Begin typing your search above and press return to search.

Canada : ਘਰ ਖ਼ਰੀਦ ਕਸੂਤੇ ਫ਼ਸੇ ਸੈਂਕੜੇ Punjabi

ਕੈਨੇਡਾ ਵਿਚ ਸੈਂਕੜੇ ਪੰਜਾਬੀ ਪਰਵਾਰ ਘਰ ਖਰੀਦ ਕੇ ਕਸੂਤੇ ਫਸ ਗਏ ਅਤੇ ਹੁਣ ਘਰ ਵੇਚ ਕੇ ਵੀ ਕਰਜ਼ੇ ਦੀ ਰਕਮ ਪੂਰੀ ਨਹੀਂ ਹੋ ਰਹੀ

Canada : ਘਰ ਖ਼ਰੀਦ ਕਸੂਤੇ ਫ਼ਸੇ ਸੈਂਕੜੇ Punjabi
X

Upjit SinghBy : Upjit Singh

  |  2 May 2026 5:54 PM IST

  • whatsapp
  • Telegram

ਬਰੈਂਪਟਨ : ਕੈਨੇਡਾ ਵਿਚ ਸੈਂਕੜੇ ਪੰਜਾਬੀ ਪਰਵਾਰ ਘਰ ਖਰੀਦ ਕੇ ਕਸੂਤੇ ਫਸ ਗਏ ਅਤੇ ਹੁਣ ਘਰ ਵੇਚ ਕੇ ਵੀ ਕਰਜ਼ੇ ਦੀ ਰਕਮ ਪੂਰੀ ਨਹੀਂ ਹੋ ਰਹੀ। ਜੀ ਹਾਂ, 12 ਲੱਖ ਡਾਲਰ ਵਾਲੇ ਮਕਾਨ ਦੀ ਕੀਮਤ 8 ਲੱਖ 50 ਹਜ਼ਾਰ ਡਾਲਰ ਤੱਕ ਡਿੱਗ ਚੁੱਕੀ ਹੈ ਜਦਕਿ ਮਕਾਨ ਖਰੀਦਣ ਵਾਸਤੇ ਲਿਆ ਕਰਜ਼ਾ 9 ਲੱਖ ਡਾਲਰ ਤੋਂ ਵੱਧ ਬਣਦਾ ਹੈ। ਦੂਜੇ ਪਾਸੇ ਇਕੁਈਫ਼ੈਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਬਰੈਂਪਟਨ ਸ਼ਹਿਰ ਵਿਚ ਡਿਫ਼ਾਲਟਰਾਂ ਦੀ ਗਿਣਤੀ ਕੈਨੇਡਾ ਵਿਚ ਸਭ ਤੋਂ ਵੱਧ ਬਣਦੀ ਹੈ। 2019 ਵਿਚ ਬਰੈਂਪਟਨ ਵਿਖੇ ਇਕ ਘਰ ਦੀ ਔਸਤ ਕੀਮਤ 6 ਲੱਖ 39 ਹਜ਼ਾਰ ਡਾਲਰ ਰਹੀ ਪਰ ਸਾਲ 2022 ਚੜ੍ਹਦਿਆਂ ਰੀਅਲ ਅਸਟੇਟ ਬਾਜ਼ਾਰ ਅਸਮਾਨ ਨਾਲ ਗੱਲਾਂ ਕਰਨ ਲੱਗਿਆ ਅਤੇ ਕੀਮਤ 12 ਲੱਖ ਡਾਲਰ ਤੋਂ ਟੱਪ ਗਈ ਜੋ ਇਸ ਵੇਲੇ ਸਾਢੇ ਅੱਠ ਲੱਖ ਡਾਲਰ ਤੋਂ 9 ਲੱਖ ਡਾਲਰ ਦਰਮਿਆਨ ਚੱਲ ਰਹੀ ਹੈ।

ਕਿਸ਼ਤਾਂ ਮੋੜਨੀਆਂ ਹੋਈਆਂ ਔਖੀਆਂ

2021 ਅਤੇ 2022 ਵਿਚ ਲੋਕਾਂ ਨੇ ਭਾਰੀ-ਭਰਕਮ ਕਰਜ਼ੇ ਲੈਂਦਿਆਂ ਮਕਾਨ ਖਰੀਦ ਲਏ ਪਰ ਹੁਣ ਕਿਸ਼ਤਾਂ ਮੋੜੀਆਂ ਨਹੀਂ ਜਾ ਰਹੀਆਂ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਮੌਰਗੇਜ ਬ੍ਰੋਕਰ ਰਾਖੀ ਮਦਾਨ ਨੇ ਦੱਸਿਆ ਕਿ ਕਈ ਪਾਸਿਆਂ ਤੋਂ ਪੈ ਰਿਹਾ ਦਬਾਅ ਬਰੈਂਪਟਨ ਦੇ ਹਾਲਾਤ ਬਦਤਰ ਕਰ ਰਿਹਾ ਹੈ। ਰਾਖੀ ਮਦਾਨ ਦਾ ਇਸ਼ਾਰਾ ਉਚੀਆਂ ਵਿਆਜ ਦਰਾਂ, ਘਰਾਂ ਦੀਆਂ ਕੀਮਤਾਂ ਵਿਚ ਕਮੀ ਅਤੇ ਰੁਜ਼ਗਾਰ ਖੇਤਰ ਦੇ ਡਾਵਾਂਡੋਲ ਹਾਲਾਤ ਵੱਲ ਸੀ। 2025 ਦੀ ਅੰਤਮ ਤਿਮਾਹੀ ਦੌਰਾਨ ਬਰੈਂਪਟਨ ਵਿਖੇ ਕਿਸ਼ਤਾਂ ਟੁੱਟਣ ਦੀ ਦਰ 0.6 ਫ਼ੀ ਸਦੀ ਦਰਜ ਕੀਤੀ ਗਈ ਜਦਕਿ ਕੌਮੀ ਪੱਧਰ ’ਤੇ ਇਹ ਅੰਕੜਾ 0.3 ਫ਼ੀ ਸਦੀ ਬਣਦਾ ਹੈ। 2019 ਦੀ ਅੰਤਮ ਤਿਮਾਹੀ ਦੌਰਾਨ ਬਰੈਂਪਟਨ ਵਿਚ ਕਿਸ਼ਤਾਂ ਟੁੱਟਣ ਦੀ ਦਰ 0.06 ਫ਼ੀ ਸਦੀ ਰਹੀ ਜਦਕਿ ਕੌਮੀ ਪੱਧਰ ਦਾ ਅੰਕੜਾ ਤਿੰਨ ਗੁਣਾ ਵੱਧ 0.18 ਫ਼ੀ ਸਦੀ ਦਰਜ ਕੀਤਾ ਗਿਆ। ਕੈਨੇਡਾ ਵਿਚ ਘਰ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਦੀ ਸਭ ਤੋਂ ਤੇਜ਼ ਰਫ਼ਤਾਰ ਬਰੈਂਪਟਨ ਵਿਖੇ ਸਾਹਮਣੇ ਆ ਰਹੀ ਹੈ ਪਰ ਟੋਰਾਂਟੋ, ਮਾਰਖਮ, ਔਸ਼ਵਾ ਅਤੇ ਵੈਨਕੂਵਰ ਵੀ ਜ਼ਿਆਦਾ ਪਿੱਛੇ ਨਹੀਂ। ਕਈ ਸ਼ਹਿਰਾਂ ਵਿਚ ਕਿਸ਼ਤਾਂ ਟੁੱਟਣ ਦੀ ਰਫ਼ਤਾਰ 2022 ਦੇ ਮੁਕਾਬਲੇ ਦੁੱਗਣੀ ਹੋ ਚੁੱਕੀ ਹੈ ਜਿਨ੍ਹਾਂ ਵਿਚ ਔਟਵਾ, ਕਿੰਗਸਟਨ, ਹੈਮਿਲਟਨ, ਕਿਚਨਰ, ਲੰਡਨ, ਵਿੰਡਸਰ, ਸੇਂਟ ਕੈਥਰੀਨਜ਼ ਅਤੇ ਬੈਰੀ ਸ਼ਾਮਲ ਹਨ। ਕੈਨੇਡਾ ਦੇ ਬੈਂਕਿੰਗ ਨਿਗਰਾਨ ਵੱਲੋਂ ਸੁਚੇਤ ਕੀਤਾ ਗਿਆ ਹੈ ਕਿ ਮੌਰਗੇਜ ਨਵਿਆਉਣ ਦੀ ਪ੍ਰਕਿਰਿਆ ਦੌਰਾਨ ਡਿਫ਼ਾਲਟਰਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਹੈਰਾਨਕੁੰਨ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਜਿਥੇ ਕੈਨੇਡਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਕਿਸ਼ਤਾਂ ਟੁੱਟਣ ਦੀ ਰਫ਼ਤਾਰ ਸਥਿਰ ਹੈ ਜਾਂ ਘਟ ਰਹੀ ਹੈ, ਉਥੇ ਹੀ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਤੇਜ਼ੀ ਨਾਲ ਉਪਰ ਵੱਲ ਜਾ ਰਹੀ ਹੈ। ਚੇਤੇ ਰਹੇ ਕਿ ਕੋਰੋਨਾ ਮਹਾਂਮਾਰੀ ਮਗਰੋਂ ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ ਵਿਚ ਲਗਾਤਾਰ ਕਟੌਤੀ ਕੀਤੀ ਪਰ ਕੁਝ ਵਰ੍ਹੇ ਬਾਅਦ ਮਹਿੰਗਾਈ ਕਾਬੂ ਹੇਠ ਲਿਆਉਣ ਲਈ ਵਿਆਜ ਦਰਾਂ ਵਿਚ ਮੁੜ ਵਾਧਾ ਸ਼ੁਰੂ ਹੋ ਗਿਆ ਅਤੇ ਮੋਟਾ ਕਰਜ਼ਾ ਲੈ ਕੇ ਮਕਾਨ ਖਰੀਦਣ ਵਾਲੇ ਕਸੂਤੇ ਫਸ ਗਏ।

ਬਰੈਂਪਟਨ ਵਿਖੇ ਸਭ ਤੋਂ ਵੱਧ ਡਿਫ਼ਾਲਟਰ

ਹੁਣ ਆਰਥਿਕ ਮਾਹਰਾਂ ਵੱਲੋਂ ਵਿਆਜ ਦਰਾਂ ਮੁੜ ਵਧਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ ਜਿਸ ਨਾਲ ਘਰ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਅੰਕੜੇ ਦਰਸਾਉਂਦੇ ਹਨ ਕਿ ਮਹਿੰਗੇ ਘਰ ਖਰੀਦਣ ਵਾਲਿਆਂ ਦੀਆਂ ਕਿਸ਼ਤਾਂ ਜ਼ਿਆਦਾ ਟੁੱਟ ਰਹੀਆਂ ਹਨ। ਮਿਸਾਲ ਵਜੋਂ 8 ਲੱਖ ਡਾਲਰ ਤੋਂ 10 ਲੱਖ ਡਾਲਰ ਤੱਕ ਦੇ ਮੌਰਗੇਜ ਵਿਚ ਕਿਸ਼ਤਾਂ ਟੁੱਟਣ ਦੀ ਦਰ 1.13 ਫ਼ੀ ਸਦੀ ਹੈ ਪਰ 3 ਲੱਖ ਡਾਲਰ ਜਾਂ ਇਸ ਤੋਂ ਘੱਟ ਰਕਮ ਵਾਲੇ ਕਰਜ਼ੇ ’ਤੇ ਕਿਸ਼ਤਾਂ ਟੁੱਟਣ ਦੀ ਦਰ ਮਹਿਜ਼ 0.2 ਫ਼ੀ ਸਦੀ ਦਰਜ ਕੀਤੀ ਗਈ। ਦੂਜੇ ਪਾਸੇ ਕਿਸ਼ਤਾਂ ਟੁੱਟਣ ਦੇ ਕਾਰਨਾਂ ਵਿਚ ਤਿੰਨ-ਤਿੰਨ ਪੁਸ਼ਤਾਂ ਦਾ ਇਕੱਠੇ ਰਹਿਣ ਨੂੰ ਗਿਣਿਆ ਜਾ ਰਿਹਾ ਹੈ। ਬਰੈਂਪਟਨ ਵਿਖੇ 14.3 ਫ਼ੀ ਸਦੀ ਪਰਵਾਰ ਦੀਆਂ ਤਿੰਨ ਪੁਸ਼ਤਾਂ ਇਕੱਠੀਆਂ ਰਹਿ ਰਹੀਆਂ ਹਨ ਜਦਕਿ ਕੌਮੀ ਪੱਧਰ ’ਤੇ ਇਹ ਅੰਕੜਾ 2.9 ਫ਼ੀ ਸਦੀ ਬਣਦਾ ਹੈ। ਰਾਖੀ ਮਦਾਨ ਦਾ ਕਹਿਣਾ ਸੀ ਕਿ ਅਜਿਹੇ ਪਰਵਾਰਾਂ ਦਾ ਰੋਜ਼ਾਨਾ ਖਰਚਾ ਹੋਰਨਾਂ ਦੇ ਮੁਕਾਬਲੇ ਵੱਧ ਬਣਦਾ ਹੈ ਅਤੇ ਜਦੋਂ ਮੌਰਗੇਜ ਕਿਸ਼ਤ ਵਧ ਜਾਂਦੀ ਹੈ ਤਾਂ ਆਰਥਿਕ ਹਾਲਾਤ ਉਲਝ ਜਾਂਦੇ ਹਨ। ਇਸ ਵੇਲੇ ਬਰੈਂਪਟਨ ਦੇ ਹਰ 20 ਘਰਾਂ ਪਿੱਤੇ ਇਕ ਵਿਕਰੀ ਸੂਚੀ ਵਿਚ ਸ਼ਾਮਲ ਹੈ ਜਦਕਿ ਉਨਟਾਰੀਓ ਦੇ ਬਾਕੀ ਹਿੱਸਿਆ ਵਿਚ ਇਹ ਅੰਕੜਾ 50 ਘਰਾਂ ਪਿੱਛੇ ਇਕ ਬਣਦਾ ਹੈ। ਮੌਜੂਦਾ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਦੌਰਾਨ ਬਰੈਂਪਟਨ ਵਿਖੇ 14 ਮਕਾਨ ਪਾਵਰ ਆਫ਼ ਸੇਲ ਅਧੀਨ ਵੇਚੇ ਗਏ ਜਦਕਿ ਪਿਛਲੇ ਸਾਲ 43 ਮਕਾਨ ਪਾਵਰ ਆਫ਼ ਸੇਲ ਅਧੀਨ ਵੇਚੇ ਗਏ। ਮਿਸੀਸਾਗਾ ਵਿਖੇ ਇਹ ਅੰਕੜਾ ਅੱਧ ਤੋਂ ਵੀ ਘੱਟ ਬਣਦਾ ਹੈ।

Next Story
ਤਾਜ਼ਾ ਖਬਰਾਂ
Share it