Canada ਨੇ ਖੋਲਿ੍ਹਆ ਨਵਾਂ immigration ਦਰਵਾਜ਼ਾ
ਕੈਨੇਡਾ ਸਰਕਾਰ ਇੰਮੀਗ੍ਰੇਸ਼ਨ ਦਾ ਇਕ ਦਰਵਾਜ਼ਾ ਬੰਦ ਕਰ ਰਹੀ ਹੈ ਤਾਂ ਦੂਜਾ ਖੋਲਿ੍ਹਆ ਜਾ ਰਿਹਾ ਹੈ

By : Upjit Singh
ਟੋਰਾਂਟੋ : ਕੈਨੇਡਾ ਸਰਕਾਰ ਇੰਮੀਗ੍ਰੇਸ਼ਨ ਦਾ ਇਕ ਦਰਵਾਜ਼ਾ ਬੰਦ ਕਰ ਰਹੀ ਹੈ ਤਾਂ ਦੂਜਾ ਖੋਲਿ੍ਹਆ ਜਾ ਰਿਹਾ ਹੈ। ਜੀ ਹਾਂ, ਨਵੀਂ ਨੀਤੀ ਤਹਿਤ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਵਰਕ ਪਰਮਿਟ ਬਰਕਰਾਰ ਰਹਿਣਗੇ ਜਿਨ੍ਹਾਂ ਦੇ ਅਸਾਇਲਮ ਕਲੇਮ ਬਿਲ ਸੀ-12 ਅਧੀਨ ਰੱਦ ਕਰ ਦਿਤੇ ਗਏ। ਸਿਰਫ਼ ਐਨਾ ਹੀ ਨਹੀਂ, ਅਜਿਹੇ ਵਿਦੇਸ਼ੀ ਨਾਗਰਿਕ ਨਵੇਂ ਵਰਕ ਪਰਮਿਟ ਦੀ ਅਰਜ਼ੀ ਵੀ ਦਾਇਰ ਕਰ ਸਕਦੇ ਹਨ ਅਤੇ ਉਦੋਂ ਤੱਕ ਕੰਮ ਕਰਨ ਦਾ ਹੱਕ ਮਿਲੇਗਾ ਜਦੋਂ ਤੱਕ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦੀ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ। ਇੰਮੀਗ੍ਰੇਸ਼ਨ, ਰਫ਼ਿਊਜੀ ਅਤੇ ਸਿਟੀਜ਼ਨਸ਼ਿਪ ਸੇਵਾਵਾ ਮਹਿਕਮੇ ਦਾ ਮੰਨਣਾ ਹੈ ਕਿ ਬਿਲ ਸੀ-12 ਅਧੀਨ ਕੈਨੇਡਾ ਵਿਚ ਪਨਾਹ ਦੇ ਦਾਅਵੇ ਵੱਡੀ ਗਿਣਤੀ ਵਿਚ ਰੱਦ ਹੋ ਸਕਦੇ ਹਨ ਜਾਂ ਦਾਅਵਿਆਂ ਨੂੰ ਵਿਚਾਰ ਵਾਸਤੇ ਇੰਮੀਗ੍ਰੇਸ਼ਨ ਐਂਡ ਰਫ਼ਿਊਜੀ ਬੋਰਡ ਭੇਜਣ ਦੇ ਅਯੋਗ ਮੰਨਿਆ ਜਾ ਸਕਦਾ ਹੈ।
ਅਸਾਇਲਮ ਕਲੇਮ ਰੱਦ ਹੋਣ ’ਤੇ ਬਰਕਰਾਰ ਰਹੇਗਾ ਵਰਕ ਪਰਮਿਟ
ਨਵੀਂ ਨੀਤੀ ਸਦਕਾ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚ ਮੌਜੂਦਗੀ ਦੌਰਾਨ ਆਪਣਾ ਗੁਜ਼ਾਰਾ ਚਲਾਉਣ ਦੀ ਸਹੂਲਤ ਦਿਤੀ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਬੀਤੀ 26 ਮਾਰਚ ਤੋਂ ਬਿਲ ਸੀ-12 ਲਾਗੂ ਹੋ ਗਿਆ ਅਤੇ ਹਜ਼ਾਰਾਂ ਭਾਰਤੀ ਨਾਗਰਿਕਾਂ ਉਤੇ ਮੁਸ਼ਕਲਾਂ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਗਏ। ਨਵਾਂ ਕਾਨੂੰਨ ਸਿਰਫ਼ ਅਸਾਇਲ ਕਲੇਮ ਹੀ ਨਹੀਂ, ਸਗੋਂ ਸਟੱਡੀ ਵੀਜ਼ਾ, ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ੀਡੈਂਸੀ ਰੱਦ ਕਰਨ ਦਾ ਅਖਤਿਆਰ ਇੰਮੀਗ੍ਰੇਸ਼ਨ ਮਹਿਕਮੇ ਨੂੰ ਮੁਹੱਈਆ ਕਰਵਾਉਂਦਾ ਹੈ। 2025 ਦੇ ਪਹਿਲੇ ਛੇ ਮਹੀਨੇ ਦੌਰਾਨ ਤਕਰੀਬਨ 10 ਹਜ਼ਾਰ ਭਾਰਤੀ ਨਾਗਰਿਕਾਂ ਨੇ ਕੈਨੇਡਾ ਵਿਚ ਪਨਾਹ ਮੰਗੀ ਜਿਨ੍ਹਾਂ ਵਿਚੋਂ ਜ਼ਿਆਦਾਤਰ ਦੇ ਦਾਅਵੇ ਪ੍ਰਵਾਨ ਹੋਣ ਦੇ ਕੋਈ ਆਸਾਰ ਨਹੀਂ। ਨਵੇਂ ਨਿਯਮਾਂ ਤਹਿਤ 24 ਜੂਨ 2020 ਤੋਂ ਬਾਅਦ ਆਇਆ ਪਨਾਹ ਦਾ ਕੋਈ ਦਾਅਵਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਜੋ ਸਬੰਧਤ ਸ਼ਖਸ ਨੇ ਕੈਨੇਡਾ ਵਿਚ ਇਕ ਸਾਲ ਲੰਘਾਉਣ ਤੋਂ ਬਾਅਦ ਦਾਖਲ ਕੀਤਾ ਹੋਵੇ। ਇਹ ਨਿਯਮ ਤਾਂ ਵੀ ਲਾਗੂ ਹੋਵੇਗਾ ਜੇ ਸਬੰਧਤ ਸ਼ਖਸ ਇਕ ਵਾਰ ਕੈਨੇਡਾ ਛੱਡ ਗਿਆ ਅਤੇ ਬਾਅਦ ਵਿਚ ਵਾਪਸੀ ਕਰਦਿਆਂ ਪਨਾਹ ਦਾ ਦਾਅਵਾ ਦਾਖਲ ਕੀਤਾ।
ਬਿਲ ਸੀ-12 ਦੇ ਮੱਦੇਨਜ਼ਰ ਲਿਆਂਦੀ ਨਵੀਂ ਨੀਤੀ
ਅਮਰੀਕਾ ਦੇ ਰਸਤੇ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੇ ਅਸਾਇਲਮ ਕਲੇਮ ਪ੍ਰਵਾਨ ਨਹੀਂ ਕੀਤੇ ਜਾਣਗੇ ਜੇ ਇਹ ਕੈਨੇਡਾ ਆਉਣ ਤੋਂ 14 ਦਿਨ ਬਾਅਦ ਦਾਖਲ ਕੀਤੇ ਗਏ ਹੋਣਗੇ। ਬਿਲ ਸੀ-12 ਲਾਗੂ ਹੋਣ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਬਗੈਰ ਐਲ.ਐਮ.ਆਈ.ਏ. ਵਾਲੇ ਵਰਕ ਪਰਮਿਟ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਕੈਨੇਡਾ ਵਿਚ ਜ਼ਿਆਦਾਤਰ ਨੌਕਰੀਆਂ ਵਾਸਤੇ ਵਰਕ ਪਰਮਿਟ ਤਾਂ ਹੀ ਮਿਲ ਸਕਦਾ ਹੈ ਜੇ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਤੋਂ ਹਾਂਪੱਖੀ ਐਲ.ਐਮ.ਆਈ.ਏ. ਮਿਲਿਆ ਹੋਵੇ। ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਦੀ ਹਰੀ ਝੰਡੀ ਦਰਸਾਉਂਦੀ ਹੈ ਕਿ ਸਬੰਧਤ ਕੰਪਨੀ ਜਾਂ ਇੰਪਲੌਇਰ ਨੂੰ ਕੈਨੇਡਾ ਵਿਚ ਢੁਕਵੇਂ ਕਿਰਤੀ ਨਹੀਂ ਮਿਲ ਰਹੇ ਅਤੇ ਉਹ ਵਿਦੇਸ਼ੀ ਕਾਮੇ ਨੂੰ ਭਰਤੀ ਕਰਨਾ ਚਾਹੁੰਦੇ ਹਨ ਪਰ ਇਸ ਨਾਲ ਕੈਨੇਡੀਅਨ ਕਿਰਤੀ ਬਾਜ਼ਾਰ ਉਤੇ ਕੋਈ ਮਾੜਾ ਅਸਰ ਨਹੀਂ ਪਵੇਗਾ। 6 ਫ਼ੀ ਸਦੀ ਤੋਂ ਵੱਧ ਬੇਰੁਜ਼ਗਾਰੀ ਵਾਲੇ ਇਲਾਕਿਆਂ ਵਿਚ ਇਸ ਵੇਲੇ ਐਲ.ਐਮ.ਆਈ.ਏ. ’ਤੇ ਪਾਬੰਦੀ ਲੱਗੀ ਹੋਈ ਹੈ।


