ਕੈਨੇਡਾ : 3 ਪੰਜਾਬੀ ਗੈਂਗਸਟਰਾਂ ਦੀ ਜਾਇਦਾਦ ਹੋਵੇਗੀ ਜ਼ਬਤ
ਕੈਨੇਡਾ ਵਿਚ ਕਤਲ ਅਤੇ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਿੰਨ ਪੰਜਾਬੀ ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਗਵਿੰਦਰ ਸੀਖਮ, ਨਵਪ੍ਰੀਤ ਧਾਲੀਵਾਲ ਅਤੇ ਅਨਮੋਲ ਸੰਧੂ ਦੀਆਂ ਚਾਰ ਜਾਇਦਾਦਾਂ ਦੀ ਕੁਲ ਕੀਮਤ 60 ਲੱਖ ਡਾਲਰ ਦੱਸੀ ਜਾ ਰਹੀ
By : Upjit Singh
ਵੈਨਕੂਵਰ : ਕੈਨੇਡਾ ਵਿਚ ਕਤਲ ਅਤੇ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਿੰਨ ਪੰਜਾਬੀ ਗੈਂਗਸਟਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਗਵਿੰਦਰ ਸੀਖਮ, ਨਵਪ੍ਰੀਤ ਧਾਲੀਵਾਲ ਅਤੇ ਅਨਮੋਲ ਸੰਧੂ ਦੀਆਂ ਚਾਰ ਜਾਇਦਾਦਾਂ ਦੀ ਕੁਲ ਕੀਮਤ 60 ਲੱਖ ਡਾਲਰ ਦੱਸੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਦੋ ਵੱਡੇ ਮਕਾਨ ਅਤੇ ਦੋ ਕੌਂਡੋਜ਼ ਦੱਸੇ ਜਾ ਰਹੇ ਹਨ। ਡਾਇਰੈਕਟਰ ਆਫ ਸਿਵਲ ਫੌਰਫਿਚਰ ਨੇ ਦਾਅਵਾ ਕੀਤਾ ਹੈ ਕਿ ਗਵਿੰਦਰ ਸੀਖਮ ਵੱਲੋਂ ਇਕ ਗਿਰੋਹ ਕਾਇਮ ਕਰਦਿਆਂ ਆਪਣੇ ਸਾਥੀਆਂ ਨਵਪ੍ਰੀਤ ਧਾਲੀਵਾਲ ਅਤੇ ਅਨਮੋਲ ਸੰਧੂ ਨੂੰ ਨਸ਼ਾ ਤਸਕਰੀ ਅਤੇ ਕਤਲ ਦੀਆਂ ਵਾਰਦਾਤਾਂ ਅੰਜਾਮ ਦੇਣ ਦੀ ਹਦਾਇਤ ਦਿਤੀ ਗਈ। ਦੂਜੇ ਪਾਸੇ ਐਬਸਫੋਰਡ ਪੁਲਿਸ ਵੱਲੋਂ ਪ੍ਰੌਜੈਕਟ ਹਾਈ ਟੇਬਲ ਅਧੀਨ ਕੀਤੀ ਪੜਤਾਲ ਦੇ ਆਧਾਰ ’ਤੇ ਬੀਤੇ ਫਰਵਰੀ ਮਹੀਨੇ ਦੌਰਾਨ ਤਿੰਨੋ ਜਣਿਆਂ ਵਿਰੁੱਧ ਕਤਲ ਦੀ ਸਾਜ਼ਿਸ਼ ਘੜਨ ਅਤੇ ਨਸ਼ਾ ਤਸਕਰੀ ਦੇ ਦੋਸ਼ ਆਇਦ ਕੀਤੇ ਗਏ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਐਬਸਫੋਰਡ ਪੁਲਿਸ ਦੇ ਕਾਂਸਟੇਬਲ ਆਰਟ ਸਟੇਲ ਮੁਤਾਬਕ ਮੁਢਲੇ ਤੌਰ ’ਤੇ ਪੜਤਾਲ ਅਨਮੋਲ ਸੰਧੂ ਅਤੇ ਨਵਪ੍ਰੀਤ ਧਾਲੀਵਾਲ ਦੁਆਲੇ ਕੇਂਦਰਤ ਰਹੀ ਪਰ ਇਸ ਮਗਰੋਂ ਤਿੰਨੋ ਜਣਿਆਂ ਦਰਮਿਆਨ ਲਗਾਤਾਰ ਹੋਏ ਸੰਪਰਕ ਦੇ ਆਧਾਰ ’ਤੇ ਕਾਫੀ ਕੁਝ ਉਭਰ ਕੇ ਸਾਹਮਣੇ ਆਇਆ।
60 ਲੱਖ ਡਾਲਰ ਬਣਦੀ ਹੈ 4 ਘਰਾਂ ਦੀ ਕੀਮਤ
ਪੁਲਿਸ ਕੋਲ ਇਸ ਗੱਲ ਦੇ ਪੁਖਤਾ ਸਬੂਤ ਮੌਜੂਦ ਹਨ ਕਿ ਇਨ੍ਹਾਂ ਵੱਲੋਂ ਵਿਰੋਧੀ ਗਿਰੋਹਾਂ ਦੇ ਮੈਂਬਰਾਂ ਨੂੰ ਕਤਲ ਕਰਨ ਦੀ ਵਿਉਂਤਬੰਦੀ ਕੀਤੀ ਗਈ ਪਰ ਸਮਾਂ ਰਹਿੰਦੇ ਪਤਾ ਲੱਗਣ ਕਾਰਨ ਹਰ ਸਾਜ਼ਿਸ਼ ਨਾਕਾਮ ਹੋ ਗਈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਗਸਤ 2022 ਵਿਚ ਆਰੰਭੀ ਪੜਤਾਲ ਮਗਰੋਂ ਨਵੰਬਰ ਵਿਚ ਅਨਮੋਲ ਸੰਧੂ ਅਤੇ ਨਵਪ੍ਰੀਤ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਦੇ ਮੋਬਾਈਲ ਫੋਨ ਦੀ ਤਲਾਸ਼ੀ ਲੈਣ ਦੇ ਵਾਰੰਟ ਹਾਸਲ ਕਰ ਲਏ ਅਤੇ ਇਸ ਦੌਰਾਨ ਵੱਡੀ ਜਾਣਕਾਰੀ ਸਾਹਮਣੇ ਆਈ। ਮੋਬਾਈਲ ਫੋਨ ਰਾਹੀਂ ਰੀਅਲ ਅਸਟੇਟ ਵਿਚ ਮੋਟੀ ਰਕਮ ਨਿਵੇਸ਼ ਕਰਨ ਬਾਰੇ ਵੀ ਪਤਾ ਲੱਗਾ। ਸਰੀ ਦੇ 20 ਐਵੇਨਿਊ ਅਤੇ 23 ਐਵੇਨਿਊ ਵਿਖੇ ਦੋ ਆਲੀਸ਼ਾਨ ਘਰਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਦਾ ਮਾਲਕ ਗਵਿੰਦਰ ਸੀਖਮ ਹੈ ਅਤੇ ਇਨ੍ਹਾਂ ਦੀ ਕੀਮਤ 40 ਲੱਖ ਡਾਲਰ ਬਣਦੀ ਹੈ। 20 ਐਵੇਨਿਊ ਵਾਲਾ ਘਰ ਮਈ 2020 ਵਿਚ ਮੌਰਗੇਜ ਰਾਹੀਂ ਖਰੀਦਿਆ ਜਦਕਿ 23 ਐਵੇਨਿਊ ਵਾਲੀ ਜਾਇਦਾਦ ਮਈ 2023 ਵਿਚ ਕਰਜ਼ਾ ਲੈ ਕੇ ਖਰੀਦੀ ਗਈ। ਦੂਜੇ ਪਾਸੇ ਸਰੀ ਦੇ ਵਾਟਸਨ ਡਰਾਈਵ ਇਲਾਕੇ ਵਿਚ ਇਕ ਕੌਂਡੋ ਦਾ ਮਾਲਕ ਨਵਪ੍ਰੀਤ ਧਾਲੀਵਾਲ ਦਾ ਰਿਸ਼ਤੇਤਾਰ ਨਿਕਲਿਆ ਜਦਕਿ ਅਨਮੋਲ ਸੰਧੂ ਦੇ ਇਕ ਰਿਸ਼ਤੇਦਾਰ ਨੇ ਮਾਰਚ 2022 ਵਿਚ ਲੈਂਗਲੀ ਦੇ 55 ਐਵੇਨਿਊ ਵਿਖੇ ਇਕ ਕੌਂਡੋ ਖਰੀਦਿਆ। ਦੋਹਾਂ ਕੌਂਡੋਜ਼ ਦੀ ਕੀਮਤ ਕ੍ਰਮਵਾਰ 9 ਲੱਖ 47 ਹਜ਼ਾਰ ਡਾਲਰ ਅਤੇ 8 ਲੱਖ 94 ਹਜ਼ਾਰ ਡਾਲਰ ਦੱਸੀ ਜਾ ਰਹੀ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 11 ਜੂਨ 2022 ਤੋਂ 10 ਨਵੰਬਰ 2022 ਦਰਮਿਆਨ ਗਵਿੰਦਰ ਸੀਖਮ ਨੇ ਪੰਜ ਜਣਿਆਂ ਦੇ ਕਤਲ ਦੀ ਸਾਜ਼ਿਸ਼ ਘੜੀ ਅਤੇ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਨਵਪ੍ਰੀਤ ਧਾਲੀਵਾਲ ਤੇ ਅਨਮੋਲ ਸੰਧੂ ਨੂੰ ਦਿਤੀ। ਦੂਜੇ ਪਾਸੇ ਸੂਬਾ ਸਰਕਾਰ ਦੀ ਏਜੰਸੀ ਵੱਲੋਂ ਇਕ ਮਰਸਡੀਜ਼ ਕਾਰ ਵੀ ਜ਼ਬਤ ਕੀਤੀ ਜਾ ਰਹੀ ਹੈ ਜੋ ਗਵਿੰਦ ਦੀ ਕੰਪਨੀ ਲਿਮਿਟਲੈਸ ਫਾਇਨੈਂਸ਼ੀਅਲ ਦੇ ਨਾਂ ਰਜਿਸਟਰਡ ਹੈ। ਇਥੇ ਦਸਣਾ ਬਣਦਾ ਹੈ ਕਿ ਬੀਤੀ 21 ਫਰਵਰੀ ਨੂੰ ਮਾਰੇ ਗਏ ਛਾਪੇ ਦੌਰਾਨ ਐਬਸਫੋਰਡ ਪੁਲਿਸ ਵੱਲੋਂ 80 ਹਜ਼ਾਰ ਡਾਲਰ ਨਕਦ, ਛੇ ਕਿਲੋ ਫੈਂਟਾਨਿਲ, ਦੋ ਕਿਲੋ ਕੋਕੀਨ ਅਤੇ ਹੈਰੋਇਨ ਤੇ ਮੈਥਮਫੈਟਾਮਿਨ ਵੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਦੋ ਪਸਤੌਲਾਂ ਅਤੇ ਪੰਜ ਜੀ.ਪੀ.ਐਸ. ਟ੍ਰੈਕਰ ਵੱਖਰੇ ਤੌਰ ’ਤੇ ਬਰਾਮਦ ਹੋਣ ਦੀ ਰਿਪੋਰਟ ਹੈ। ਫਿਲਹਾਲ ਬਚਾਅ ਪੱਖ ਵੱਲੋਂ ਇਸ ਮਾਮਲੇ ਵਿਚ ਕੋਈ ਬਿਆਨ ਦਾਇਰ ਨਹੀਂ ਕੀਤਾ ਗਿਆ।