ਕੈਨੇਡਾ : ਸੈਂਕੜੇ ਪੰਜਾਬੀਆਂ ਨੂੰ ਡਿਪੋਰਟ ਕਰਨ ਦੇ ਹੁਕਮ
ਕੈਨੇਡਾ ਵਿਚ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਡਿਪੋਰਟੇਸ਼ਨ ਆਰਡਰ ਜਾਰੀ ਹੋਣ ਦੀਆਂ ਕਨਸੋਆਂ ਦਰਮਿਆਨ ਇਨ੍ਹਾਂ ਦੀ ਪਛਾਣ ਵੀ ਸਾਹਮਣੇ ਆਉਣੀ ਲੱਗੀ ਹੈ

By : Upjit Singh
ਬਰੈਂਪਟਨ : ਕੈਨੇਡਾ ਵਿਚ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਡਿਪੋਰਟੇਸ਼ਨ ਆਰਡਰ ਜਾਰੀ ਹੋਣ ਦੀਆਂ ਕਨਸੋਆਂ ਦਰਮਿਆਨ ਇਨ੍ਹਾਂ ਦੀ ਪਛਾਣ ਵੀ ਸਾਹਮਣੇ ਆਉਣੀ ਲੱਗੀ ਹੈ ਅਤੇ 25 ਸਾਲ ਦੇ ਅਕਾਸ਼ਦੀਪ ਸਿੰਘ ਸਣੇ ਇਹ ਸਾਰੇ ਬਾਰਡਰ ਸਰਵਿਸਿਜ਼ ਵਾਲਿਆਂ ਤੋਂ ਲੁਕਦੇ ਫਿਰ ਰਹੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਮਕਾਨ ਮਾਲਕ ਦੇ ਹਜ਼ਾਰਾਂ ਡਾਲਰ ਦੱਬ ਕੇ ਫਰਾਰ ਹੋਏ 6 ਪੰਜਾਬੀ ਮੁੰਡੇ-ਕੁੜੀਆਂ ਵਿਚੋਂ ਆਕਾਸ਼ਦੀਪ ਸਿੰਘ ਇਕ ਹੈ ਅਤੇ ਉਸ ਦੀ ਤਸਵੀਰ ਸਣੇ ਬਾਰਡਰ ਸਰਵਿਸਿਜ਼ ਵਾਲਿਆਂ ਕੋਲ ਪੇਸ਼ੀ ਦਾ ਨੋਟਿਸ ਵੀ ਲਗਾਤਾਰ ਵਾਇਰਲ ਹੋ ਰਿਹਾ ਹੈ।
ਮਕਾਨ ਮਾਲਕ ਦੇ ਹਜ਼ਾਰਾਂ ਡਾਲਰ ਦੱਬਣ ਵਾਲਾ ਵੀ ਸ਼ਾਮਲ
ਦੂਜੇ ਪਾਸੇ ਅਕਾਸ਼ਦੀਪ ਸਿੰਘ ਨਾਂ ਦੇ ਇਕ ਨੌਜਵਾਨ ਵੱਲੋਂ ਪਿਛਲੇ ਦਿਨੀਂ ਕੈਲਗਰੀ ਵਿਖੇ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ ਅਤੇ ਪਰਵਾਰਕ ਮੈਂਬਰਾਂ ਮੁਤਾਬਕ ਅਕਾਸ਼ਦੀਪ ਸਿੰਘ ਬਰੈਂਪਟਨ ਵਿਖੇ ਰਹਿੰਦਾ ਸੀ ਪਰ ਕੁਝ ਦਿਨ ਪਹਿਲਾਂ ਹੀ ਕੈਲਗਰੀ ਚਲਾ ਗਿਆ। ਇਹ ਨੌਜਵਾਨ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਕਾ ਨਾਲ ਸਬੰਧਤ ਸੀ ਪਰ ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਹੋ ਸਕੀ ਕਿ 7 ਮਹੀਨੇ ਦਾ ਮਕਾਨ ਕਿਰਾਇਆ ਅਦਾ ਕੀਤੇ ਬਗੈਰ ਸਮਾਨ ਚੁੱਕ ਕੇ ਫਰਾਰ ਹੋਏ ਨੌਜਵਾਨਾਂ ਨਾਲ ਇਸ ਦਾ ਕੋਈ ਸਬੰਧਤ ਸੀ। ਚੇਤੇ ਰਹੇ ਕਿ ਖਾਲਿਸਤਾਨ ਹਮਾਇਤੀ ਹੋਣ ਦਾ ਦਾਅਵਾ ਕਰ ਰਹੇ ਕਿਰਾਏਦਾਰਾਂ ਨੇ ਬਰੈਂਪਟਨ ਵਿਖੇ ਦੱਬਿਆ ਮਕਾਨ ਕੁਝ ਹਫ਼ਤੇ ਪਹਿਲਾਂ ਚੁੱਪ-ਚਪੀਤੇ ਖਾਲੀ ਕਰ ਦਿਤਾ ਜਦਕਿ ਕਿਰਾਏ ਅਤੇ ਬਿਜਲੀ-ਪਾਣੀ ਦੇ ਬਿਲ ਵਜੋਂ ਬਕਾਇਆ 25 ਹਜ਼ਾਰ ਡਾਲਰ ਦੀ ਰਕਮ ਦੇਣ ਕੋਈ ਨਾ ਆਇਆ।
ਇੰਮੀਗ੍ਰੇਸ਼ਨ ਵਾਲਿਆਂ ਤੋਂ ਲੁਕਦੇ ਫਿਰ ਰਹੇ ਨੌਜਵਾਨ
ਕਿਰਾਏਦਾਰਾਂ ਦੇ ਨਾਂ ਸਿਮਰਨ ਕੌਰ, ਮਹਿੰਦਰ ਸਿੰਘ, ਪੁਨੀਤ ਪਾਲ ਸਿੰਘ, ਹਰਮਨਪ੍ਰੀਤ ਕੌਰ, ਅਕਾਸ਼ਦੀਪ ਸਿੰਘ ਅਤੇ ਸਬੀਰ ਸਿੰਘ ਦੱਸੇ ਜਾ ਰਹੇ ਹਨ ਅਤੇ ਡਿਪੋਰਟੇਸ਼ਨ ਦੇ ਹੁਕਮਾਂ ਨਾਲ ਸਬੰਧਤ ਤਾਜ਼ਾ ਖੁਲਾਸਾ ਹੋਰ ਵੀ ਹੈਰਾਨਕੁੰਨ ਹੈ। ਹੁਣ ਤੱਕ ਇਨ੍ਹਾਂ ਛੇ ਜਣਿਆਂ ਦੇ ਨਵੇਂ ਪਤੇ ਟਿਕਾਣੇ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਸਿਰਫ਼ ਅਕਾਸ਼ਦੀਪ ਸਿੰਘ ਦੀ ਤਸਵੀਰ ਹੀ ਸਾਹਮਣੇ ਆਈ ਹੈ।


