Canada : gangsters ਨਾਲ ਮੱਥਾ ਲਾਉਣ ਦੇ ਰੌਂਅ ਵਿਚ ਪੰਜਾਬੀ
ਕੈਨੇਡਾ ਵਿਚ ਪੰਜਾਬੀਆਂ ਦਾ ਖੂਨ ਉਬਾਲੇ ਮਾਰ ਰਿਹਾ ਹੈ ਅਤੇ ਉਹ ਰਾਤ ਦੇ ਹਨੇਰੇ ਵਿਚ ਗੋਲੀਆਂ ਚਲਾ ਕੇ ਫਰਾਰ ਹੋਣ ਵਾਲਿਆਂ ਨਾਲ ਸਿੱਧਾ ਮੱਥਾ ਲਾਉਣ ਦੇ ਰੌਂਅ ਵਿਚ ਨਜ਼ਰ ਆ ਰਹੇ ਹਨ

By : Upjit Singh
ਸਰੀ : ਕੈਨੇਡਾ ਵਿਚ ਪੰਜਾਬੀਆਂ ਦਾ ਖੂਨ ਉਬਾਲੇ ਮਾਰ ਰਿਹਾ ਹੈ ਅਤੇ ਉਹ ਰਾਤ ਦੇ ਹਨੇਰੇ ਵਿਚ ਗੋਲੀਆਂ ਚਲਾ ਕੇ ਫਰਾਰ ਹੋਣ ਵਾਲਿਆਂ ਨਾਲ ਸਿੱਧਾ ਮੱਥਾ ਲਾਉਣ ਦੇ ਰੌਂਅ ਵਿਚ ਨਜ਼ਰ ਆ ਰਹੇ ਹਨ। ਜੀ ਹਾਂ, ਸਰੀ ਦੇ ਵਸਨੀਕ ਵਿਕਰਮ ਬਾਜਵਾ ਨੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਪੱਤਰ ਲਿਖ ਕੇ 500 ਪਸਤੌਲਾਂ ਦੇ ਲਾਇਸੰਸ ਜਲਦ ਤੋਂ ਜਲਦ ਜਾਰੀ ਕਰਨ ਦੀ ਅਪੀਲ ਕਰਦਿਆਂ ਨਵਾਂ ਵਿਵਾਦ ਛੇੜ ਦਿਤਾ ਹੈ। ਵਿਕਰਮ ਬਾਜਵਾ ਨੇ ਕਿਹਾ ਕਿ ਹਾਲਾਤ ਬੇਕਾਬੂ ਹੋ ਚੁੱਕੇ ਹਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸੁਚੇਤ ਲੋਕਾਂ ਨੂੰ ਇਸ ਖ਼ਤਰੇ ਦਾ ਟਾਕਰਾ ਕਰ ਲਈ ਅੱਗੇ ਆਉਣਾ ਪਵੇਗਾ। ਡਰ ਦੇ ਪਰਛਾਵੇਂ ਹੇਠ ਜ਼ਿੰਦਗੀ ਬਤੀਤ ਕਰ ਰਹੇ ਲੋਕਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਰਵਾਰਾਂ ਨੇ ਆਪਣੀਆਂ ਸਰਗਰਮੀਆਂ ਸੀਮਤ ਕਰ ਦਿਤੀਆਂ ਹਨ। ਬਾਹਰ-ਅੰਦਰ ਜਾਣਾ ਛੱਡ ਦਿਤਾ ਹੈ ਅਤੇ ਹਰ ਵੇਲੇ ਗੋਲੀਆਂ ਚੱਲਣ ਦੀ ਚਿੰਤਾ ਵੱਢ ਵੱਢ ਖਾਂਦੀ ਹੈ।
ਸਰਕਾਰ ਤੋਂ ਮੰਗੇ 500 ਪਸਤੌਲਾਂ ਦੇ ਲਾਇਸੰਸ
ਵਿਕਰਮ ਬਾਜਵਾ ਨੇ ਸਵਾਲੀਆ ਲਹਿਜ਼ ਵਿਚ ਆਖਿਆ ਕਿ ਜੇ ਕੋਈ ਫੋਨ ਕਰ ਕੇ ਇਹ ਕਹਿਣ ਲੱਗੇ ਕਿ ਇਕ ਹਫ਼ਤੇ ਦੇ ਅੰਦਰ 5 ਲੱਖ ਡਾਲਰ ਕੱਢ, ਨਹੀਂ ਤਾਂ ਤੇਰਾ ਬੱਚਾ ਚੁੱਕੇ ਕੇ ਲੈ ਜਾਵਾਂਗੇ ਤਾਂ ਕਿਸੇ ਵੀ ਅਣਖੀ ਇਨਸਾਨ ਨੂੰ ਕਿਹੋ ਜਿਹਾ ਹੁੰਗਾਰਾ ਦੇਣਾ ਚਾਹੀਦਾ ਹੈ? ਕੀ ਆਪਣੇ ਬੱਚੇ ਦਾ ਸਕੂਲ ਜਾਣਾ ਬੰਦ ਕਰ ਦਿਆਂ ਜਾਂ ਆਪਣੀ ਪਤਨੀ ਨੂੰ ਕਹਾਂ ਕਿ ਉਹ ਗਰੌਸਰੀ ਸਟੋਰ ’ਤੇ ਨਾ ਜਾਵੇ ਜਾਂ ਗਹਿਣੇ ਨਾ ਪਾਇਆ ਕਰੇ? ਕੋਸਟ ਮਾਊਂਟੇਨ ਨਿਊਜ਼ ਦੀ ਰਿਪੋਰਟ ਮੁਤਾਬਕ ਜ਼ਮੀਨੀ ਹਾਲਾਤ ਵੱਲ ਇਸ਼ਾਰਾ ਕਰਦਿਆਂ ਵਿਕਰਮ ਬਾਜਵਾ ਨੇ ਦੱਸਿਆ ਕਿ 5 ਲੱਖ ਡਾਲਰ ਸਾਲਾਨਾ ਤੋਂ ਵੱਧ ਕਮਾਈ ਕਰਨ ਵਾਲੇ ਲੋਕਾਂ ਨੂੰ ਜਬਰੀ ਵਸੂਲੀ ਦਾ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ 500 ਹਥਿਆਰਾਂ ਦੇ ਲਾਇਸੰਸ ਜਲਦ ਤੋਂ ਜਲਦ ਮਿਲਣ ਨਾਲ ਸ਼ੱਕੀਆਂ ਦਾ ਟਾਕਰਾ ਕੀਤਾ ਜਾ ਸਕਦਾ ਹੈ। ਵਿਕਰਮ ਬਾਜਵਾ ਮੁਤਾਬਕ ਲੋਅਰ ਮੇਨਲੈਂਡ ਦੇ ਚੈਂਬਰ ਆਫ਼ ਕਾਮਰਸ ਵਿਚ 1,800 ਮੈਂਬਰ ਹਨ ਅਤੇ 500 ਲਾਇਸੰਸ ਮਸਾਂ ਚੌਥਾ ਹਿੱਸਾ ਬਣਦੇ ਹਨ। ਉਨ੍ਹਾਂ ਦਲੀਲ ਦਿਤੀ ਕਿ ਜੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਵੇ ਤਾਂ ਉਹ ਕੀ ਕਰ ਲੈਣਗੇ? ਹਰ ਵੇਲੇ ਮੇਰੇ ਘਰ ਦੇ ਅੱਗੇ ਗੱੜੀ ਖੜ੍ਹੀ ਨਹੀਂ ਕਰ ਸਕਦੇ ਜਿਸ ਨੂੰ ਵੇਖਦਿਆਂ ਖੁਦ ਹਥਿਆਰਬੰਦ ਹੋਣਾ ਜ਼ਿਆਦਾ ਬਿਹਤਰ ਹੈ।ਜਦੋਂ ਗੈਂਗਸਟਰਾਂ ਨੂੰ ਪਤਾ ਲੱਗ ਗਿਆ ਕਿ ਮੇਰੇ ਕੋਲ ਵੀ ਹਥਿਆਰ ਹੈ ਤਾਂ ਉਨ੍ਹਾਂ ਨੇ ਮੇਰੇ ਘਰ ਵੱਲ ਮੂੰਹ ਨਹੀਂ ਕਰਨਾ। ਵਿਕਰਮ ਬਾਜਵਾ ਨੇ ਮੌਜੂਦਾ ਲਾਇਸੰਸਿੰਗ ਪ੍ਰਕਿਰਿਆ ਦੀ ਨਿਖੇਧੀ ਕੀਤੀ ਜਿਸ ਤਹਿਤ 45 ਦਿਨ ਲੱਗ ਸਕਦੇ ਹਨ ਅਤੇ ਕਈ ਮਾਮਲਿਆਂ ਵਿਚ ਸਮਾਂ 120 ਦਿਨ ਤੱਕ ਵੀ ਪੁੱਜ ਜਾਂਦਾ ਹੈ।
ਕਿਹਾ, ਪੁਲਿਸ ਕੋਲ ਸ਼ਿਕਾਇਤ ਕਰਨ ਦਾ ਕੋਈ ਫ਼ਾਇਦਾ ਨਹੀਂ
ਬਾਜਵਾ ਨੇ ਅਮਰੀਕਾ ਦੇ ਸਵੈ-ਰੱਖਿਆ ਕਾਨੂੰਨ ਦਾ ਹਵਾਲਾ ਵੀ ਦਿਤਾ ਅਤੇ ਸਵਾਲ ਉਠਾਇਆ ਕਿ ਜੇ ਅਮਰੀਕਾ ਵਿਚ ਅਜਿਹਾ ਕੋਈ ਕਾਨੂੰਨ ਕੰਮ ਕਰ ਸਕਦਾ ਹੈ ਤਾਂ ਕੈਨੇਡਾ ਵਿਚ ਕਿਉਂ ਨਹੀਂ? ਉਧਰ, ਬ੍ਰਿਟਿਸ਼ ਕੋਲੰਬੀਆ ਦੀ ਲੋਕ ਸੁਰੱਖਿਆ ਮੰਤਰੀ ਨੀਨਾ ਕ੍ਰੀਗਰ ਨੇ ਹਥਿਆਰਬੰਦ ਹੋਣ ਦੇ ਸੱਦਾ ਨੂੰ ਰੱਦ ਕਰ ਦਿਤਾ। ਉਨ੍ਹਾਂ ਕਿਹਾ ਕਿ ਜੇ ਆਮ ਲੋਕ ਵੀ ਹਥਿਆਰਬੰਦ ਹੋ ਕੇ ਮੁਕਾਬਲਾ ਕਰਨਗੇ ਤਾਂ ਪੁਲਿਸ ਉਨ੍ਹਾਂ ਵਿਰੁੱਧ ਦੋਸ਼ ਆਇਦ ਕਰ ਸਕਦੀ ਹੈ। ਕ੍ਰੀਗਰ ਨੇ ਇਹ ਵੀ ਕਿਹਾ ਕਿ ਹਥਿਆਰ ਦਾ ਲਾਇਸੰਸ ਫੈਡਰਲ ਸਰਕਾਰ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਨਾਕਿ ਸੂਬਾ ਸਰਕਾਰ ਦੇ ਅਖਤਿਆਰ ਵਿਚ ਹੈ। ਲੋਕ ਸੁਰੱਖਿਆ ਮੰਤਰੀ ਨੇ ਐਕਸਟੌਰਸ਼ਨ ਦੇ ਇਨ੍ਹਾਂ ਮਾਮਲਿਆਂ ਨਾਲ ਸਖ਼ਤ ਨਾਲ ਨਜਿੱਠਣ ਦੀ ਵਚਨਬੱਧਤਾ ਵੀ ਜ਼ਾਹਰ ਕੀਤੀ। ਇਥੇ ਦਸਣਾ ਬਣਦਾ ਹੈ ਕਿ ਐਕਸਟੌਰਸ਼ਨ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਸਰੀ ਪੁਲਿਸ ਹਾਲ ਹੀ ਪੰਜ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਇਹ ਸਾਰੇ ਸਟੱਡੀ ਵੀਜ਼ਾ ’ਤੇ ਕੈਨੇਡਾ ਆਏ।


