Canada : ਨਿਜੀ ਦੁਸ਼ਮਣੀ ਨੇ murder ਕਾਰਵਾਇਆ ਪੰਜਾਬੀ
ਕੈਨੇਡਾ ਵਿਚ ਜਬਰੀ ਵਸੂਲੀ ਅਤੇ ਗੈਂਗਵਾਰ ਦੀਆਂ ਵਾਰਦਾਤਾਂ ਤੋਂ ਬਾਅਦ ਨਿਜੀ ਦੁਸ਼ਮਣੀ ਪੰਜਾਬੀਆਂ ਦੀ ਜਾਨ ਦਾ ਖੌਅ ਬਣਦੀ ਨਜ਼ਰ ਆ ਰਹੀ ਹੈ

By : Upjit Singh
ਸਰੀ : ਕੈਨੇਡਾ ਵਿਚ ਜਬਰੀ ਵਸੂਲੀ ਅਤੇ ਗੈਂਗਵਾਰ ਦੀਆਂ ਵਾਰਦਾਤਾਂ ਤੋਂ ਬਾਅਦ ਨਿਜੀ ਦੁਸ਼ਮਣੀ ਪੰਜਾਬੀਆਂ ਦੀ ਜਾਨ ਦਾ ਖੌਅ ਬਣਦੀ ਨਜ਼ਰ ਆ ਰਹੀ ਹੈ। ਜੀ ਹਾਂ, ਸਰੀ ਵਿਖੇ ਸ਼ਨਿੱਚਰਵਾਰ ਨੂੰ ਹੋਈ ਵਾਰਦਾਤ ਪੰਜਾਬੀ ਨੌਜਵਾਨਾਂ ਦੀ ਆਪਸੀ ਖਿੱਚੋਤਾਣ ਦਾ ਸਿੱਟਾ ਦੱਸੀ ਜਾ ਰਹੀ ਹੈ ਜਿਸ ਦੌਰਾਨ ਇਕ ਜਣਾ ਦਮ ਤੋੜ ਗਿਆ ਜਦਕਿ ਦੂਜਾ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ। ਕਾਨੂੰਨ ਤੋਂ ਬੇਖ਼ੌਫ਼ ਹਮਲਾਵਰਾਂ ਨੇ ਸੰਘਣੀ ਵਸੋਂ ਵਾਲੇ ਇਲਾਕੇ ਦੀ ਬੇਸਮੈਂਟ ਵਿਚ ਦਾਖਲ ਹੋ ਕੇ ਗੋਲੀਆਂ ਚਲਾਈਆਂ। ਪੁਲਿਸ ਵੱਲੋਂ ਫ਼ਿਲਹਾਲ ਗੋਲੀਬਾਰੀ ਦੌਰਾਨ ਮਾਰੇ ਗਏ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਇਹ ਸਪੱਸ਼ਟ ਹੋ ਗਿਆ ਹੈ ਕਿ ਬੇਸਮੈਂਟ ਵਿਚ ਰਹਿ ਰਹੇ ਤਿੰਨੋ ਨੌਜਵਾਨ ਪੰਜਾਬੀ ਸਨ ਅਤੇ ਹਮਲਾਵਰਾਂ ਨਾਲ ਕਿਸੇ ਗੱਲ ’ਤੇ ਅਤੀਤ ਵਿਚ ਝਗੜਾ ਹੋਇਆ। ਦੂਜੇ ਪਾਸੇ ਪੁਲਿਸ ਨੇ ਸਰੀ ਦੇ ਸੀਡਰ ਹਿਲ ਇਲਾਕੇ ਵਿਚ ਇਕ ਘਰ ਕਈ ਘੰਟੇ ਤੱਕ ਘੇਰੀ ਰੱਖਿਆ।
ਬੇਸਮੈਂਟ ਵਿਚ ਰਹਿੰਦੇ 3 ਪੰਜਾਬੀਆਂ ’ਤੇ ਚੱਲੀਆਂ ਸਨ ਗੋਲੀਆਂ
ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੇ ਸ਼ੱਕੀ ਇਥੇ ਮੌਜੂਦ ਹੋ ਸਕਦੇ ਹਨ। ਇਹ ਵਾਰਦਾਤ ਨਾ ਐਕਸਟੌਰਸ਼ਨ ਨਾਲ ਸਬੰਧਤ ਹੈ ਅਤੇ ਨਾ ਹੀ ਗੈਂਗਵਾਰ ਨਾਲ ਇਸ ਦਾ ਕੋਈ ਸਬੰਧਤ ਦੱਸਿਆ ਗਿਆ ਹੈ। ਆਈ ਹਿਟ ਦੀ ਸਾਰਜੈਂਟ ਫਰੈਡਾ ਫ਼ੌਂਗ ਨੇ ਦੱਸਿਆ ਕਿ ਸ਼ੱਕੀ ਅਤੇ ਪੀੜਤ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਪਰ ਵਾਰਦਾਤ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਨਾ ਕੀਤਾ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਵਿਚ ਗੋਲੀਬਾਰੀ ਦੀਆਂ ਜਾਨਲੇਵਾ ਵਾਰਦਾਤਾਂ ਲੋਕਾਂ ਅੰਦਰ ਡੂੰਘੀਆਂ ਚਿੰਤਾਵਾਂ ਪੈਦਾ ਕਰਦੀਆਂ ਹਨ ਅਤੇ ਇਸ ਮਾਮਲੇ ਦੀ ਪੜਤਾਲ ਨੂੰ ਅੱਗੇ ਵਧਾਉਂਦਿਆਂ ਆਂਢ-ਗੁਆਂਢ ਦੇ ਲੋਕਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜਾਂਚਕਰਤਾਵਾਂ ਨੇ 91 ਐਵੇਨਿਊ ਦੇ 12500 ਬਲਾਕ ਵਿਚ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ਨਿੱਚਰਵਾਰ ਸਵੇਰੇ ਸਾਢੇ ਤਿੰਨ ਵਜੇ ਤੋਂ ਸਾਢੇ ਪੰਜ ਵਜੇ ਤੱਕ ਦੀ ਸੀ.ਸੀ.ਟੀ.ਵੀ. ਫੁਟੇਜ ਜਾਂ ਡੈਸ਼ਕੈਮ ਫੁਟੇਜ ਹੋਵੇ ਤਾਂ ਆਈ ਇਟ ਦੇ ਇਨਫ਼ਰਮੇਸ਼ਨ ਲਾਈਨ 1877 551 4448 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਉਨਟਾਰੀਓ ਦੇ ਲੰਡਨ ਸ਼ਹਿਰ ਵਿਚ ਗੋਲੀਆਂ ਚੱਲਣ ਅਤੇ ਇਕ ਜਣੇ ਦੀ ਮੌਤ ਬਾਰੇ ਰਿਪੋਰਟ ਸਾਹਮਣੇ ਆਈ ਹੈ।
ਸਰੀ ਪੁਲਿਸ ਨੇ ਘੇਰਿਆ ਸੀਡਰ ਹਿਲ ਇਲਾਕੇ ਦਾ ਮਕਾਨ
ਪੁਲਿਸ ਨੇ ਦੱਸਿਆ ਕਿ ਪੈਰਾਮੈਡਿਕਸ ਨੂੰ ਐਤਵਾਰ ਸਵੇਰੇ ਤਕਰੀਬਨ 4 ਵਜੇ ਡੰਡਾਸ ਸਟ੍ਰੀਟ ਦੇ 700 ਬਲਾਕ ਵਿਚ ਸੱਦਿਆ ਗਿਆ। ਡਿਟੈਕਟਿਕ ਇੰਸਪੈਕਟਰ ਐਡਮ ਸਟੀਲ ਮੁਤਾਬਕ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਦੋ ਜਣੇ ਜ਼ਖਮੀ ਹਾਲਤ ਵਿਚ ਮਿਲੇ ਜਿਨ੍ਹਾਂ ਵਿਚੋਂ ਇਕ ਮੌਕੇ ’ਤੇ ਹੀ ਦਮ ਤੋੜ ਗਿਆ ਜਦਕਿ ਦੂਜੇ ਨੂੰ ਲੰਡਨ ਹੈਲਥ ਸਾਇੰਸਿਜ਼ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਵਾਰਦਾਤ ਮਗਰੋਂ ਹੈਵਿਟ ਸਟ੍ਰੀਟ ਵਿਖੇ ਵੱਡੀ ਗਿਣਤੀ ਵਿਚ ਪੁਲਿਸ ਅਫ਼ਸਰ ਪੜਤਾਲ ਕਰਦੇ ਨਜ਼ਰ ਆਏ ਜਿਨ੍ਹਾਂ ਵੱਲੋਂ ਸ਼ੱਕੀਆਂ ਦੀ ਪੈੜ ਨੱਪਣ ਦੇ ਯਤਨ ਕੀਤੇ ਜਾ ਰਹੇ ਹਨ। ਗੋਲੀਬਾਰੀ ਦੀ ਤਾਜ਼ਾ ਵਾਰਦਾਤ 2026 ਦੌਰਾਨ ਲੰਡਨ ਸ਼ਹਿਰ ਵਿਖੇ ਪਹਿਲੇ ਕਤਲ ਵਾਲੀ ਥਾਂ ਤੋਂ ਕੁਝ ਕਦਮ ਦੂਰ ਵਾਪਰੀ। ਦੱਸ ਦੇਈਏ ਕਿ ਲੰਡਨ ਅਪਾਰਟਮੈਂਟ ਕੰਪਲੈਕਸ ਵਿਚ 45 ਸਾਲ ਦੇ ਇਕ ਸ਼ਖਸ ਦਾ ਛੁਰੇ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ ਪੁਲਿਸ ਨੇ 38 ਸਾਲ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।


