Begin typing your search above and press return to search.

ਕੈਨੇਡਾ ਦੇ ਡਾਕ ਮੁਲਾਜ਼ਮਾਂ ਦੀ ਹੜਤਾਲ ਫ਼ਿਲਹਾਲ ਟਲੀ

ਕੈਨੇਡਾ ਦੇ ਡਾਕ ਮੁਲਾਜ਼ਮਾਂ ਵੱਲੋਂ ਫ਼ਿਲਹਾਲ ਆਪਣੀ ਹੜਤਾਲ ਟਾਲ ਦਿਤੀ ਗਈ ਹੈ ਪਰ ਅੱਜ ਵੀ ਕੋਈ ਢੁਕਵਾਂ ਹੱਲ ਨਾ ਨਿਕਲਣ ਦੀ ਸੂਰਤ ਵਿਚ ਕੰਮਕਾਜ ਠੱਪ ਹੋ ਸਕਦਾ ਹੈ।

ਕੈਨੇਡਾ ਦੇ ਡਾਕ ਮੁਲਾਜ਼ਮਾਂ ਦੀ ਹੜਤਾਲ ਫ਼ਿਲਹਾਲ ਟਲੀ
X

Upjit SinghBy : Upjit Singh

  |  23 May 2025 5:38 PM IST

  • whatsapp
  • Telegram

ਟੋਰਾਂਟੋ : ਕੈਨੇਡਾ ਦੇ ਡਾਕ ਮੁਲਾਜ਼ਮਾਂ ਵੱਲੋਂ ਫ਼ਿਲਹਾਲ ਆਪਣੀ ਹੜਤਾਲ ਟਾਲ ਦਿਤੀ ਗਈ ਹੈ ਪਰ ਅੱਜ ਵੀ ਕੋਈ ਢੁਕਵਾਂ ਹੱਲ ਨਾ ਨਿਕਲਣ ਦੀ ਸੂਰਤ ਵਿਚ ਕੰਮਕਾਜ ਠੱਪ ਹੋ ਸਕਦਾ ਹੈ। ਮੁਲਾਜ਼ਮ ਯੂਨੀਅਨ ਵੱਲੋਂ ਆਪਣੇ ਮੈਂਬਰਾਂ ਨੂੰ ਓਵਰਟਾਈਮ ਤੋਂ ਪਰਹੇਜ਼ ਕਰਨ ਦਾ ਸੁਝਾਅ ਦਿੰਦਿਆਂ ਅਗਲੀ ਰਣਨੀਤੀ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਵੀਰਵਾਰ ਰਾਤ ਕੈਨੇਡਾ ਪੋਸਟ ਅਤੇ ਮੁਲਾਜ਼ਮ ਯੂਨੀਅਨ ਦਰਮਿਆਨ ਹੋਈ ਗੱਲਬਾਤ ਕਿਸੇ ਸਿੱਟੇ ’ਤੇ ਨਾ ਪੁੱਜ ਸਕੀ। ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਨੇ ਕਿਹਾ ਕਿ ਮਹਿੰਗਾਈ ਦੇ ਮੱਦੇਨਜ਼ਰ ਆਉਂਦੇ ਚਾਰ ਸਾਲ ਦੌਰਾਨ ਮਿਹਨਤਾਨੇ ਵਿਚ 19 ਫ਼ੀ ਸਦੀ ਵਾਧਾ ਮੰਗਿਆ ਜਾ ਰਿਹਾ ਹੈ ਪਰ ਕ੍ਰਾਊਨ ਕਾਰਪੋਰੇਸ਼ਨ ਦੀ ਪੇਸ਼ਕਸ਼ ਬਹੁਤ ਘੱਟ ਹੈ।

ਮੈਨੇਜਮੈਂਟ ਅਤੇ ਮੁਲਾਜ਼ਮ ਯੂਨੀਅਨ ਦਰਮਿਆਨ ਗੱਲਬਾਤ ਰਹੀ ਬੇਸਿੱਟਾ

ਸੂਤਰਾਂ ਮੁਤਾਬਕ ਕ੍ਰਾਊਨ ਕਾਰਪੋਰੇਸ਼ਨ ਤਨਖਾਹਾਂ ਵਿਚ 13 ਫ਼ੀ ਸਦੀ ਵਾਧੇ ਦੀ ਪੇਸ਼ਕਸ਼ ਕਰ ਰਹੀ ਹੈ। ਇਸੇ ਦੌਰਾਨ ਕੈਨੇਡਾ ਪੋਸਟ ਦੀ ਤਰਜਮਾਨ ਲੀਜ਼ਾ ਲੀਊ ਨੇ ਕਿਹਾ ਕਿ ਮੁਲਾਜ਼ਮ ਯੂਨੀਅਨ ਨਾਲ ਮੀਟਿੰਗ ਅੱਧੇ ਘੰਟੇ ਤੋਂ ਪਹਿਲਾਂ ਖਤਮ ਹੋ ਗਈ ਅਤੇ ਇਸ ਦੌਰਾਨ ਬਕਾਇਆ ਮੁੱਦਿਆਂ ਵਿਚੋਂ ਵਿਚੋਂ ਬਹੁਤ ਥੋੜ੍ਹਿਆਂ ਬਾਰੇ ਵਿਚਾਰ-ਵਟਾਂਦਰਾ ਹੋ ਸਕਿਆ। ਲੀਊ ਨੇ ਦੱਸਿਆ ਕਿ ਯੂਨੀਅਨ ਨੂੰ ਜਲਦ ਤੋਂ ਜਲਦ ਗੱਲਬਾਤ ਲਈ ਵਾਪਸ ਆਉਣ ਦਾ ਸੱਦਾ ਦਿਤਾ ਗਿਆ ਹੈ। ਮੁਲਾਜ਼ਮ ਯੂਨੀਅਨ ਨੇ ਦਾਅਵਾ ਕੀਤਾ ਕਿ ਮੈਨੇਜਮੈਂਟ ਸ਼ਹਿਰੀ ਇਲਾਕਿਆਂ ਵਿਚ ਆਰਜ਼ੀ ਆਸਾਮੀਆਂ ਦੀ ਗਿਣਤੀ 20 ਫੀ ਸਦੀ ਵਧਾਉਣਾ ਚਾਹੁੰਦੀ ਹੈ। ਉਧਰ ਕੈਨੇਡੀਅਨ ਡਾਕ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੇ ਹੜਤਾਲ ’ਤੇ ਜਾਣ ਦੀ ਸੂਰਤ ਵਿਚ ਹਰ ਹਫ਼ਤੇ 85 ਲੱਖ ਚਿੱਠੀਆਂ ਅਤੇ 11 ਲੱਖ ਪਾਰਸਲ ਆਪਣੀ ਮੰਜ਼ਿਲ ’ਤੇ ਨਹੀਂ ਪੁੱਜ ਸਕਣਗੇ ਅਤੇ ਪਹਿਲਾਂ ਤੋਂ ਹੀ ਆਰਥਿਕ ਨਿਘਾਰ ਦਾ ਸ਼ਿਕਾਰ ਕ੍ਰਾਊਨ ਕਾਰਪੋਰੇਸ਼ਨ ਦਾ ਘਾਟਾ ਹੋਰ ਵਧ ਜਾਵੇਗਾ। 2024 ਦੇ ਪਹਿਲੇ 9 ਮਹੀਨੇ ਦੌਰਾਨ ਕੈਨੇਡਾ ਪੋਸਟ ਦਾ ਸੰਚਾਲਨ ਘਾਟਾ 803 ਮਿਲੀਅਨ ਡਾਲਰ ਰਿਹਾ ਅਤੇ 2018 ਤੋਂ ਡਾਕ ਮਹਿਕਮੇ ਨੂੰ 3.8 ਅਰਬ ਡਾਲਰ ਦਾ ਘਾਟਾ ਪੈ ਚੁੱਕਾ ਹੈ।

ਅੱਜ ਹੋ ਸਕਦੈ ਕੋਈ ਵੱਡਾ ਫੈਸਲਾ

ਬੀਤੇ ਜਨਵਰੀ ਮਹੀਨੇ ਦੌਰਾਨ ਕੈਨੇਡਾ ਪੋਸਟ ਨੂੰ ਫੈਡਰਲ ਸਰਕਾਰ ਤੋਂ ਇਕ ਅਰਬ ਡਾਲਰ ਦਾ ਕਰਜ਼ਾ ਵੀ ਹਾਸਲ ਹੋਇਆ। ਪਿਛਲੇ ਸਾਲ ਹੋਈ ਡਾਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਕੈਨੇਡਾ ਦੇ ਛੋਟੇ ਕਾਰੋਬਾਰੀਆਂ ਨੂੰ ਅੰਦਾਜ਼ਨ 160 ਕਰੋੜ ਡਾਲਰ ਦਾ ਨੁਕਸਾਨ ਹੋਇਆ। 15 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ 32 ਦਿਨ ਜਾਰੀ ਰਹੀ ਅਤੇ ਫੈਡਰਲ ਸਰਕਾਰ ਦੇ ਦਖਲ ਮਗਰੋਂ ਹੀ ਡਾਕ ਮੁਲਾਜ਼ਮ ਕੰਮ ’ਤੇ ਪਰਤੇ। ਤਨਖਾਹਾਂ ਵਿਚ ਵਾਧੇ ਤੋਂ ਇਲਾਵਾ ਡਾਕ ਮੁਲਾਜ਼ਮਾਂ ਵੱਲੋਂ ਆਰਜ਼ੀ ਕਾਮਿਆਂ ਨੂੰ ਮੈਡੀਕਲ ਛੁੱਟੀਆਂ, ਡਿਸਐਬਿਲਟੀ ਪੇਮੈਂਟਸ ਅਤੇ ਵਧੇਰੇ ਹੱਕਾਂ ਦੀ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਦਰਮਿਆਨ ਹੋਏ ਸਮਝੌਤੇ ਮੁਤਾਬਕ ਹੜਤਾਲ ਦੀ ਸੂਰਤ ਵਿਚ ਵੀ ਕੈਨੇਡਾ ਚਾਈਲਡ ਬੈਨੇਫਿਟ, ਓਲਡ ਏਜ ਸਕਿਉਰਿਟੀ ਅਤੇ ਕੈਨੇਡਾ ਪੈਨਸ਼ਨ ਪਲੈਨ ਦੀਆਂ ਅਦਾਇਗੀਆਂ ਲਾਭਪਾਤਰੀਆਂ ਤੱਕ ਪੁੱਜਦੀਆਂ ਕਰਨੀਆਂ ਲਾਜ਼ਮੀ ਹਨ।

Next Story
ਤਾਜ਼ਾ ਖਬਰਾਂ
Share it