ਕੈਨੇਡਾ : ਰਿਪੂਦਮਨ ਸਿੰਘ ਮਲਿਕ ਦੇ ਕਾਤਲ ਨੂੰ ਉਮਰ ਕੈਦ
ਕਨਿਸ਼ਕ ਜਹਾਜ਼ ਕਾਂਡ ਦੇ ਸਾਬਕਾ ਸ਼ੱਕੀ ਰਿਪੂਦਮਨ ਸਿੰਘ ਮਲਿਕ ਦੀ ਹੱਤਿਆ ਕਰਨ ਵਾਲੇ ਭਾੜੇ ਦੇ ਕਾਤਲਾਂ ਵਿਚੋਂ ਇਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਅਸਲ ਸਾਜ਼ਿਸ਼ਘਾੜਾ ਹੁਣ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
By : Upjit Singh
ਵੈਨਕੂਵਰ : ਕਨਿਸ਼ਕ ਜਹਾਜ਼ ਕਾਂਡ ਦੇ ਸਾਬਕਾ ਸ਼ੱਕੀ ਰਿਪੂਦਮਨ ਸਿੰਘ ਮਲਿਕ ਦੀ ਹੱਤਿਆ ਕਰਨ ਵਾਲੇ ਭਾੜੇ ਦੇ ਕਾਤਲਾਂ ਵਿਚੋਂ ਇਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਅਸਲ ਸਾਜ਼ਿਸ਼ਘਾੜਾ ਹੁਣ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਬੀ.ਸੀ. ਦੀ ਸੁਪਰੀਮ ਕੋਰਟ ਦੇ ਜਸਟਿਸ ਟੈਰੈਂਸ ਸ਼ਲਟਸ ਨੇ ਸਜ਼ਾ ਦਾ ਐਲਾਨ ਕਰਦਿਆਂ ਕਿਹਾ ਕਿ ਟੈਨਰ ਫੌਕਸ 20 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ। ਉਧਰ ਅਦਾਲਤ ਦੇ ਬਾਹਰ ਰਿਪੂਦਮਨ ਸਿੰਘ ਮਲਿਕ ਦੇ ਪਰਵਾਰ ਵੱਲੋਂ ਭਾੜੇ ਦੇ ਕਾਤਲਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਸਲ ਸਾਜ਼ਿਸ਼ਘਾੜੇ ਦੀ ਪਛਾਣ ਜਨਤਕ ਕਰਨ ਤਾਂਕਿ ਪੁਲਿਸ ਬਣਦੀ ਕਾਰਵਾਈ ਕਰ ਸਕੇ।
ਏਅਰ ਇੰਡੀਆ ਬੰਬ ਕਾਂਡ ਦੇ ਸਾਬਕਾ ਸ਼ੱਕੀ ਦਾ ਅਸਲ ਕਾਤਲ ਹੁਣ ਵੀ ਰੂਪੋਸ਼
ਇਥੇ ਦਸਣਾ ਬਣਦਾ ਹੈ ਕਿ ਰਿਪੂਦਮਨ ਸਿੰਘ ਮਲਿਕ ਨੂੰ 14 ਜੁਲਾਈ 2022 ਨੂੰ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਹਲਾਕ ਕਰ ਦਿਤਾ ਗਿਆ। ਟੈਨਰ ਫੌਕਸ ਨਾਲ ਰਲ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੂਜੇ ਸ਼ਖਸ ਦੀ ਪਛਾਣ ਜੋਜ਼ ਲੋਪੇਜ਼ ਵਜੋਂ ਕੀਤੀ ਗਈ ਜਿਸ ਦੀ ਅਦਾਲਤ ਵਿਚ ਪੇਸ਼ੀ 6 ਫਰਵਰੀ ਨੂੰ ਹੋਵੇਗੀ। ਦੋਹਾਂ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਪਰ ਇਨ੍ਹਾਂ ਨੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਕਬੂਲ ਕਰ ਲਏ। ਉਧਰ ਰਿਪੂਦਮਨ ਸਿੰਘ ਮਲਿਕ ਦੇ ਬੇਟੇ ਜਸਪ੍ਰੀਤ ਸਿੰਘ ਮਲਿਕ ਅਤੇ ਨੂੰਹ ਸੰਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਅਸਲ ਹਤਿਆਰੇ ਬਾਰੇ ਹੁਣ ਤੱਕ ਕੁਝ ਪਤਾ ਨਾ ਲੱਗਣ ਕਾਰਨ ਮਨਾਂ ਵਿਚ ਡਰ ਕਾਇਮ ਹੈ। ਉਨ੍ਹਾਂ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਕੀ ਅਗਲਾ ਨਿਸ਼ਾਨਾ ਅਸੀਂ ਹੋ ਸਕਦੇ ਹਾਂ? ਜਸਪ੍ਰੀਤ ਸਿੰਘ ਵੱਲੋਂ ਟੈਨਰ ਫੌਕਸ ਅਤੇ ਜੋਜ਼ ਲੋਪੇਜ਼ ਦੋਹਾਂ ਨੂੰ ਆਪਣੇ ਜ਼ਮੀਰ ਦੀ ਆਵਾਜ਼ ਸੁਣਨ ਦਾ ਸੱਦਾ ਦਿਤਾ ਅਤੇ ਕਿਹਾ ਕਿ ਅਸਲ ਸਾਜ਼ਿਸ਼ਘਾੜੇ ਦੀ ਪਛਾਣ ਆਰ.ਸੀ.ਐਮ.ਪੀ. ਨੂੰ ਜ਼ਰੂਰ ਦੱਸੀ ਜਾਵੇ।
ਪਰਵਾਰ ਵੱਲੋਂ ਭਾੜੇ ਦੇ ਕਾਤਲਾਂ ਨੂੰ ਸਾਜ਼ਿਸ਼ਘਾੜੇ ਦਾ ਨਾਂ ਦੱਸਣ ਦੀ ਅਪੀਲ
ਜਸਪ੍ਰੀਤ ਸਿੰਘ ਨੇ ਮੀਡੀਆ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਬਗੈਰ ਕਿਸੇ ਆਧਾਰ ਤੋਂ ਕਨਿਸ਼ਕ ਜਹਾਜ਼ ਕਾਂਡ ਨਾਲ ਜੋੜਿਆ ਗਿਆ ਜਦਕਿ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਦੇ ਰੂਪ ਵਿਚ ਵੱਡੀਆਂ ਪ੍ਰਾਪਤੀਆਂ ਨੂੰ ਬਿਹਤਰ ਤਰੀਕੇ ਨਾਲ ਉਭਾਰਿਆ ਨਹੀਂ ਗਿਆ। ਦੂਜੇ ਪਾਸੇ ਟੈਨਰ ਫੌਕਸ ਦੇ ਵਕੀਲ ਰਿਚਰਡ ਫਾਉਲਰ ਨੇ ਦੱਸਿਆ ਕਿ ਉਸ ਮੁਵੱਕਲ ਦਾ ਜਨਮ ਥਾਈਲੈਂਡ ਵਿਚ ਹੋਇਆ ਅਤੇ ਤਿੰਨ ਸਾਲ ਦੀ ਉਮਰ ਵਿਚ ਐਬਟਸਫੋਰਡ ਦੇ ਮਾਪਿਆਂ ਨੇ ਉਸ ਨੂੰ ਗੋਦ ਲੈ ਲਿਆ। ਟੈਨਰ ਫੌਕਸ ਦਾ ਅਸਲ ਪਿਤਾ ਥਾਈਲੈਂਡ ਦੀ ਜੇਲ ਵਿਚ ਬੰਦ ਹੈ। ਫਾਉਲਰ ਨੇ ਦਾਅਵਾ ਕੀਤਾ ਕਿ ਸਕੂਲ ਪੜ੍ਹਾਈ ਦੌਰਾਨ ਟੈਨਰ ਫੌਕਸ ਬਹੁਤ ਚੰਗਾ ਵਿਦਿਆਰਥੀ ਸੀ ਅਤੇ ਉਸ ਨੂੰ ਮੁਤਬੰਨਾ ਪੁੱਤ ਬਣਾਉਣ ਵਾਲੇ ਮਾਪੇ ਹੁਣ ਵੀ ਉਸ ਦੇ ਸੰਪਰਕ ਵਿਚ ਹਨ। ਅਦਾਲਤੀ ਕਾਰਵਾਈ ਦੌਰਾਨ ਟੈਨਰ ਫੌਕਸ ਨੇ ਕਿਹਾ ਕਿ ਉਸ ਨੂੰ ਅਪਰਾਧ ਵਿਚ ਸ਼ਮੂਲੀਅਤ ’ਤੇ ਅਫਸੋਸ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਘਟਨਾਕ੍ਰਮ ਦੀ ਸ਼ੁਰੂਆਤ ਕੌਕੁਇਟਲੈਮ ਤੋਂ ਇਕ ਹੌਂਡਾ ਸੀ.ਆਰ.ਵੀ. ਦੀ ਚੋਰੀ ਨਾਲ ਹੋਈ ਅਤੇ ਤਿੰਨ ਹਫ਼ਤੇ ਬਾਅਦ ਰਿਪੂਦਮਨ ਸਿੰਘ ਮਲਿਕ ਦਾ ਕਤਲ ਕਰ ਦਿਤਾ ਗਿਆ। ਪ੍ਰੌਸੀਕਿਊਟਰ ਮੈਥਿਊ ਸਟੇਸੀ ਨੇ ਦੱਸਿਆ ਕਿ ਟੈਨਰ ਫੌਕਸ ਅਤੇ ਲੋਪੇਜ਼ ਨੇ ਰਿਪੂਦਮਨ ਸਿੰਘ ਮਲਿਕ ਨੂੰ ਤਕਰੀਬਨ ਸੱਤ ਗੋਲੀਆਂ ਮਾਰੀਆਂ। ਪੂਰੇ ਯੋਜਨਾਬੱਧ ਤਰੀਕੇ ਨਾਲ ਇਹ ਕਤਲ ਕੀਤਾ ਗਿਆ ਅਤੇ ਇਸ ਦੇ ਇਵਜ਼ ਵਿਚ ਮੋਟੀ ਰਕਮ ਵੀ ਮਿਲੀ। ਚੇਤੇ ਰਹੇ ਕਿ ਏਅਰ ਇੰਡੀਆ ਬੰਬ ਕਾਂਡ ਦੀ ਪੜਤਾਲ ਵਿਚੋਂ ਰਿਪੂਦਮਨ ਸਿੰਘ ਮਲਿਕ ਨੂੰ ਬਰੀ ਕਰ ਦਿਤਾ ਗਿਆ ਪਰ ਬੰਬ ਤਿਆਰ ਕਰਨ ਵਾਲੇ ਇੰਦਰਜੀਤ ਸਿੰਘ ਰਿਆਤ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿਤਾ ਗਿਆ।