ਕੈਨੇਡਾ : ਟਰੱਕ ਚੋਰੀ ਕਰਨ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ
ਕੈਨੇਡਾ ਵਿਚ ਭਰੇ-ਭਰਾਏ ਟ੍ਰੇਲਰ ਚੋਰੀ ਹੋਣ ਦੀਆਂ ਵਧਦੀਆਂ ਵਾਰਦਾਤਾਂ ਦਰਮਿਆਨ ਬਰੈਂਪਟਨ ਦੇ ਸਤਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਦਿਆਂ 13 ਦੋਸ਼ ਆਇਦ ਕੀਤੇ ਹਨ

By : Upjit Singh
ਬਰੈਂਪਟਨ : ਕੈਨੇਡਾ ਵਿਚ ਭਰੇ-ਭਰਾਏ ਟ੍ਰੇਲਰ ਚੋਰੀ ਹੋਣ ਦੀਆਂ ਵਧਦੀਆਂ ਵਾਰਦਾਤਾਂ ਦਰਮਿਆਨ ਬਰੈਂਪਟਨ ਦੇ ਸਤਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਦਿਆਂ 13 ਦੋਸ਼ ਆਇਦ ਕੀਤੇ ਹਨ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ 24 ਸਾਲਾ ਸਤਵਿੰਦਰ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ 7 ਦੋਸ਼ ਆਇਦ ਕੀਤੇ ਗਏ ਹਨ ਜਦਕਿ ਵ੍ਹੀਕਲ ਆਇਡੈਂਟੀਫ਼ੀਕੇਸ਼ਨ ਨੰਬਰ ਨਾਲ ਛੇੜਛਾੜ ਕਰਨ ਦੇ 6 ਦੋਸ਼ ਵੱਖਰੇ ਤੌਰ ’ਤੇ ਲਾਏ ਗਏ ਹਨ। ਜਾਂਚਕਰਤਾਵਾਂ ਮੁਤਾਬਕ ਕੈਲੇਡਨ ਵਿਖੇ ਕਿਰਾਏ ’ਤੇ ਲਈ ਇਕ ਖੁੱਲ੍ਹੀ ਥਾਂ ਵਿਚ ਖੜ੍ਹੇ ਛੇ ਟ੍ਰੇਲਰ ਬਰਾਮਦ ਕੀਤੇ ਗਏ ਜੋ ਚੋਰੀਸ਼ੁਦਾ ਸਨ ਅਤੇ ਇਨ੍ਹਾਂ ਦੇ ਆਇਡੈਂਟੀਫ਼ੀਕੇਸ਼ਨ ਨੰਬਰ ਬਦਲ ਦਿਤੇ ਗਏ।
24 ਸਾਲ ਦੇ ਸਤਵਿੰਦਰ ਸਿੰਘ ਨੂੰ ਮਿਲੀ ਜ਼ਮਾਨਤ
ਆਊਟਡੋਰ ਸਪੇਸ ਕਿਰਾਏ ’ਤੇ ਲੈਣ ਵਾਲਾ ਸ਼ੱਕੀ ਸਤਵਿੰਦਰ ਸਿੰਘ ਨਿਕਲਿਆ ਅਤੇ ਸਾਰੇ 6 ਟ੍ਰੇਲਰਾਂ ਦੇ ਨੰਬਰ ਫਰਜ਼ੀ ਸਨ। ਟ੍ਰੇਲਰਾਂ ਦੀ ਤਲਾਸ਼ੀ ਦੌਰਾਨ 56 ਹਜ਼ਾਰ ਡਾਲਰ ਮੁੱਲ ਦਾ ਸਮਾਨ ਵੀ ਜ਼ਬਤ ਕੀਤਾ ਗਿਆ ਜੋ ਪਿਛਲੇ ਦਿਨੀਂ ਵੱਖ ਵੱਖ ਥਾਵਾਂ ਤੋਂ ਚੋਰੀ ਹੋਣ ਦੀ ਰਿਪੋਰਟ ਸਾਹਮਣੇ ਆਈ ਸੀ। ਸਤਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਅਤੇ ਜਲਦ ਹੀ ਅਦਾਲਤ ਵਿਚ ਉਸ ਦੀ ਪੇਸ਼ੀ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਪੀਲ ਰੀਜਨਲ ਪੁਲਿਸ ਨੇ ਪਿਛਲੇ ਦਿਨੀਂ ਬਿਲਕੁਲ ਇਸੇ ਕਿਸਮ ਦੇ ਮਾਮਲੇ ਵਿਚ ਮਨਜਿੰਦਰ ਸਿੰਘ ਧਾਲੀਵਾਲ, ਹਰਮੇਸ਼ ਲਾਲ ਅਤੇ ਰਾਜਵੰਤ ਸਿੰਘ ਨੂੰ ਕਾਬੂ ਕੀਤਾ ਸੀ। ਪੁਲਿਸ ਨੇ ਇਕ ਚੋਰੀਸ਼ੁਦਾ ਟ੍ਰਾਂਸਪੋਰਟ ਟਰੱਕ ਬਰਾਮਦ ਕਰਦਿਆਂ ਇਹ ਕਾਰਵਾਈ ਕੀਤੀ ਜੋ ਕੁਝ ਦਿਨ ਪਹਿਲਾਂ ਮਿਸੀਸਾਗਾ ਦੇ ਡਿਕਸੀ ਰੋਡ ਅਤੇ ਮਾਯਰਸਾਈਡ ਡਰਾਈਵ ਇਲਾਕੇ ਵਿਚੋਂ ਚੋਰੀ ਹੋਇਆ ਸੀ। ਇਸ ਤੋਂ ਇਲਾਵਾ ਦੋ ਟ੍ਰਾਂਸਪੋਰਟ ਟ੍ਰੇਲਰ ਚੋਰੀ ਹੋਣ ਦੀ ਸ਼ਿਕਾਇਤ ਵੀ ਪੁਲਿਸ ਕੋਲ ਪੁੱਜੀ। ਫ਼ਿਲਹਾਲ ਪੁਲਿਸ ਵੱਲੋਂ ਸਤਵਿੰਦਰ ਸਿੰਘ ਦੀ ਗ੍ਰਿਫ਼ਤਾਰ ਨੂੰ ਤਿੰਨ ਹੋਰਨਾਂ ਭਾਰਤੀਆਂ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਨਹੀਂ ਦੱਸਿਆ ਗਿਆ। ਪੀਲ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 453 2121 ਐਕਸਟੈਨਸ਼ਨ 3310 ’ਤੇ ਕਾਲ ਕੀਤੀ ਜਾ ਸਕਦੀ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


