ਕੈਨੇਡਾ ਵੱਲੋਂ 6500 ਪ੍ਰਵਾਸੀਆਂ ਨੂੰ ਪੀ.ਆਰ. ਦਾ ਸੱਦਾ
ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ 6,500 ਪ੍ਰਵਾਸੀਆਂ ਨੂੰ ਪੀ.ਆਰ. ਲਈ ਅਰਜ਼ੀ ਦਾਇਰ ਕਰਨ ਦੇ ਸੱਦੇ ਭੇਜੇ ਗਏ ਹਨ ਅਤੇ ਮੌਜੂਦਾ ਵਰ੍ਹੇ ਦੌਰਾਨ ਐਕਸਪ੍ਰੈਸ ਐਂਟਰੀ ਦਾ ਇਹ ਸਭ ਤੋਂ ਵੱਡਾ ਡਰਾਅ ਮੰਨਿਆ ਜਾ ਰਿਹਾ ਹੈ।

ਟੋਰਾਂਟੋ : ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ 6,500 ਪ੍ਰਵਾਸੀਆਂ ਨੂੰ ਪੀ.ਆਰ. ਲਈ ਅਰਜ਼ੀ ਦਾਇਰ ਕਰਨ ਦੇ ਸੱਦੇ ਭੇਜੇ ਗਏ ਹਨ ਅਤੇ ਮੌਜੂਦਾ ਵਰ੍ਹੇ ਦੌਰਾਨ ਐਕਸਪ੍ਰੈਸ ਐਂਟਰੀ ਦਾ ਇਹ ਸਭ ਤੋਂ ਵੱਡਾ ਡਰਾਅ ਮੰਨਿਆ ਜਾ ਰਿਹਾ ਹੈ। ਫਰੈਂਚ ਭਾਸ਼ਾ ਵਿਚ ਮੁਹਾਰਤ ਵਾਲੀ ਸ਼੍ਰੇਣੀ ਅਧੀਨ ਘੱਟੋ ਘੱਟ ਸੀ.ਆਰ.ਐਸ. ਸਕੋਰ 428 ਦਰਜ ਕੀਤਾ ਗਿਆ ਅਤੇ ਇਕੱਲੇ ਫਰਵਰੀ ਮਹੀਨੇ ਦੌਰਾਨ 11,601 ਪ੍ਰਵਾਸੀਆਂ ਨੂੰ ਪੀ.ਆਰ. ਦੇ ਸੱਦੇ ਭੇਜੇ ਜਾ ਚੁੱਕੇ ਹਨ। ਇੰਮੀਗ੍ਰੇਸ਼ਨ ਵਿਭਾਗ ਵੱਲੋਂ 2025-26 ਦੇ ਟੀਚਿਆਂ ਅਧੀਨ ਕੈਨੇਡੀਅਨ ਤਜਰਬੇ ਵਾਲੇ ਅਤੇ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿਤੀ ਜਾ ਰਹੀ ਹੈ। 2025 ਦੌਰਾਨ ਕੈਨੇਡੀਅਨ ਤਜਰਬੇ ਅਤੇ ਪ੍ਰੋਵਿਨਸ਼ੀਅਨ ਨੌਮਿਨੀ ਪ੍ਰੋਗਰਾਮ ਵਾਲੇ 82,890 ਪ੍ਰਵਾਸੀਆਂ ਨੂੰ ਪੀ.ਆਰ. ਦਿਤੀ ਜਾ ਸਕਦੀ ਹੈ।
ਐਕਸਪ੍ਰੈਸ ਐਂਟਰੀ ਦੌਰਾਨ ਸੀ.ਆਰ.ਐਸ. ਸਕੋਰ 428 ਰਿਹਾ
ਇਥੇ ਦਸਣਾ ਬਣਦਾ ਹੈ ਕਿ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਵਿਚ ਸ਼ਾਮਲ ਉਮੀਦਵਾਰਾਂ ਨੂੰ 600 ਅੰਕ ਵਾਧੂ ਮਿਲ ਜਾਂਦੇ ਹਨ ਅਤੇ ਸੀ.ਆਰ.ਐਸ. ਵਿਚ ਉਨ੍ਹਾਂ ਦਾ ਮੁਕਾਬਲਾ ਕਰਨ ਵਾਲੇ ਜ਼ਿਆਦਾ ਉਮੀਦਵਾਰ ਨਹੀਂ ਹੁੰਦੇ। ਇਸ ਵੇਲੇ ਭਾਸ਼ਾਈ ਮੁਹਾਰਤ ਰਾਹੀਂ ਕੋਈ ਵੀ ਉਮੀਦਵਾਰ ਆਪਣੇ ਖਾਤੇ ਵਿਚ 310 ਅੰਕ ਜੋੜ ਸਕਦਾ ਹੈ ਅਤੇ ਜੀਵਨ ਸਾਥੀ ਕੋਲ ਵੀ ਬਰਾਬਰ ਦੀ ਮੁਹਾਰਤ ਹੋਣ ਦੀ ਸੂਰਤ ਵਿਚ 320 ਸੀ.ਆਰ.ਐਸ. ਅੰਕ ਹੋਰ ਜੁੜ ਜਾਂਦੇ ਹਨ। ਕੈਨੇਡੀਅਨ ਧਰਤੀ ’ਤੇ ਹਾਸਲ ਜਾਂ ਵਿਦੇਸ਼ੀ ਧਰਤੀ ’ਤੇ ਹਾਸਲ ਤਜਰਬੇ ਦਾ ਵੀ ਮੁੱਲ ਪੈਂਦਾ ਹੈ ਪਰ ਹੁਨਰਮੰਦ ਕਾਮਿਆਂ ਦੀ ਸ਼ੇ੍ਰਣੀ ਵਿਚ ਕਈ ਵਾਰ ਮੁਕਾਬਲਾ ਕਾਫ਼ੀ ਸਖ਼ਤ ਹੋ ਜਾਂਦਾ ਹੈ। ਇਥੇ ਦਸਣਾ ਬਣਦਾ ਹੈ ਕਿ 17 ਫ਼ਰਵਰੀ ਨੂੰ ਪ੍ਰੋਵਿਨਸ਼ੀਅਨ ਨੌਮਿਨੀ ਪ੍ਰੋਗਰਾਮ ਅਧੀਨ ਕੱਢੇ ਡਰਾਅ ਦੌਰਾਨ 646 ਉਮੀਦਵਾਰਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇ ਸੱਦੇ ਭੇਜੇ ਗਏ ਪਰ ਕਟ ਆਫ਼ ਸੀ.ਆਰ.ਐਸ. ਸਕੋਰ 750 ਦਰਜ ਕੀਤਾ ਗਿਆ।
ਫਰਵਰੀ ਮਹੀਨੇ ਦੌਰਾਨ 11,601 ਪੀ.ਆਰ. ਦੇ ਸੱਦੇ ਭੇਜੇ
ਇਸ ਤੋਂ ਪਹਿਲਾਂ 5 ਫ਼ਰਵਰੀ ਨੂੰ ਕੱਢੇ ਡਰਾਅ ਦੌਰਾਨ ਕੈਨੇਡੀਅਨ ਤਜਰਬੇ ਵਾਲੇ 4 ਹਜ਼ਾਰ ਉਮੀਦਵਾਰਾਂ ਨੂੰ ਪੀ.ਆਰ. ਦੇ ਸੱਦੇ ਭੇਜੇ ਗਏ ਅਤੇ ਘੱਟੋ ਘੱਟੋ ਸੀ.ਆਰ.ਐਸ. ਸਕੋਰ 521 ਦਰਜ ਕੀਤਾ ਗਿਆ। 23 ਜਨਵਰੀ ਨੂੰ ਕੱਢੇ ਗਏ ਡਰਾਅ ਵਿਚ ਵੀ ਚਾਰ ਹਜ਼ਾਰ ਉਮੀਦਵਾਰਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇ ਸੱਦੇ ਭੇਜੇ ਗਏ ਅਤੇ ਘੱਟੋ ਘੱਟ ਸੀ.ਆਰ.ਐਸ. ਸਕੋਰ 527 ਦਰਜ ਕੀਤਾ ਗਿਆ।