ਕੈਨੇਡਾ : ਪੰਜਾਬੀ ਉਮੀਦਵਾਰ ਚੋਣਾਂ ਵਿਚੋਂ ਕੱਢਿਆ ਬਾਹਰ
ਕੈਨੇਡਾ ਵਿਚ ਚੋਣ ਪ੍ਰਚਾਰ ਦੇ ਦੂਜੇ ਹਫ਼ਤੇ ਦੌਰਾਨ ਕੰਜ਼ਰਵੇਟਿਵ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਇਕ ਦਿਨ ਵਿਚ ਤਿੰਨ ਉਮੀਦਵਾਰਾਂ ਨੂੰ ਹਟਾਉਣਾ ਪਿਆ।

ਔਟਵਾ : ਕੈਨੇਡਾ ਵਿਚ ਚੋਣ ਪ੍ਰਚਾਰ ਦੇ ਦੂਜੇ ਹਫ਼ਤੇ ਦੌਰਾਨ ਕੰਜ਼ਰਵੇਟਿਵ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਇਕ ਦਿਨ ਵਿਚ ਤਿੰਨ ਉਮੀਦਵਾਰਾਂ ਨੂੰ ਹਟਾਉਣਾ ਪਿਆ। ਨਿਊ ਵੈਸਟਮਿੰਸਟਰ-ਬਰਨਬੀ-ਮੇਲਾਰਡਵਿਲ ਪਾਰਲੀਮਾਨੀ ਹਲਕੇ ਤੋਂ ਪੰਜਾਬੀ ਮੂਲ ਦੇ ਉਮੀਦਵਾਰ ਲੌਰੈਂਸ ਸਿੰਘ ਦੀ ਉਮੀਦਵਾਰੀ ਰੱਦ ਕਰ ਦਿਤੀ ਗਈ ਹੈ। ਇਸ ਫੈਸਲੇ ਤੋਂ ਕੁਝ ਘੰਟੇ ਪਹਿਲਾਂ ਉਨਟਾਰੀਓ ਦੇ ਵਿੰਡਸਰ ਇਲਾਕੇ ਤੋਂ ਮਾਰਕ ਮਕੈਂਜ਼ੀ ਨੂੰ ਹਟਾਉਣ ਦਾ ਐਲਾਨ ਹੋਇਆ ਜਦਕਿ ਮੌਂਟਰੀਅਲ ਦੇ ਲੌਰੀਅਰ-ਸੇਂਟ-ਮੈਰੀ ਪਾਰਲੀਮਾਨੀ ਹਲਕੇ ਤੋਂ ਸਟੈਫ਼ਨ ਮਾਰਕਸ ਦੀ ਉਮੀਦਵਾਰੀ ਰੱਦ ਕਰ ਦਿਤੀ ਗਈ। ਕੰਜ਼ਰਵੇਟਿਵ ਪਾਰਟੀ ਵੱਲੋਂ ਲੌਰੈਂਸ ਸਿੰਘ ਦੀ ਉਮੀਦਵਾਰੀ ਰੱਦ ਕਰਨ ਦਾ ਕਾਰਨ ਸਾਂਝਾ ਨਹੀਂ ਕੀਤਾ ਗਿਆ।
ਕੰਜ਼ਰਵੇਟਿਵ ਪਾਰਟੀ ਨੇ ਇਕੋ ਦਿਨ ਵਿਚ 3 ਉਮੀਦਵਾਰ ਹਟਾਏ
ਉਧਰ ਲੌਰੈਂਸ ਸਿੰਘ ਵੱਲੋਂ ਵੀ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਗਈ। ਸਿਆਸਤ ਵਿਚ ਕਦਮ ਰੱਖਣ ਤੋਂ ਪਹਿਲਾਂ ਰੀਅਲ ਅਸਟੇਟ ਏਜੰਟ ਵੱਲੋਂ ਕੰਮ ਕਰਦੇ ਲੌਰੈਂਸ ਸਿੰਘ ਵੱਲੋਂ ਪਿਛਲੇ ਦਿਨੀਂ ਪਾਰਟੀ ਆਗੂ ਪਿਅਰੇ ਪੌਇਲੀਐਵ ਨਾਲ ਚੋਣ ਪ੍ਰਚਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ। ਆਬਾਦੀ ਵਿਚ ਵਾਧੇ ਨੂੰ ਵੇਖਦਿਆਂ ਨਿਊ ਵੈਸਟਮਿੰਸਟਰ-ਬਰਨਬੀ-ਮੇਲਾਰਡਵਿਲ ਪਾਰਲੀਮਾਨੀ ਹਲਕੇ ਵਿਚ ਨਿਊ ਵੈਸਟਮਿੰਸਟਰ ਸ਼ਹਿਰ ਤੋਂ ਇਲਾਵਾ ਬਰਨਬੀ ਦੇ ਪੂਰਬੀ ਹਿੱਸੇ ਅਤੇ ਦੱਖਣ-ਪੱਛਮੀ ਕੌਕੁਇਟਲੈਮ ਦੇ ਇਲਾਕੇ ਆਉਂਦੇ ਹਨ। 2021 ਦੀਆਂ ਚੋਣਾਂ ਵਿਚ ਇਥੋਂ ਐਨ.ਡੀ.ਪੀ. ਦੇ ਪੀਟਰ ਜੂਲੀਅਨ ਜੇਤੂ ਰਹੇ ਸਨ। ਦੂਜੇ ਪਾਸੇ ਵਿੰਡਸਰ-ਟਕਮਸਾਅ-ਲੇਕਸ਼ੋਰ ਤੋਂ ਟੋਰੀ ਉਮੀਦਵਾਰ ਮਕੈਂਜ਼ੀ ਨੂੰ ਅਤੀਤ ਵਿਚ ਜਨਤਕ ਤੌਰ ’ਤੇ ਸਜ਼ਾ-ਏ-ਮੌਤ ਦੀ ਹਮਾਇਤ ਕੀਤੇ ਜਾਣ ਦੇ ਮਾਮਲੇ ਵਿਚ ਹਟਾ ਦਿਤਾ ਗਿਆ। ਲੌਰੀਅਰ-ਸੇਂਟ-ਮੈਰੀ ਤੋਂ ਉਮੀਦਵਾਰ ਸਟੈਫ਼ਨ ਮਾਰਕਸ ਨੂੰ ਸੋਸ਼ਲ ਮੀਡੀਆ ਰਾਹੀਂ ਕੌਵਿਡ 19, ਵੈਕਸੀਨ ਅਤੇ ਯੂਕਰੇਨ ਉਤੇ ਹਮਲੇ ਪਿੱਛੇ ਸਾਜ਼ਿਸ਼ਾਂ ਜ਼ਿੰਮੇਵਾਰ ਹੋਣ ਦੀਆਂ ਟਿੱਪਣੀਆਂ ਕੀਤੇ ਜਾਣ ਕਰ ਕੇ ਉਮੀਦਵਾਰੀ ਤੋਂ ਹਟਾਇਆ ਗਿਆ। ਮਾਰਕਸ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਲਿਖਿਆ, ‘‘ਕਿਊਬੈਕ ਵਿਚ ਕੰਜ਼ਰਵੇਟਿਵ ਪਾਰਟੀ ਦੇ ਅਹੁਦੇਦਾਰਾਂ ਤੋਂ ਮਿਲੇ ਸੁੁਨੇਹੇ ਵਿਚ ਟਿੱਪਣੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਸਿਆਸੀ ਭਾਈਵਾਲੀ ਅੱਗੇ ਨਹੀਂ ਵਧਾਈ ਜਾ ਸਕਦੀ।’’
ਵੈਸਟਮਿੰਸਟਰ ਤੋਂ ਉਮੀਦਵਾਰ ਸੀ ਲੌਰੈਂਸ ਸਿੰਘ
ਮਾਰਕਸ ਵੱਲੋਂ ਇਕ ਕਾਰਟੂਨ ਵੀ ਨੱਥੀ ਕੀਤਾ ਗਿਆ ਹੈ ਜਿਸ ਵਿਚ ਇਕ ਸ਼ਖਸ ਦੇ ਸਿਰ ’ਤੇ ਬਟਨ ਫਿਟ ਕੀਤਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਮਾਰਕਸ ਵੱਲੋਂ ਹਾਲ ਹੀ ਵਿਚ ਸੋਸ਼ਲ ਮੀਡੀਆ ਰਾਹੀਂ ਸੱਜੇ ਪੱਖੀਆਂ ਨਾਲ ਸਬੰਧਤ ਸਾਜ਼ਿਸ਼ਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਵਿਚੋਂ ਇਕ ਬਿਲ ਗੇਟਸ ਬਾਰੇ ਸੀ। ਮਾਰਕਸ ਨੇ ਲਿਖਿਆ ਕਿ ਬਿਲ ਗੇਟਸ ਵੈਕਸੀਨ ਰਾਹੀਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੇ ਯਤਨ ਤਹਿਤ ਪਬਲਿਕ ਹੈਲਥ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹ ਰਹੇ ਹਨ। ਮਾਰਕਸ ਇਥੇ ਹੀ ਨਹੀਂ ਰੁਕੇ ਅਤੇ ਯੂਕਰੇਨ ਜੰਗ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਨਾਟੋ ਦੇ ਵਿਸਤਾਰ ਤੋਂ ਭੜਕਿਆ ਰੂਸ, ਯੂਕਰੇਨ ਉਤੇ ਹਮਲਾ ਕਰਨ ਲਈ ਮਜਬੂਰ ਹੋ ਗਿਆ। ਮਾਰਕਸ ਵੱਲੋਂ ਸੋਸ਼ਲ ਮੀਡੀਆ ਰਾਹੀਂ ਲਿਬਰਲ ਆਗੂ ਮਾਰਕ ਕਾਰਨੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਕੈਨੇਡਾ ਦੇ ਆਰਥਿਕ ਹਾਲਾਤ ਦਾ ਫਾਇਦਾ ਉਠਾਉਣ ਵਾਲਾ ਸਾਬਕਾ ਬੈਂਕਰ ਕਰਾਰ ਦਿਤਾ। ਸਮੁੱਚੇ ਹਾਲਾਤ ਉਤੇ ਗੌਰ ਕਰਨ ਮਗਰੋਂ ਕੰਜ਼ਰਵੇਟਿਵ ਪਾਰਟੀ ਦੇ ਸਪੋਕਸਪਰਸਨ ਵੱਲੋਂ ਮਾਰਕਸ ਦੀ ਉਮੀਦਵਾਰੀ ਰੱਦ ਕਰਨ ਦੀ ਤਸਦੀਕ ਕਰ ਦਿਤੀ ਗਈ।