Canada : ਪੰਜਾਬੀਆਂ ਦੀ security ’ਚ ਤੈਨਾਤ ਹੋਣਗੇ ਪੁਲਿਸ ਅਫ਼ਸਰ
ਕੈਨੇਡਾ ਵਿਚ ਜਬਰੀ ਵਸੂਲੀ ਦੇ ਨਾਂ ’ਤੇ ਗੋਲੀਆਂ ਚਲਾਉਣ ਵਾਲਿਆਂ ਦੀਆਂ ਜੜਾਂ ਪੁੱਟਣ ਦੇ ਇਰਾਦੇ ਨਾਲ ਫੈਡਰਲ ਸਰਕਾਰ ਵੱਲੋਂ ਸਰੀ ਸ਼ਹਿਰ ਲਈ ਵਧੇਰੇ ਪੁਲਿਸ ਅਫ਼ਸਰਾਂ ਅਤੇ ਹੈਲੀਕਾਪਟਰ ਦੀ ਤੈਨਾਤੀ

By : Upjit Singh
ਸਰੀ : ਕੈਨੇਡਾ ਵਿਚ ਜਬਰੀ ਵਸੂਲੀ ਦੇ ਨਾਂ ’ਤੇ ਗੋਲੀਆਂ ਚਲਾਉਣ ਵਾਲਿਆਂ ਦੀਆਂ ਜੜਾਂ ਪੁੱਟਣ ਦੇ ਇਰਾਦੇ ਨਾਲ ਫੈਡਰਲ ਸਰਕਾਰ ਵੱਲੋਂ ਸਰੀ ਸ਼ਹਿਰ ਲਈ ਵਧੇਰੇ ਪੁਲਿਸ ਅਫ਼ਸਰਾਂ ਅਤੇ ਹੈਲੀਕਾਪਟਰ ਦੀ ਤੈਨਾਤੀ ਦਾ ਐਲਾਨ ਕੀਤਾ ਗਿਆ ਹੈ। ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ, ਸੂਬੇ ਦੀ ਲੋਕ ਸੁਰੱਖਿਆ ਮੰਤਰੀ ਨੀਨਾ ਕਰੀਗਰ, ਆਰ.ਸੀ.ਐਮ.ਪੀ. ਦੇ ਕਮਿਸ਼ਨਰ ਮਾਈਕ ਡੂਐਮ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਿਨ ਓ ਗੌਰਮਨ ਨਾਲ ਮੁਲਾਕਾਤ ਮਗਰੋਂ ਲੋਅਰ ਮੇਨਲੈਂਡ ਵਿਚ ਹੋ ਰਹੀ ਹਿੰਸਾ ਨੂੰ ਨਾਕਾਬਿਲ-ਏ-ਬਰਦਾਸ਼ਤ ਕਰਾਰ ਦਿਤਾ ਅਤੇ ਕਿਹਾ ਕਿ ਅਜਿਹੇ ਅਪਰਾਧਕ ਗਿਰੋਹਾਂ ਵਿਰੁੱਧ ਫੈਡਰਲ ਸਰਕਾਰ, ਸੂਬਾ ਸਰਕਾਰ ਅਤੇ ਸਥਾਨਕ ਸਰਕਾਰ ਨੂੰ ਤਾਲਮੇਲ ਅਧੀਨ ਕੰਮ ਕਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ 20 ਨਵੇਂ ਪੁਲਿਸ ਅਫ਼ਸਰਾਂ ਅਤੇ ਹੈਲੀਕਾਪਟਰ ਦੀ ਵਰਤੋਂ ਕਰਦਿਆਂ ਹੰਗਾਮੀ ਹਾਲਾਤ ਦਾ ਡਟ ਕੇ ਟਾਕਰਾ ਕੀਤਾ ਜਾ ਸਕਦਾ ਹੈ। ਕੈਨੇਡਾ ਸਰਕਾਰ ਦਾ ਤਾਜ਼ਾ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਸਰੀ ਦੀ ਮੇਅਰ ਬਰੈਂਡਾ ਲੌਕ ਐਕਸਟੌਰਸ਼ਨ ਖਤਰਿਆਂ ਦੇ ਟਾਕਰੇ ਲਈ ਐਮਰਜੰਸੀ ਐਲਾਨਣ ਦੀ ਮੰਗ ਕਰ ਚੁੱਕੇ ਹਨ। ਫ਼ਿਲਹਾਲ ਗੈਰੀ ਆਨੰਦਸੰਗਰੀ ਦੇ ਬਿਆਨ ਵਿਚ ਸਰੀ ਵਿਖੇ ਐਮਰਜੰਸੀ ਦੇ ਐਲਾਨ ਦਾ ਜ਼ਿਕਰ ਨਹੀਂ ਕੀਤਾ ਗਿਆ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਨੇ ਇਸ ਗੱਲ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਕਿ ਆਰ.ਸੀ.ਐਮ.ਪੀ. ਦੇ ਨਵੇਂ ਪੁਲਿਸ ਅਫ਼ਸਰਾਂ ਦੀ ਤੈਨਾਤੀ, ਬੀ.ਸੀ. ਵਾਸਤੇ ਪਹਿਲਾਂ ਐਲਾਨੀ 4 ਮਿਲੀਅਨ ਡਾਲਰ ਦੀ ਸਹਾਇਤਾ ਤੋਂ ਵੱਖਰੀ ਹੋਵੇਗੀ ਜੋ ਰੀਜਨਲ ਡ੍ਰਗ ਐਨਫ਼ੋਰਸਮੈਂਟ ਟੀਮ ਨੂੰ ਦਿਤੀ ਜਾਣੀ ਹੈ।
ਸਰੀ ਸ਼ਹਿਰ ਦੇ ਅਸਮਾਨ ’ਚ ਗੇੜੇ ਲਾਵੇਗਾ ਹੈਲੀਕਾਪਟਰ
ਇਸੇ ਦੌਰਾਨ ਮੇਅਰ ਬਰੈਂਡਾ ਲੌਕ ਵੱਲੋਂ ਐਮਰਜੰਸੀ ਦੇ ਮੁੱਦੇ ’ਤੇ ਅਗਲੇ ਹਫ਼ਤੇ ਆਨੰਦਸੰਗਰੀ ਨਾਲ ਮੁਲਾਕਾਤ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ। ਉਧਰ ਸਰੀ ਦੀ ਕੌਂਸਲਰ Çਲੰਡਾ ਐਨਿਸ ਦਾ ਕਹਿਣਾ ਸੀ ਕਿ ਸ਼ਹਿਰ ਵੱਡੇ ਸੰਕਟ ਵਿਚੋਂ ਲੰਘ ਰਿਹਾ ਹੈ। ਰੋਜ਼ਾਨਾ ਸਵੇਰੇ ਉਠਦਿਆਂ ਹੀ ਸ਼ਹਿਰ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਗੋਲੀਆਂ ਚੱਲਣ ਦੀ ਖਬਰ ਆ ਜਾਂਦੀ ਹੈ। ਅਜਿਹੇ ਹਾਲਾਤ ਨੂੰ ਵੇਖਦਿਆਂ ਫੈਡਰਲ ਸਰਕਾਰ ਦੀ ਵਧੇਰੇ ਮਦਦ ਲੋੜੀਂਦੀ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਨਵੇਂ ਵਰ੍ਹੇ ਵਿਚ ਐਕਸਟੌਰਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਪੁਲਿਸ ਮੁਤਾਬਕ 26 ਜਨਵਰੀ ਤੱਕ 36 ਮਾਮਲੇ ਸਾਹਮਣੇ ਆਏ ਜਦਕਿ ਸਮਾਜ ਦੀਆਂ ਮੋਹਤਬਰ ਸ਼ਖਸੀਅਤਾਂ ਅੰਕੜਾ ਜ਼ਿਆਦਾ ਦੱਸ ਰਹੀਆਂ ਹਨ। ਬੀ.ਸੀ. ਐਕਸਟੌਰਸ਼ਨ ਟਾਸਕ ਫ਼ੋਰਸ ਵੱਲੋਂ ਮਾਮਲਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਮਦਦ ਨਾਲ ਗੋਲੀਆਂ ਚਲਾਉਣ ਵਾਲੇ ਡਿਪੋਰਟ ਕੀਤੇ ਜਾ ਰਹੇ ਹਨ।
ਜਬਰੀ ਵਸੂਲੀ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ
ਦੂਜੇ ਪਾਸੇ ਐਲਬਰਟਾ ਦੇ ਕੈਲਗਰੀ ਸ਼ਹਿਰ ਵੀ ਐਕਸਟੌਰਸ਼ਨ ਵਾਰਦਾਤਾਂ ਦੀ ਗਿਣਤੀ ਵਧਣ ਦਰਮਿਆਨ ਰੈੱਡਸਟੋਨ ਇਲਾਕੇ ਵਿਚ ਦੋ ਜਣਿਆਂ ਦੀ ਮੌਤ ਹੋ ਗਈ। ਕੈਲਗਰੀ ਪੁਲਿਸ ਦੇ ਹੌਮੀਸਾਈਡ ਯੂਨਿਟ ਨੇ ਪੜਤਾਲ ਆਪਣੇ ਹੱਥਾਂ ਵਿਚ ਦੱਸਿਆ ਕਿ ਰੈੱਡਸਟੋਨ ਮਾਰਕ ਦੇ ਨਾਲ ਲਗਦੇ ਇਕ ਘਰ ਵਿਚ ਬੁੱਧਵਾਰ ਵੱਡੇ ਤੜਕੇ ਖੱਪ ਖਾਨਾ ਪੈਣ ਦੀ ਇਤਲਾਹ ਮਿਲੀ। ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਦੋ ਜਣੇ ਗੰਭੀਰ ਜ਼ਖਮੀ ਹਾਲਤ ਵਿਚ ਮਿਲੇ ਜਿਨ੍ਹਾਂ ਵਿਚੋਂ ਇਕ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਦੂਜੇ ਨੇ ਹਸਪਤਾਲ ਵਿਚ ਆਖਰੀ ਸਾਹ ਲਏ। ਗੁਆਂਢੀਆਂ ਨੇ ਦੱਸਿਆ ਕਿ ਵਾਰਦਾਤ ਵਾਲੇ ਘਰ ਵਿਚ ਕਿਰਾਏਦਾਰਾਂ ਵਾਸਤੇ ਤਿੰਨ ਸੈੱਟ ਬਣੇ ਹੋਏ ਹਨ। ਫ਼ਿਲਹਾਲ ਪੁਲਿਸ ਵੱਲੋਂ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਹੀ ਕੋਈ ਜਾਣਕਾਰੀ ਸਾਹਮਣੇ ਆ ਸਕਦੀ ਹੈ।


