ਅਮਰੀਕਾ ’ਚ ਬਣੀਆਂ ਗੱਡੀਆਂ ’ਤੇ ਕੈਨੇਡਾ ਦੀਆਂ 25 ਫੀ ਸਦੀ ਟੈਰਿਫ਼ਸ ਲਾਗੂ
ਕੈਨੇਡਾ ਵੱਲੋਂ ਅਮਰੀਕਾ ਵਿਚ ਬਣੀਆਂ ਗੱਡੀਆਂ ’ਤੇ 25 ਫੀ ਸਦੀ ਟੈਰਿਫਸ ਅੱਧੀ ਰਾਤ ਤੋਂ ਲਾਗੂ ਕਰ ਦਿਤੀ ਗਈਆਂ।

By : Upjit Singh
ਔਟਵਾ/ਟੋਕੀਓ : ਕੈਨੇਡਾ ਵੱਲੋਂ ਅਮਰੀਕਾ ਵਿਚ ਬਣੀਆਂ ਗੱਡੀਆਂ ’ਤੇ 25 ਫੀ ਸਦੀ ਟੈਰਿਫਸ ਅੱਧੀ ਰਾਤ ਤੋਂ ਲਾਗੂ ਕਰ ਦਿਤੀ ਗਈਆਂ। ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਕਿਹਾ ਕਿ ਕੈਨੇਡਾ ਸਰਕਾਰ ਹਰ ਕਿਸਮ ਦੀਆਂ ਗੈਰਵਾਜਬ ਟੈਰਿਫਸ ਦਾ ਡਟਵਾਂ ਜਵਾਬ ਦੇਣਾ ਜਾਰੀ ਰੱਖੇਗੀ। ਕੈਨੇਡੀਅਨ ਟੈਰਿਫਸ ਉਨ੍ਹਾਂ ਸਾਰੀਆਂ ਗੱਡੀਆਂ ’ਤੇ ਲਾਗੂ ਹੋਣਗੀਆਂ ਜੋ ਨੌਰਥ ਅਮੈਰਿਕਨ ਫਰੀ ਟਰੇਡ ਸਮਝੌਤੇ ਅਧੀਨ ਤਿਆਰ ਨਹੀਂ ਕੀਤੀਆਂ ਜਾਂਦੀਆਂ। ਸਾਲਾਨਾ ਆਧਾਰ ’ਤੇ ਕੈਨੇਡਾ ਪੁੱਜਣ ਵਾਲੀਆਂ ਇਨ੍ਹਾਂ ਗੱਡੀਆਂ ਦੀ ਗਿਣਤੀ ਤਕਰੀਬਨ 67 ਹਜ਼ਾਰ ਬਣਦੀ ਹੈ। ਦੂਜੇ ਪਾਸੇ ਚੀਨ ਉਤੇ ਅਮਰੀਕਾ ਦੀਆਂ 104 ਫੀ ਸਦੀ ਟੈਰਿਫਸ ਵੀ ਲਾਗੂ ਹੋ ਗਈਆਂ ਅਤੇ ਆਈਫੋਨ ਦੇ ਭਾਅ ਡੇਢ ਗੁਣਾ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਚੀਨ ਉਤੇ ਟਰੰਪ ਦੀਆਂ 104 ਫ਼ੀ ਸਦੀ ਟੈਰਿਫਸ ਵੀ ਲਾਗੂ ਹੋਈਆਂ
ਟੈਰਿਫਸ ਦਾ ਅਸਰ ਏਸ਼ੀਆਈ ਅਤੇ ਯੂਰਪੀ ਸ਼ੇਅਰ ਬਾਜ਼ਾਰਾਂ ’ਤੇ ਸਾਫ਼ ਨਜ਼ਰ ਆ ਰਿਹਾ ਸੀ। ਜਾਪਾਨ ਦਾ ਸ਼ੇਅਰ ਬਾਜ਼ਾਰ 4 ਫੀ ਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਜਦਕਿ ਜਰਮਨੀ ਦਾ ਸ਼ੇਅਰ ਬਾਜ਼ਾਰ 2.1 ਫੀ ਸਦੀ ਹੇਠਾਂ ਆਇਆ। ਪੈਰਿਸ ਅਤੇ ਲੰਡਨ ਦੇ ਸ਼ੇਅਰ ਬਾਜ਼ਾਰਾਂ ਵਿਚ ਵੀ ਤਕਰੀਬਨ 2 ਫੀ ਸਦੀ ਕਮੀ ਦਰਜ ਕੀਤੀ ਗਈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਸ਼ੇਅਰ ਬਾਜ਼ਾਰ ਹੋਰ ਗੋਤੇ ਲਾ ਸਕਦੇ ਹਨ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਟੈਰਿਫਸ ਦਾ ਅਸਰ ਸਾਫ਼ ਤੌਰ ’ਤੇ ਦੇਖਣ ਨੂੰ ਮਿਲੇਗਾ। ਕੌਮਾਂਤਰੀ ਬਾਜ਼ਾਰ ਵਿਚ ਯੂ.ਐਸ. ਡਾਲਰ ਦੀ ਕੀਮਤ ਵੀ ਡਿੱਗਣੀ ਸ਼ੁਰੂ ਹੋ ਗਈ ਹੈ ਅਤੇ ਜਾਪਾਨੀ ਕਰੰਸੀ ਦੇ ਮੁਕਾਬਲੇ ਡਾਲਰ ਦੀ ਕੀਮਤ 146.29 ਯੈਨ ਤੋਂ ਘਟ ਕੇ 145 ਯੈਨ ਹੋ ਗਈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਦਵਾਈਆਂ ਉਤੇ ਵੀ ਭਾਰੀ ਭਰਕਮ ਟੈਰਿਫਸ ਲਾਉਣ ਦਾ ਐਲਾਨ ਕੀਤਾ ਗਿਆ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਵਿਦੇਸ਼ਾਂ ਵਿਚ ਦਵਾਈਆਂ ਤਿਆਰ ਕਰ ਰਹੀਆਂ ਕੰਪਨੀਆਂ ਨੂੰ ਅਮਰੀਕਾ ਵਾਪਸ ਲਿਆਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵੱਖ ਵੱਖ ਮੁਲਕਾਂ ਵੱਲੋਂ ਦਵਾਈਆਂ ਦੀਆਂ ਕੀਮਤਾਂ ਘੱਟ ਰੱਖਣ ਲਈ ਬੇਹੱਦ ਦਬਾਅ ਪਾਇਆ ਜਾਂਦਾ ਹੈ।
ਟਰੰਪ ਵੱਲੋਂ ਹੁਣ ਦਵਾਈਆਂ ਉਤੇ ਭਾਰੀ ਭਰਕਮ ਟੈਰਿਫਸ ਦਾ ਐਲਾਨ
ਵਿਦੇਸ਼ਾਂ ਵਿਚ ਫਾਰਮਾਸੂਟੀਕਲ ਕੰਪਨੀਆਂ ਸਸਤੀਆਂ ਦਵਾਈਆਂ ਵੇਚਦੀਆਂ ਹਨ ਪਰ ਅਮਰੀਕਾ ਵਿਚ ਸਭ ਕੁਝ ਪੁੱਠਾ ਹੋ ਰਿਹਾ ਹੈ। ਇਕ ਵਾਰ ਦਵਾਈ ਕੰਪਨੀਆਂ ’ਤੇ ਟੈਰਿਫਸ ਲਾਗੂ ਹੋ ਗਈਆਂ ਤਾਂ ਇਹ ਸਾਰੀਆਂ ਅਮਰੀਕਾ ਵਾਪਸ ਆ ਜਾਣਗੀਆਂ। ਟਰੰਪ ਨੇ ਦਾਅਵਾ ਕੀਤਾ ਕਿ ਲੰਡਨ ਵਿਚ ਜਿਹੜੀ ਦਵਾਈ 88 ਡਾਲਰ ਵਿਚ ਮਿਲ ਜਾਂਦੀ ਹੈ, ਬਿਲਕੁਲ ਉਹੀ ਦਵਾਈ ਅਮਰੀਕਾ ਵਿਚ 1,300 ਡਾਲਰ ਦੀ ਵਿਕ ਰਹੀ ਹੈ ਅਤੇ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ, ਦੁਨੀਆਂ ਦਾ ਸਭ ਤੋਂ ਵੱਧ ਦਵਾਈਆਂ ਖਰੀਦਣ ਵਾਲਾ ਮੁਲਕ ਹੈ ਜਦਕਿ ਭਾਰਤ, ਅਮਰੀਕਾ ਨੂੰ ਦਵਾਈਆਂ ਵੇਚਣ ਵਾਲੇ ਸਿਖਰਲੇ ਪੰਜ ਮੁਲਕਾਂ ਵਿਚ ਆਉਂਦਾ ਹੈ।


