Canada : ਲੁਟੇਰਿਆਂ ਨਾਲ ਭਿੜਿਆ ਮਕਾਨ ਮਾਲਕ
ਕੈਨੇਡਾ ਵਿਚ ਹਥਿਆਰਬੰਦ ਲੁਟੇਰੇ ਅੱਡੀਆਂ ਨੂੰ ਥੁੱਕ ਲਾ ਕੇ ਦੌੜੇ ਜਦੋਂ ਘਰ ਦੇ ਮਾਲਕ ਨੇ ਗੋਲੀਆਂ ਚਲਾ ਦਿਤੀਆਂ ਅਤੇ ਲੁਟੇਰਿਆਂ ਵਿਚੋਂ ਇਕ ਜ਼ਖਮੀ ਹੋ ਗਿਆ

By : Upjit Singh
ਵੌਅਨ : ਕੈਨੇਡਾ ਵਿਚ ਹਥਿਆਰਬੰਦ ਲੁਟੇਰੇ ਅੱਡੀਆਂ ਨੂੰ ਥੁੱਕ ਲਾ ਕੇ ਦੌੜੇ ਜਦੋਂ ਘਰ ਦੇ ਮਾਲਕ ਨੇ ਗੋਲੀਆਂ ਚਲਾ ਦਿਤੀਆਂ ਅਤੇ ਲੁਟੇਰਿਆਂ ਵਿਚੋਂ ਇਕ ਜ਼ਖਮੀ ਹੋ ਗਿਆ। ਜੀ ਹਾਂ, ਉਨਟਾਰੀਓ ਦੇ ਵੌਅਨ ਸ਼ਹਿਰ ਦੀ ਵੀਡੀਓ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਵਿਚ ਤਿੰਨ ਸ਼ੱਕੀਆਂ ਨੂੰ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੁੰਦਿਆਂ ਦੇਖਿਆ ਜਾ ਸਕਦਾ ਹੈ ਪਰ ਕੁਝ ਹੀ ਪਲਾਂ ਵਿਚ ਉਹ ਬਾਹਰ ਵੱਲ ਦੌੜਦੇ ਨਜ਼ਰ ਆਉਂਦੇ ਹਨ। ਵਾਰਦਾਤ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨ ਰਾਤ ਵਾਪਰੀ ਅਤੇ ਯਾਰਕ ਰੀਜਨਲ ਪੁਲਿਸ ਨੇ ਇਕ ਸ਼ੱਕੀ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਕਾਰਵਿਲ ਵੁਡਜ਼ ਸਰਕਲ ਅਤੇ ਕ੍ਰਿਮਸਨ ਫੌਰੈਸਟ ਡਰਾਈਵ ਇਲਾਕੇ ਵਿਚ ਤਿੰਨ ਸ਼ੱਕੀਆਂ ਨੇ ਇਕ ਘਰ ਲੁੱਟਣ ਦਾ ਯਤਨ ਕੀਤਾ। ਘਰ ਦਾ ਦਰਵਾਜ਼ਾ ਟੁੱਟਣ ਦੀ ਆਵਾਜ਼ ਸੁਣ ਦੇ ਮਾਲਕ ਸੁਚੇਤ ਹੋ ਗਿਆ ਜਿਸ ਕੋਲ ਲਾਇਸੰਸਸ਼ੁਦਾ ਪਸਤੌਲ ਮੌਜੂਦ ਸੀ।
ਗੋਲੀਆਂ ਚੱਲਣ ਮਗਰੋਂ ਫ਼ਰਾਰ ਹੋਏ ਤਿੰਨ ਸ਼ੱਕੀ
ਲੁਟੇਰਿਆਂ ਤੋਂ ਮੋੜਵਾਂ ਵਾਰ ਬਰਦਾਸ਼ਤ ਨਾ ਹੋਇਆ ਅਤੇ ਕਾਲੇ ਰੰਗ ਦੇ ਪਿਕਅੱਪ ਟਰੱਕ ਵਿਚ ਫ਼ਰਾਰ ਹੋ ਗਏ। ਵਾਰਦਾਤ ਤੋਂ ਤਿੰਨ ਘੰਟੇ ਬਾਅਦ ਤਕਰੀਬਨ ਸਵਾ ਤਿੰਨ ਵਜੇ ਯਾਰਕ ਰੀਜਨਲ ਪੁਲਿਸ ਨੂੰ ਟੋਰਾਂਟੋ ਦੇ ਇਕ ਹਸਪਤਾਲ ਵਿਚ ਗੋਲੀ ਨਾਲ ਜ਼ਖਮੀ ਸ਼ਖਸ ਦੇ ਪੁੱਜਣ ਦੀ ਰਿਪੋਰਟ ਮਿਲੀ। ਜਾਂਚਕਰਤਾਵਾਂ ਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਇਹ ਸ਼ਖਸ ਵੌਅਨ ਦੇ ਘਰ ਵਿਚ ਡਾਕੇ ਦੌਰਾਨ ਜ਼ਖਮੀ ਹੋਇਆ ਹੋਵੇਗਾ। ਸ਼ੱਕੀ ਸਥਿਰ ਹਾਲਤ ਵਿਚ ਹਸਪਤਾਲ ਦਾਖਲ ਹੈ ਅਤੇ ਛੁੱਟੀ ਮਿਲਦਿਆਂ ਹੀ ਪੁਲਿਸ ਵਾਲੇ ਲੈ ਜਾਣਗੇ। ਯਾਰਕ ਰੀਜਨਲ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਕਾਲੇ ਪਿਕਅੱਪ ਟਰੱਕ ਵਿਚ ਹੀ ਲੁਟੇਰੇ ਆਪਣੇ ਸਾਥੀ ਨੂੰ ਹਸਪਤਾਲ ਛੱਡ ਕੇ ਗਏ। ਦੂਜੇ ਪਾਸੇ ਗੋਲੀ ਚਲਾਉਣ ਵਾਲੇ ਵੌਅਨ ਦੇ ਮਕਾਨ ਮਾਲਕ ਵਿਰੁੱਧ ਫ਼ਿਲਹਾਲ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ।
ਗੋਲੀ ਲੱਗਣ ਕਾਰਨ ਜ਼ਖਮੀ ਇਕ ਸ਼ੱਕੀ ਪੁਲਿਸ ਨੇ ਹਿਰਾਸਤ ਵਿਚ ਲਿਆ
ਯਾਰਕ ਰੀਜਨਲ ਪੁਲਿਸ ਦੇ ਕਾਰਜਕਾਰੀ ਮੁਖੀ ਸਸੀਲ ਹੈਮੰਡ ਨੇ ਕਿਹਾ ਕਿ ਹਥਿਆਰਬੰਦ ਲੁਟੇਰਿਆਂ ਦੇ ਘਰ ਵਿਚ ਦਾਖਲ ਹੋਣ ਮਗਰੋਂ ਪਰਵਾਰ ਵਾਸਤੇ ਵੱਡਾ ਖ਼ਤਰਾ ਪੈਦਾ ਹੋ ਗਿਆ। ਕੈਨੇਡਾ ਦਾ ਕ੍ਰਿਮੀਨਲ ਕੋਡ ਹਰ ਸ਼ਖਸ ਨੂੰ ਆਪਣੀ ਅਤੇ ਆਪਣੇ ਪਰਵਾਰ ਦੀ ਰਾਖੀ ਵਾਸਤੇ ਤਾਕਤ ਵਰਤਣ ਦੀ ਖੁੱਲ੍ਹ ਦਿੰਦਾ ਹੈ ਜਦੋਂ ਬੇਹੱਦ ਲਾਜ਼ਮੀ ਹੋ ਜਾਵੇ। ਹਰ ਮਾਮਲੇ ਵਿਚ ਹਾਲਾਤ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਮਕਾਨ ਮਾਲਕਾਂ ਨੂੰ ਅਜਿਹੀਆਂ ਵਾਰਦਾਤਾਂ ਲਈ ਚਾਰਜ ਕੀਤਾ ਜਾ ਸਕਦਾ ਹੈ। ਪੁਲਿਸ ਵੱਲੋਂ ਪੀੜਤ ਪਰਵਾਰ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਅਤੇ ਸਿਰਫ਼ ਐਨਾ ਦੱਸਿਆ ਕਿ ਵਾਰਦਾਤ ਵੇਲੇ ਅਧਖੜ ਸ਼ਖਸ ਅਤੇ ਬਜ਼ੁਰਗ ਉਮਰ ਦੀ ਇਕ ਔਰਤ ਘਰ ਵਿਚ ਮੌਜੂਦ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਡੈਸ਼ਕੈਮ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ।


