Canada : ਨਵੇਂ ਵਰ੍ਹੇ ਤੋਂ ਨਵੇਂ ਇੰਮੀਗ੍ਰੇਸ਼ਨ ਨਿਯਮ ਹੋਏ ਲਾਗੂ
ਕੈਨੇਡਾ ਵਿਚ ਨਵਾਂ ਵਰ੍ਹਾ ਨਵੇਂ ਨਿਯਮ ਲੈ ਕੇ ਆਇਆ ਅਤੇ ਇੰਮੀਗ੍ਰੇਸ਼ਨ ਤੋਂ ਲੈ ਕੇ ਸ਼ਰਾਬੀ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ ਵਿਚ ਨਵੀਆਂ ਫ਼ੀਸਾਂ, ਨਵੀਆਂ ਸ਼ਰਤਾਂ ਅਤੇ ਮੋਟੇ ਜੁਰਮਾਨੇ ਲਾਗੂ ਹੋ ਚੁੱਕੇ ਹਨ

By : Upjit Singh
ਟੋਰਾਂਟੋ : ਕੈਨੇਡਾ ਵਿਚ ਨਵਾਂ ਵਰ੍ਹਾ ਨਵੇਂ ਨਿਯਮ ਲੈ ਕੇ ਆਇਆ ਅਤੇ ਇੰਮੀਗ੍ਰੇਸ਼ਨ ਤੋਂ ਲੈ ਕੇ ਸ਼ਰਾਬੀ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ ਵਿਚ ਨਵੀਆਂ ਫ਼ੀਸਾਂ, ਨਵੀਆਂ ਸ਼ਰਤਾਂ ਅਤੇ ਮੋਟੇ ਜੁਰਮਾਨੇ ਲਾਗੂ ਹੋ ਚੁੱਕੇ ਹਨ। ਸਟੱਡੀ ਵੀਜ਼ਾ ਅਰਜ਼ੀਆਂ ਲਈ ਸਖ਼ਤ ਸ਼ਰਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਜਿਸ ਦਾ ਸਭ ਵੱਧ ਅਸਰ ਪੰਜਾਬ ਤੋਂ ਕੈਨੇਡਾ ਆਉਣ ਦੇ ਇੱਛਕ ਵਿਦਿਆਰਥੀਆਂ ’ਤੇ ਪਵੇਗਾ। 2026 ਦੌਰਾਨ ਇੰਟਰਨੈਸ਼ਨ ਸਟੂਡੈਂਟਸ ਨੂੰ 1 ਲੱਖ 55 ਹਜ਼ਾਰ ਵੀਜ਼ੇ ਹੀ ਜਾਰੀ ਕੀਤੇ ਜਾਣਗੇ ਜੋ ਪਿਛਲੇ ਵਰ੍ਹੇ ਦੇ ਮੁਕਾਬਲੇ ਅੱਧੇ ਤੋਂ ਘੱਟ ਬਣਦੇ ਹਨ। ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਵੀ ਤਕਰੀਬਨ ਅੱਧੀ ਕਰ ਦਿਤੀ ਗਈ ਹੈ ਅਤੇ 2026-27 ਦੌਰਾਨ ਸਿਰਫ਼ 33 ਹਜ਼ਾਰ ਆਰਜ਼ੀ ਕਾਮਿਆਂ ਨੂੰ ਪਰਮਾਨੈਂਟ ਰੈਜ਼ੀਡੈਂਟ ਬਣਨ ਦਾ ਮੌਕਾ ਮਿਲੇਗਾ। ਕੈਨੇਡਾ ਵਿਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਲਈ ਵੀਜ਼ਾ ਮਿਆਦ ਵਧਾਉਣ ਦੀ ਫ਼ੀਸ ਪਹਿਲਾਂ ਹੀ ਵਧਾਈ ਜਾ ਚੁੱਕੀ ਹੈ ਅਤੇ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਵਾਸਤੇ 246.25 ਡਾਲਰ ਵਸੂਲ ਕੀਤੇ ਜਾ ਰਹੇ ਹਨ। ਕੈਨੇਡਾ ਵਿਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਤੋਂ ਨਵੇਂ ਸਟੱਡੀ ਵੀਜ਼ਾ ਲਈ 396.25 ਡਾਲਰ ਵਸੂਲ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਨਵੇਂ ਵਰਕ ਪਰਮਿਟ ਸਣੇ ਵਰਕਰ ਸਟੇਟਸ ਦੀ ਬਹਾਲੀ ਵਾਸਤੇ 401.25 ਡਾਲਰ ਜਮ੍ਹਾਂ ਕਰਵਾਉਣੇ ਹੋਣਗੇ।
ਰੁਜ਼ਗਾਰ ਦੇ ਇਸ਼ਤਿਹਾਰ ਦੇਣ ਵਾਲਿਆਂ ਲਈ ਤਨਖ਼ਾਹ ਦੱਸਣੀ ਲਾਜ਼ਮੀ
ਨਵੀਆਂ ਦਰਾਂ ਮੁਤਾਬਕ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਵਾਸਤੇ ਹੁਣ 246.25 ਡਾਲਰ ਅਦਾਇਗੀ ਕਰਨੀ ਪੈ ਰਹੀ ਹੈ ਅਤੇ ਵਿਜ਼ਟਰ ਸਟੇਟਸ ਬਹਾਲ ਕਰਨ ਵਾਸਤੇ ਵੀ ਐਨੀ ਹੀ ਫ਼ੀਸ ਅਦਾ ਕਰਨੀ ਹੋਵੇਗੀ। ਦੂਜੇ ਪਾਸੇ ਉਨਟਾਰੀਓ ਵਿਚ ਨੌਕਰੀ ਦਾ ਜਨਤਕ ਇਸ਼ਤਿਹਾਰ ਦੇਣ ਵਾਲੇ ਇੰਪਲੌਇਰਜ਼ ਵਾਸਤੇ ਲਾਜ਼ਮੀ ਹੈ ਕਿ ਉਹ ਅੰਦਾਜ਼ਨ ਤਨਖਾਹ ਦਾ ਜ਼ਿਕਰ ਕਰਨ ਜਿਸ ਰਾਹੀਂ ਰੁਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਹੋਰਨਾਂ ਥਾਵਾਂ ’ਤੇ ਮਿਲਣ ਵਾਲੇ ਮਿਹਨਤਾਨੇ ਨਾਲ ਤੁਲਨਾ ਕਰਨ ਦਾ ਮੌਕਾ ਮਿਲੇਗਾ। ਹੁਣ ਇੰਪਲੌਇਰਜ਼ ਕੈਨੇਡੀਅਨ ਤਜਰਬੇ ਦੀ ਸ਼ਰਤ ਲਾਗੂ ਨਹੀਂ ਕਰ ਸਕਣਗੇ ਅਤੇ ਸਿਰਫ਼ ਖਾਸ ਸ਼੍ਰੇਣੀਆਂ ਵਿਚ ਇਹ ਸ਼ਰਤ ਲਾਗੂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇੰਟਰਵਿਊ ਤੋਂ 45 ਦਿਨ ਦੇ ਅੰਦਰ ਉਮੀਦਵਾਰ ਨੂੰ ਦੱਸਣਾ ਹੋਵੇਗਾ ਕਿ ਉਸ ਦੀ ਚੋਣ ਕੀਤੀ ਗਈ ਹੈ ਜਾਂ ਨਹੀਂ। ਹਰ ਕੰਪਨੀ ਨੂੰ ਨੌਕਰੀ ਦੇ ਇਸ਼ਤਿਹਾਰ ਅਤੇ ਇਸ ਨਾਲ ਸਬੰਧਤ ਅਰਜ਼ੀਆਂ ਤਿੰਨ ਸਾਲ ਤੱਕ ਰਿਕਾਰਡ ਵਿਚ ਰੱਖਣੀ ਹੋਣਗੀਆਂ।
ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ’ਤੇ ਵੀ ਸ਼ਿਕੰਜਾ ਕਸਿਆ
ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹਾਦਸੇ ਦੌਰਾਨ ਮੌਤ ਹੋਣ ਦੀ ਸੂਰਤ ਵਿਚ ਡਰਾਈਵਰ ਦਾ ਲਾਇਸੰਸ ਅਣਮਿੱਥੇ ਸਮੇਂ ਲਈ ਰੱਦ ਕਰ ਦਿਤਾ ਜਾਵੇਗਾ। ਗੱਡੀ ਚੋਰੀ ਦੇ ਮਾਮਲੇ ਵਿਚ ਪਹਿਲੀ ਵਾਰ ਦੋਸ਼ੀ ਠਹਿਰਾਏ ਜਾਣ ’ਤੇ ਡਰਾਈਵਿੰਗ ਲਾਇਸੰਸ 10 ਸਾਲ ਵਾਸਤੇ ਮੁਅੱਤਲ ਹੋਵੇਗਾ ਅਤੇ ਦੂਜੀ ਵਾਰ ਦੋਸ਼ੀ ਠਹਿਰਾਏ ਜਾਣ ’ਤੇ 15 ਸਾਲ ਦੀ ਮੁਅੱਤਲੀ ਹੋਵੇਗੀ। ਤੀਜੀ ਵਾਰ ਦੋਸ਼ੀ ਕਰਾਰ ਦਿਤੇ ਜਾਣ ’ਤੇ ਉਮਰ ਭਰ ਲਈ ਲਾਇਸੰਸ ਦੀ ਮੁਅੱਤਲ ਦੀ ਨਿਯਮ ਲਾਗੂ ਹੋ ਗਿਆ ਹੈ। ਸੜਕਾਂ ’ਤੇ ਰੇਸ ਲਾਉਣ ਜਾਂ ਸਟੰਟ ਕਰਨ ਵਾਲਿਆਂ ਨੂੰ 10 ਹਜ਼ਾਰ ਡਾਲਰ ਤੱਕ ਜੁਰਮਾਨਾ ਅਤੇ ਛੇ ਮਹੀਨੇ ਤੱਕ ਦੀ ਕੈਦ ਦਾ ਨਿਯਮ ਵੀ 1 ਜਨਵਰੀ ਤੋਂ ਲਾਗੂ ਹੋ ਗਿਆ ਹੈ।


