Begin typing your search above and press return to search.

ਕੈਨੇਡਾ ਨੇ ਦਿਤਾ ਅਮਰੀਕਾ ਦੀਆਂ ਟੈਰਿਫ਼ਸ ਦਾ ਜਵਾਬ

ਟਰੰਪ ਦੀਆਂ ਟੈਰਿਫਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗੁਆਂਢੀ ਮੁਲਕ ਤੋਂ ਆਉਣ ਵਾਲੀਆਂ 155 ਅਰਬ ਡਾਲਰ ਮੁੱਲ ਦੀਆਂ ਵਸਤਾਂ ’ਤੇ ਮੋੜਵੀਆਂ ਟੈਰਿਫ਼ਸ ਦਾ ਐਲਾਨ ਕਰ ਦਿਤਾ ਗਿਆ ਹੈ।

ਕੈਨੇਡਾ ਨੇ ਦਿਤਾ ਅਮਰੀਕਾ ਦੀਆਂ ਟੈਰਿਫ਼ਸ ਦਾ ਜਵਾਬ
X

Upjit SinghBy : Upjit Singh

  |  4 March 2025 6:52 PM IST

  • whatsapp
  • Telegram

ਔਟਵਾ : ਕੈਨੇਡਾ ਅਤੇ ਅਮਰੀਕਾ ਦਰਮਿਆਨ ਕਾਰੋਬਾਰੀ ਜੰਗ ਆਰੰਭ ਹੋ ਚੁੱਕੀ ਹੈ ਅਤੇ ਟਰੰਪ ਦੀਆਂ ਟੈਰਿਫਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗੁਆਂਢੀ ਮੁਲਕ ਤੋਂ ਆਉਣ ਵਾਲੀਆਂ 155 ਅਰਬ ਡਾਲਰ ਮੁੱਲ ਦੀਆਂ ਵਸਤਾਂ ’ਤੇ ਮੋੜਵੀਆਂ ਟੈਰਿਫ਼ਸ ਦਾ ਐਲਾਨ ਕਰ ਦਿਤਾ ਗਿਆ ਹੈ। ਉਧਰ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਅਮਰੀਕਾ ਦੀ ਬਿਜਲੀ ਸਪਲਾਈ ਬੰਦ ਕਰਨ, ਅਮਰੀਕਾ ਦੀ ਸ਼ਰਾਬ ’ਤੇ ਪਾਬੰਦੀ ਲਾਉਣ ਅਤੇ ਉਨਟਾਰੀਓ ਤੋਂ ਨਿਕਲ ਐਕਸਪੋਰਟ ਬੰਦ ਕਰਨ ਦੀ ਚਿਤਵਾਨੀ ਦਿੰਦੇ ਸੁਣੇ ਗਏ। ਸੋਮਵਾਰ ਨੂੰ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਕੈਨੇਡਾ ਨੂੰ ਬਹੁਤ ਸਮਾਂ ਦੇ ਦਿਤਾ ਪਰ ਕੋਈ ਰਾਹਤ ਨਾ ਮਿਲ ਸਕੀ ਜਿਸ ਦੇ ਮੱਦੇਨਜ਼ਰ 25 ਫੀ ਸਦੀ ਟੈਰਿਫ਼ਸ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਇਸ ਦੇ ਉਲਟ ਜਸਟਿਨ ਟਰੂਡੋ ਨੇ ਦਲੀਲ ਦਿਤੀ ਕਿ ਅਮਰੀਕਾ ਪੁੱਜਣ ਵਾਲੀ ਫੈਂਟਾਨਿਲ ਦਾ ਇਕ ਫ਼ੀ ਸਦੀ ਤੋਂ ਵੀ ਘੱਟ ਹਿੱਸਾ ਕੈਨੇਡਾ ਦੀ ਸਰਹੱਦ ਰਾਹੀਂ ਦਾਖਲ ਹੁੰਦਾ ਹੈ ਪਰ ਇਸ ਦੇ ਬਾਵਜੂਦ ਫੈਡਰਲ ਸਰਕਾਰ ਇਹ ਰੁਝਾਨ ਰੋਕਣ ਦੇ ਸਿਰਤੋੜ ਯਤਨ ਕਰ ਰਹੀ ਹੈ। ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ 30 ਅਰਬ ਡਾਲਰ ਦੇ ਇੰਪੋਰਟ ਉਤੇ ਤੁਰਤ ਟੈਰਿਫਸ ਲਾਗੂ ਕਰ ਦਿਤੀਆਂ ਗਈਆਂ ਜਦਕਿ 125 ਅਰਬ ਡਾਲਰ ਮੁੱਲ ਦੀਆਂ ਵਸਤਾਂ ’ਤੇ 21 ਦਿਨ ਬਾਅਦ ਟੈਰਿਫ਼ਸ ਲਾਗੂ ਹੋਣਗੀਆਂ। ਟੈਰਿਫਸ ਦਾ ਐਲਾਨ ਹੁੰਦਿਆਂ ਹੀ ਅਮਰੀਕੀ ਸ਼ੇਅਰ ਬਾਜ਼ਾਰ ਵਿਚ 2 ਫੀ ਸਦੀ ਗਿਰਾਵਟ ਦਰਜ ਕੀਤੀ ਗਈ।

155 ਅਰਬ ਡਾਲਰ ਦੀਆਂ ਵਸਤਾਂ ’ਤੇ ਲੱਗੇਗਾ ਟੈਕਸ

ਹੈਰਾਨੀ ਇਸ ਗੱਲ ਦੀ ਹੈ ਕਿ ਟਰੰਪ ਵੱਲੋਂ ਕੈਨੇਡਾ ਤੋਂਆਉਣ ਵਾਲੇ ਤੇਲ ਅਤੇ ਬਿਜਲੀ ’ਤੇ ਸਿਰਫ਼ 10 ਫ਼ੀ ਸਦੀ ਟੈਰਿਫਸ ਲਾਗੂ ਕੀਤੀਆਂ ਗਈਆਂ ਹਨ ਜਦਕਿ ਬਾਕੀ ਉਤਪਾਦਾਂ ’ਤੇ ਟੈਰਿਫ ਦੀ ਦਰ 25 ਫੀ ਸਦੀ ਰੱਖੀ ਗਈ ਹੈ। ਐਨਰਜੀ ਇਨਫ਼ਰਮੇਸ਼ਨ ਐਡਮਨਿਸਟ੍ਰੇਸ਼ਨ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਅਕਤੂਬਰ ਵਿਚ ਅਮਰੀਕਾ ਨੇ ਕੈਨੇਡਾ ਤੋਂ ਰੋਜ਼ਾਨ 46 ਲੱਖ ਬੈਰਲ ਅਤੇ ਮੈਕਸੀਕੋ ਤੋਂ 5.63 ਲੱਖ ਬੈਰਲ ਤੇਲ ਇੰਪੋਰਟ ਕੀਤਾ। ਉਸ ਵੇਲੇ ਅਮਰੀਕਾ ਦੇ ਰੋਜ਼ਾਨਾ ਔਸਤ ਉਤਪਾਦਨ ਤਕਰੀਬਨ 1.35 ਕਰੋੜ ਬੈਰਲ ਦਰਜ ਕੀਤਾ ਗਿਆ। ਪੀਟਰਸਨ ਇੰਸਟੀਚਿਊਟ ਫੌਰ ਇੰਟਰਨੈਸ਼ਨਲ ਇਕਨੌਮਿਕਸ ਅਤੇ ਯੇਲ ਯੂਨੀਵਰਸਿਟੀ ਦੀ ਬਜਟ ਲੈਬ ਦੀ ਰਿਪੋਰਟ ਮੁਤਾਬਕ ਅਮਰੀਕਾ ਦੀਆਂ ਟੈਰਿਫ਼ਸ ਦਾ ਉਸ ਦੇ ਆਪਣੇ ਨਾਗਰਿਕਾਂ ’ਤੇ ਮਾੜਾ ਅਸਰ ਪਵੇਗਾ। ਅਮਰੀਕਾ ਦੇ ਇਕ ਪਰਵਾਰ ਨੂੰ ਔਸਤਨ ਇਕ ਹਜ਼ਾਰ ਡਾਲਰ ਵੱਧ ਖਰਚ ਕਰਨੇ ਹੋਣਗੇ। ਕਾਰਾਂ ਤਿਆਰ ਕਰਨ ਵਾਲੀ ਕੰਪਨੀ ਫੋਰਡ ਅਤੇ ਹੋਲਸੇਲ ਵਿਕਰੀ ਵਾਲੀ ਕੰਪਨੀ ਵਾਲਮਾਰਟ ਵੱਲੋਂ ਆਪਣੇ ਕਾਰੋਬਾਰ ’ਤੇ ਨਾਂਹਪੱਖੀ ਅਸਰ ਪੈਣ ਦੀ ਚਿਤਾਵਨੀ ਪਹਿਲਾਂ ਹੀ ਦਿਤੀ ਜਾ ਚੁੱਕੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਅਤੇ ਮੈਕਸੀਕੋ ਨੇ 2023 ਵਿਚ ਅਮਰੀਕਾ ਤੋਂ ਇਕ ਖਰਬ ਡਾਲਰ ਜਾਂ 85 ਲੱਖ ਕਰੋੜ ਰੁਪਏ ਦਾ ਸਮਾਨ ਖਰੀਦਿਆ ਜਦਕਿ ਦੋਹਾਂ ਵੱਲੋਂ ਅਮਰੀਕਾ ਨੂੰ ਡੇਢ ਖਰਬ ਡਾਲਰ ਮੁੱਲ ਦੀਆਂ ਵਸਤਾਂ ਵੇਚੀਆਂ ਗਈਆਂ। ਡੌਨਲਡ ਟਰੰਪ ਵੱਲੋਂ ਆਰੰਭੀ ਕਾਰੋਬਾਰੀ ਜੰਗ ਦਾ ਸਭ ਤੋਂ ਮਾੜਾ ਅਸਰ ਆਟੋ ਸੈਕਟਰ, ਖੇਤੀ, ਕਲ-ਪੁਰਜ਼ਾ ਕਾਰਖਾਨਿਆਂ ਅਤੇ ਟੈਕਨਾਲੋਜੀ ਸੈਕਟਰ ’ਤੇ ਪਵੇਗਾ। ਇਸੇ ਦੌਰਾਨ ਚੀਨ ਵੱਲੋਂ ਵੀ ਟਰੰਪ ਦੀਆਂ ਟੈਰਿਫਸ ਦੇ ਜਵਾਬ ਵਿਚ ਅਮਰੀਕੀ ਵਸਤਾਂ ’ਤੇ ਮੋੜਵੀਂ ਡਿਊਟੀ ਲਾਉਣ ਦਾ ਐਲਾਨ ਕੀਤਾ ਗਿਆ ਹੈ ਜੋ 10 ਮਾਰਚ ਤੋਂ ਲਾਗੂ ਹੋਵੇਗੀ। ਅਮਰੀਕਾ ਤੋਂ ਚੀਨ ਪੁੱਜਣ ਵਾਲੇ ਖੇਤੀ ਉਤਪਾਦਾਂ ਜਿਵੇਂ ਸੋਇਆਬੀਨ, ਮੱਕੀ, ਫਲ ਅਤੇ ਸਬਜ਼ੀਆਂ ਉਤੇ 10 ਫੀ ਸਦੀ ਵਾਧੂ ਟੈਕਸ ਵਸੂਲ ਕੀਤਾ ਜਾਵੇਗਾ ਜਦਕਿ ਚਿਕਨ, ਕਣਕ ਅਤੇ ਕਪਾਹ ਉਤੇ 15 ਫ਼ੀ ਸਦੀ ਵਾਧੂ ਡਿਊਟੀ ਲਾਗੂ ਕੀਤੀ ਗਈ ਹੈ।

Next Story
ਤਾਜ਼ਾ ਖਬਰਾਂ
Share it