‘ਪੰਜਾਬ ਦੇ ਅਪਰਾਧੀਆਂ ਨੂੰ ਧੜਾਧੜ ਵੀਜ਼ੇ ਦੇ ਰਿਹੈ ਕੈਨੇਡਾ’
ਕੈਨੇਡਾ ਵਿਚ ਭਾਰਤ ਦੇ ਕਥਿਤ ਦਖਲ ਬਾਰੇ ਵੱਖਰੀ ਪੜਤਾਲ ਆਰੰਭ ਹੋਣ ਦੀਆਂ ਕਨਸੋਆਂ ਦਰਮਿਆਨ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਪ੍ਰਧਾਨ ਮੈਕਸਿਮ ਬਰਨੀਅਰ ਵੱਲੋਂ ਸਾਂਝੀ ਕੀਤੀ ਇਕ ਵੀਡੀਓ ਬਹਿਸ ਦਾ ਮੁੱਦਾ ਬਣੀ ਹੋਈ ਹੈ।
By : Upjit Singh
ਟੋਰਾਂਟੋ : ਕੈਨੇਡਾ ਵਿਚ ਭਾਰਤ ਦੇ ਕਥਿਤ ਦਖਲ ਬਾਰੇ ਵੱਖਰੀ ਪੜਤਾਲ ਆਰੰਭ ਹੋਣ ਦੀਆਂ ਕਨਸੋਆਂ ਦਰਮਿਆਨ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਪ੍ਰਧਾਨ ਮੈਕਸਿਮ ਬਰਨੀਅਰ ਵੱਲੋਂ ਸਾਂਝੀ ਕੀਤੀ ਇਕ ਵੀਡੀਓ ਬਹਿਸ ਦਾ ਮੁੱਦਾ ਬਣੀ ਹੋਈ ਹੈ। ਵੀਡੀਓ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਕੈਨੇਡਾ ਸਰਕਾਰ ’ਤੇ ਪੰਜਾਬ ਦੇ ਅਪਰਾਧੀਆਂ ਨੂੰ ਵੀਜ਼ੇ ਦੇਣ ਦਾ ਦੋਸ਼ ਲਾਉਂਦੇ ਸੁਣੇ ਜਾ ਸਕਦੇ ਹਨ। ਫਿਲਹਾਲ ਕੈਨੇਡਾ ਸਰਕਾਰ ਵੱਲੋਂ ਇਸ ਵੀਡੀਓ ਬਾਰੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ। ਵਿਦੇਸ਼ੀ ਦਖਲ ਬਾਰੇ ਪੜਤਾਲ ਕਰ ਰਹੇ ਕਮਿਸ਼ਨ ਅੱਗੇ ਪੇਸ਼ ਹੋਏ ਆਰ.ਸੀ.ਐਮ.ਪੀ. ਦੇ ਡਿਪਟੀ ਚੇਅਰਮੈਨ ਮਾਰਕ ਫਲਿਨ ਨੇ ਕਿਹਾ ਕਿ ਭਾਰਤ ਸਰਕਾਰ ਖਾਲਿਸਤਾਨ ਹਮਾਇਤੀ ਮੁਜ਼ਾਹਰਿਆਂ ਨੂੰ ਕੌਮੀ ਸੁਰੱਖਿਆ ਖਤਰਾ ਮੰਨਦੀ ਹੈ ਪਰ ਇਹ ਗੱਲਾਂ ਕੈਨੇਡਾ ਦੀ ਹਿੰਸਕ ਵੱਖਵਾਦ ਬਾਰੇ ਪਰਿਭਾਸ਼ਾ ਵਿਚ ਫਿਟ ਨਹੀਂ ਬੈਠਦੀਆਂ।
ਪੀਪਲਜ਼ ਪਾਰਟੀ ਆਫ਼ ਕੈਨੇਡਾ ਨੇ ਸਾਂਝੀ ਕੀਤੀ ਭਾਰਤੀ ਵਿਦੇਸ਼ ਮੰਤਰੀ ਦੀ ਵੀਡੀਓ
ਭਾਰਤ ਸਰਕਾਰ ਖਾਲਿਸਤਾਨ ਹਮਾਇਤੀਆਂ ਦੀਆਂ ਸਰਗਰਮੀਆਂ ਵਿਰੁੱਧ ਅਪਰਾਧਕ ਕਾਰਵਾਈ ਚਾਹੁੰਦੀ ਹੈ ਪਰ ਸਥਾਨਕ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ। ਇਸੇ ਦੌਰਾਨ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਕਿਹਾ ਕਿ ਕੈਨੇਡਾ ਸਰਕਾਰ ਦੀ ਨੀਤੀ ਬਿਲਕੁਲ ਸਪੱਸ਼ਟ ਹੈ ਅਤੇ ਉਹ ਇਕਜੁਟ ਭਾਰਤ ਦਾ ਸਤਿਕਾਰ ਕਰਦੀ ਹੈ। ਮੌਰੀਸਨ ਨੂੰ ਜਦੋਂ ਖਾਲਿਸਤਾਨ ਹਮਾਇਤੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹਰ ਇਕ ਨੂੰ ਹੈ ਜਿਸ ਦੇ ਮੱਦੇਨਜ਼ਰ ਇਹ ਸਰਗਰਮੀਆਂ ਕਾਨੂੰਨੀ ਦਾਇਰੇ ਵਿਚ ਹੋ ਰਹੀਆਂ ਹਨ। ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਕੈਨੇਡਾ ਨੂੰ ਦਿਤੀ ਚਿਤਾਵਨੀ ਨਾਲ ਸਬੰਧਤ ਵੀਡੀਓ ਸਾਂਝੀ ਕੀਤੀ ਗਈ ਹੈ। ਵੀਡੀਓ ਵਿਚ ਭਾਰਤ ਦੇ ਵਿਦੇਸ਼ ਮੰਤਰੀ ਕੈਨੇਡਾ ਸਰਕਾਰ ਨੂੰ ਸੰਬੋਧਤ ਹੁੰਦਿਆਂ ਕਹਿੰਦੇ ਹਨ, ‘‘ਜੇ ਤੁਸੀਂ ਸਿਆਸੀ ਮਕਸਦ ਵਾਸਤੇ ਪੰਜਾਬ ਤੋਂ ਅਪਰਾਧਕ ਪਿਛੋਕੜ ਵਾਲੇ ਲੋਕਾਂ ਨੂੰ ਵੀਜ਼ੇ ਦਿਉਂਗੇ ਤਾਂ ਸਮੱਸਿਆਵਾਂ ਪੈਦਾ ਹੋਣਗੀਆਂ।’’
ਕੈਨੇਡਾ ਵਿਚ ਭਾਰਤ ਦੇ ਕਥਿਤ ਦਖਲ ਵਿਰੁੱਧ ਵੱਖਰੀ ਪੜਤਾਲ ਆਰੰਭ
ਸੋਸ਼ਲ ਮੀਡੀਆ ਪਲੈਟਫਾਰਮ ਐਕਸ ਰਾਹੀਂ ਸਾਂਝੀ ਵੀਡੀਓ ’ਤੇ ਸੈਂਕੜੇ ਟਿੱਪਣੀਆਂ ਆ ਰਹੀਆਂ ਹਨ ਜਿਨ੍ਹਾਂ ਵਿਚ ਬੋਲਣ ਦੀ ਆਜ਼ਾਦੀ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਜਾ ਰਿਹਾ ਹੈ ਜਦਕਿ ਖਾਲਿਸਤਾਨ ਹਮਾਇਤੀ ਸਰਗਰਮੀਆਂ ਦੀ ਨੁਕਤਾਚੀਨੀ ਵੀ ਕੀਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਮਗਰੋਂ ਦੋਹਾਂ ਮੁਲਕਾਂ ਵਿਚਾਲੇ ਕੂਟਨੀਤਕ ਰਿਸ਼ਤਿਆਂ ਵਿਚ ਕੁੜੱਤਣ ਪੈਦਾ ਹੋਈ। ਹਾਲਾਤ ਵਿਚ ਪਹਿਲਾਂ ਦੇ ਮੁਕਾਬਲੇ ਕਾਫੀ ਸੁਧਾਰ ਹੋ ਚੁੱਕਾ ਹੈ ਪਰ ਕਈ ਮੌਕਿਆਂ ’ਤੇ ਤਲਖ ਮਾਹੌਲ ਦੇਖਣ ਨੂੰ ਮਿਲਦਾ ਹੈ। ਦੂਜੇ ਪਾਸੇ ਲਿਬਰਲ ਐਮ.ਪੀ. ਚੰਦਰਾ ਆਰਿਆ ਦੀ ਐਲਬਰਟਾ ਫੇਰੀ ਦੌਰਾਨ ਖਾਲਿਸਤਾਨ ਹਮਾਇਤੀਆਂ ਵੱਲੋਂ ਰੋਸ ਵਿਖਾਵਾ ਕੀਤਾ ਗਿਆ ਅਤੇ ਮੁਜ਼ਾਹਰਾਕਾਰੀਆਂ ਨੇ ਚੰਦਰਾ ਆਰਿਆ ਇਜ਼ ਇੰਡੀਅਨ ਨੌਟ ਕੈਨੇਡੀਅਨ ਦੇ ਨਾਹਰੇ ਲਾਏ।