ਵਿਖੇ ਸਿੱਖ ਟ੍ਰਾਂਸਪੋਰਟਰ ਹਰਜੀਤ ਸਿੰਘ ਢੱਡਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ ਹੁਣ ਸਰੀ ਦੀ ਨਿੱਜਰ ਟ੍ਰਕਿੰਗ ਦੇ ਮਾਲਕ ਰਘਬੀਰ ਸਿੰਘ ਨਿੱਜਰ ਨੂੰ 24 ਘੰਟੇ ਵਿਚ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਰਘਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਵੀਰਵਾਰ ਵੱਡੇ ਤੜਕੇ ਇਕ ਅਣਪਛਾਤੇ ਬੰਦੂਕਧਾਰੀ ਨੇ ਸਰੀ ਦੇ ਉੱਤਰ-ਪੱਛਮੀ ਇਲਾਕੇ ਵਿਚ ਉਨ੍ਹਾਂ ਦੀ ਟ੍ਰਕਿੰਗ ਕੰਪਨੀ ਦੇ ਦਫ਼ਤਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਮੌਕੇ ’ਤੇ ਪੁੱਜੇ ਸਰੀ ਪੁਲਿਸ ਦੇ ਅਫ਼ਸਰਾਂ ਨੂੰ ਚੱਲੇ ਹੋਏ ਕੁਝ ਕਾਰਤੂਸ ਬਰਾਮਦ ਹੋਏ। ਗੋਲੀਬਾਰੀ ਦੀ ਵਾਰਦਾਤ ਤੋਂ 24 ਘੰਟੇ ਪਹਿਲਾਂ ਬਿਲਕੁਲ ਉਸੇ ਜਗ੍ਹਾ ’ਤੇ ਕੁਝ ਸ਼ੱਕੀਆਂ ਨੇ ਗੱਡੀਆਂ ਦੇ ਸ਼ੀਸ਼ੇ ਤੋੜੇ ਅਤੇ ਗੈਸੋਲੀਨ ਛਿੜਕ ਕੇ ਅੱਗ ਲਾ ਦਿਤੀ।
ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਇਕ ਸਾਲ ਤੋਂ ਆ ਰਹੀਆਂ ਧਮਕੀਆਂ
18 ਜੂਨ ਅਤੇ 19 ਜੂਨ ਦੀ ਸਵੇਰੇ ਵਾਪਰੀਆਂ ਇਨ੍ਹਾਂ ਵਾਰਦਾਤਾਂ ਮਗਰੋਂ ਨਿੱਜਰ ਪਰਵਾਰ ਡਰਿਆ ਹੋਇਆ ਹੈ। ਰਘਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਧਮਕੀਆਂ ਭਰੀਆਂ ਫੋਨ ਕਾਲਜ਼ ਦਾ ਸਿਲਸਿਲਾ ਤਕਰੀਬਨ ਇਕ ਸਾਲ ਪਹਿਲਾਂ ਸ਼ੁਰੂ ਹੋਇਆ ਜਦੋਂ ਕਿਸੇ ਅਣਪਛਾਤੇ ਸ਼ਖਸ ਨੇ ਉਨ੍ਹਾਂ ਦੇ ਦਫ਼ਤਰ ਵਿਚ ਕਾਲ ਕਰਦਿਆਂ ਰਕਮ ਦੀ ਮੰਗ ਕੀਤੀ। ਕਾਲ ਕਰਨ ਵਾਲਾ ਖੁਦ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਦੱਸ ਰਿਹਾ ਸੀ। ਰਘਬੀਰ ਸਿੰਘ ਮੁਤਾਬਕ ਉਨ੍ਹਾਂ ਨੇ ਸਾਰੀ ਜਾਣਕਾਰੀ ਆਰ.ਸੀ.ਐਮ.ਪੀ. ਅਤੇ ਸਰੀ ਪੁਲਿਸ ਨੂੰ ਮੁਹੱਈਆ ਕਰਵਾ ਦਿਤੀ ਪਰ ਹੁਣ ਤੱਕ ਰਕਮ ਮੰਗਣ ਵਾਲਿਆਂ ਦੀਆਂ ਕਾਲਜ਼ ਲਗਾਤਾਰ ਜਾਰੀ ਹੈ। ਰਘਬੀਰ ਸਿੰਘ ਨੇ ਅੱਗੇ ਕਿਹਾ ਕਿ ਉਹ ਬਿਹਤਰ ਅਤੇ ਸੁਰੱਖਿਅਤ ਭਵਿੱਖ ਦੀ ਭਾਲ ਵਿਚ ਕੈਨੇਡਾ ਆਏ ਸਨ। ਕਰੜੀ ਮਿਹਨਤ ਕਰਦਿਆਂ ਉਨ੍ਹਾਂ ਨੇ ਆਪਣਾ ਕਾਰੋਬਾਰ ਸਥਾਪਤ ਕੀਤਾ ਅਤੇ ਹੁਣ ਕੁਝ ਲੋਕ ਇਸ ਮਿਹਨਤ ਵਿਚੋਂ ਹਿੱਸਾ ਮੰਗ ਰਹੇ ਹਨ। ਸਰੀ ਪੁਲਿਸ ਦੇ ਸਟਾਫ਼ ਸਾਰਜੈਂਟ Çਲੰਡਜ਼ੀ ਹੌਟਨ ਵੱਲੋਂ ਨਿੱਜਰ ਟ੍ਰਕਿੰਗ ’ਤੇ ਗੋਲੀਆਂ ਚੱਲਣ ਦੀ ਵਾਰਦਾਤ ਨੂੰ ਫ਼ਿਲਹਾਲ ਐਕਸਟੌਰਸ਼ਨ ਮਾਮਲਿਆਂ ਨਾਲ ਨਹੀਂ ਜੋੜਿਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਹਰ ਸੰਭਾਵਤ ਮਕਸਦ ਉਤੇ ਗੌਰ ਕਰ ਰਹੀ ਹੈ ਅਤੇ ਨਿੱਜਰ ਟ੍ਰਕਿੰਗ ਨਾਲ ਸਬੰਧਤ ਅਤੀਤ ਵਿਚ ਕੀਤੀ ਗਈ ਪੜਤਾਲ ਨੂੰ ਵੀ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਹਫ਼ਤੇ ਮੇਪਲ ਰਿੱਜ ਵਿਖੇ ਜਬਰੀ ਵਸੂਲੀ ਦੇ ਕਥਿਤ ਮਾਮਲੇ ਤਹਿਤ ਇਕ ਘਰ ਉਤੇ ਦੋ ਵਾਰ ਗੋਲੀਆਂ ਚੱਲੀਆਂ। ਕੈਨੇਡਾ ਵਿਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਧਮਕੀ ਭਰੀਆਂ ਫੋਨ ਕਾਲਜ਼ ਜਾਂ ਮੋਟੀ ਰਕਮ ਮੰਗਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ।
ਮੋਟੀ ਰਕਮ ਦੀ ਮੰਗ ਕਰ ਰਹੇ ਕਾਲ ਕਰਨ ਵਾਲੇ
ਸਰੀ ਵਿਖੇ ਇਕ ਬੈਂਕੁਇਟ ਹਾਲ ਦੇ ਮਾਲਕ ਸਤੀਸ਼ ਕੁਮਾਰ ਨੇ ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਤੋਂ 20 ਲੱਖ ਡਾਲਰ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਰਕਮ ਨਾ ਦੇਣ ਦੀ ਸੂਰਤ ਵਿਚ ਪਰਵਾਰ ਸਣੇ ਖ਼ਤਮ ਕਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਸਤੀਸ਼ ਕੁਮਾਰ ਦੇ ਸੱਦੇ ’ਤੇ ਪਿਛਲੇ ਦਿਨੀਂ ਭਾਈਚਾਰੇ ਦਾ ਇਕੱਠ ਹੋਇਆ ਜਿਸ ਵਿਚ ਫੈਡਰਲ, ਪ੍ਰੋਵਿਨਸ਼ੀਅਲ ਅਤੇ ਮਿਊਂਸਪਲ ਸਿਆਸਤਦਾਨਾਂ ਨੇ ਵੀ ਸ਼ਮੂਲੀਅਤ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਛੇ ਮਹੀਨੇ ਦੌਰਾਨ ਜਬਰੀ ਵਸੂਲੀ ਦੀਆਂ ਧਮਕੀਆਂ ਵਾਲੇ 10 ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਪੁਲਿਸ ਕੋਲ ਪੁਜਦੀਆਂ ਹੀ ਨਹੀਂ। ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 604 59 0502 ’ਤੇ ਸੰਪਰਕ ਕੀਤਾ ਜਾਵੇ ਅਤੇ ਫਾਈਲ ਨੰਬਰ 25-50413 ਦਾ ਜ਼ਿਕਰ ਲਾਜ਼ਮੀ ਤੌਰ ’ਤੇ ਕੀਤਾ ਜਾਵੇ।