ਕੈਨੇਡਾ ਚੋਣਾਂ : ਇਕ ਹਫ਼ਤੇ ਦਾ ਪ੍ਰਚਾਰ ਹੋਇਆ ਮੁਕੰਮਲ
ਕੈਨੇਡਾ ਵਿਚ ਚੋਣ ਪ੍ਰਚਾਰ ਦਾ ਇਕ ਹਫ਼ਤਾ ਲੰਘਣ ਮਗਰੋਂ ਸਾਹਮਣੇ ਆਏ ਸਰਵੇਖਣ ਵੱਖੋ-ਵੱਖਰੀ ਕਹਾਣੀ ਬਿਆਨ ਕਰ ਰਹੇ ਹਨ।

ਟੋਰਾਂਟੋ : ਕੈਨੇਡਾ ਵਿਚ ਚੋਣ ਪ੍ਰਚਾਰ ਦਾ ਇਕ ਹਫ਼ਤਾ ਲੰਘਣ ਮਗਰੋਂ ਸਾਹਮਣੇ ਆਏ ਸਰਵੇਖਣ ਵੱਖੋ-ਵੱਖਰੀ ਕਹਾਣੀ ਬਿਆਨ ਕਰ ਰਹੇ ਹਨ। ਸੀ.ਟੀ.ਵੀ. ਅਤੇ ਗਲੋਬ ਐਂਡ ਮੇਲ ਵੱਲੋਂ ਪ੍ਰਕਾਸ਼ਤ ਨੈਨੋਜ਼ ਰਿਸਰਚ ਦੇ ਅੰਕੜਿਆਂ ਮੁਤਾਬਕ ਮਾਰਕ ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੀ ਹੈ ਜਦਕਿ ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਇਪਸੌਸ ਦੇ ਅੰਕੜਿਆਂ ਮੁਤਾਬਕ ਲਿਬਰਲ ਪਾਰਟੀ ਦੀ ਲੀਡ ਵਿਚ ਇਕ ਫ਼ੀ ਸਦੀ ਕਮੀ ਆਈ ਹੈ। ਪ੍ਰਧਾਨ ਮੰਤਰੀ ਵਜੋਂ ਪਹਿਲੀ ਪਸੰਦ ਦਾ ਜ਼ਿਕਰ ਕੀਤਾ ਜਾਵੇ ਤਾਂ ਮਾਰਕ ਕਾਰਨ ਦੀ ਲੀਡ ਕਿਤੇ ਜ਼ਿਆਦਾ ਨਜ਼ਰ ਆ ਰਹੀ ਹੈ। ਨੈਨੋਜ਼ ਰਿਸਰਚ ਦੇ ਅੰਕੜਿਆਂ ਮਤਾਬਕ ਕੈਨੇਡਾ ਦੇ 47.7 ਫੀ ਸਦੀ ਲੋਕ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਮੰਤਰੀ ਦੇਖਣਾ ਚਾਹੁੰਦੇ ਹਨ ਜਦਕਿ ਪਿਅਰੇ ਪੌਇਲੀਐਵ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 32 ਫੀ ਸਦੀ ਦਰਜ ਕੀਤੀ ਗਈ।
ਲਿਬਰਲ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੀ
ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੂੰ ਪ੍ਰਧਾਨ ਮੰਤਰੀ ਦੇਖਣ ਦੇ ਇੱਛਕ ਲੋਕਾਂ ਦੀ ਗਿਣਤੀ ਸਿਰਫ਼ 4.3 ਫੀ ਸਦੀ ਦੱਸੀ ਜਾ ਰਹੀ ਹੈ। ਇਪਸੌਸ ਦਾ ਸਰਵੇਖਣ ਕਹਿੰਦਾ ਹੈ ਕਿ 44 ਫੀ ਸਦੀ ਕੈਨੇਡੀਅਨ ਵੋਟਰ ਲਿਬਰਲ ਪਾਰਟੀ ਦੇ ਹੱਕ ਵਿਚ ਖੜ੍ਹੇ ਨਜ਼ਰ ਆ ਰਹੇ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦੀ ਗਿਣਤੀ 38 ਫ਼ੀ ਸਦੀ ਦਰਜ ਕੀਤੀ ਗਈ। ਐਨ.ਡੀ.ਪੀ. ਨੂੰ ਵੋਟ ਪਾਉਣ ਦਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ 9 ਫ਼ੀ ਸਦੀ ਦਰਜ ਕੀਤੀ ਗਈ ਜੋ ਪਿਛਲੇ ਸਰਵੇਖਣ ਦੇ ਮੁਕਾਬਲੇ ਇਕ ਫ਼ੀ ਸਦੀ ਘੱਟ ਬਣਦੀ ਹੈ। ਖੇਤਰੀ ਪਾਰਟੀ ਬਲੌਕ ਕਿਊਬੈਕ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬੇ ਦੇ 24 ਫ਼ੀ ਸਦੀ ਲੋਕਾਂ ਵੱਲੋਂ ਤਰਜੀਹ ਦੇ ਆਧਾਰ ’ਤੇ ਵੋਟ ਪਾਉਣ ਦੀ ਗੱਲ ਆਖੀ ਗਈ ਪਰ ਕੌਮੀ ਪੱਧਰ ’ਤੇ ਇਹ ਅੰਕੜਾ ਪੰਜ ਫ਼ੀ ਸਦੀ ਹੀ ਬਣਦਾ ਹੈ।
ਚੋਣਾਂ ਸਰਵੇਖਣਾਂ ਵਿਚ ਕੰਜ਼ਰਵੇਟਿਵ ਪਾਰਟੀ 5 ਅੰਕ ਪੱਛੜੀ
ਗਰੀਨ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ 2 ਫ਼ੀ ਸਦੀ ਦਰਜ ਕੀਤੀ ਗਈ ਜਦਕਿ ਪੀਪਲਜ਼ ਪਾਰਟੀ ਆਫ਼ ਕੈਨੇਡਾ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਸਿਰਫ਼ ਇਕ ਫ਼ੀ ਸਦੀ ਰਹਿ ਗਈ। ਸਰਵੇਖਣ ਦੌਰਾਨ ਅੱਠ ਫ਼ੀ ਸਦੀ ਵੋਟਰ ਅਜਿਹੇ ਰਹੇ ਜੋ ਹੁਣ ਤੱਕ ਕਿਸੇ ਪਾਰਟੀ ਦੀ ਹਮਾਇਤ ਕਰਨ ਦਾ ਫੈਸਲਾ ਨਹੀਂ ਕਰ ਸਕੇ। ਇਪਸੌਸ ਦੇ ਸਰਵੇਖਣ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਸਿਰਫ਼ ਨਾਂਹਪੱਖੀ ਬਿਆਨਾਂ ਦੇ ਮਾਮਲੇ ਵਿਚ ਲੀਡ ਕਰ ਰਹੇ ਹਨ ਅਤੇ ਲੋਕਾਂ ਵੱਲੋਂ ਟੋਰੀ ਆਗੂ ਦਾ ਲੁਕਵਾਂ ਏਜੰਡਾ ਹੋਣ ਦਾ ਸ਼ੱਕ ਵੀ ਜ਼ਾਹਰ ਕੀਤਾ ਜਾ ਰਿਹਾ ਹੈ। ਰਾਜਾਂ ਦੇ ਆਧਾਰ ’ਤੇ ਦੇਖਿਆ ਜਾਵੇ ਤਾਂ ਉਨਟਾਰੀਓ, ਕਿਊਬੈਕ, ਬ੍ਰਿਟਿਸ਼ ਕੋਲੰਬੀਆ ਅਤੇ ਐਟਲਾਂਟਿਕ ਕੈਨੇਡਾ ਵਿਚ ਲਿਬਰਲ ਪਾਰਟੀ ਵਧੇਰੇ ਮਜ਼ਬੂਤ ਹੈਜਦਕਿ ਐਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਵਿਚ ਕੰਜ਼ਰਵੇਟਿਵ ਪਾਰਟੀ ਦਾ ਹੱਥ ਉਤੇ ਮਹਿਸੂਸ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਵਜੋਂ ਪਹਿਲੀ ਪਸੰਦ ਬਣੇ ਮਾਰਕ ਕਾਰਨੀ
ਮੁੱਦਿਆਂ ਨੂੰ ਆਧਾਰ ਬਣਾਇਆ ਜਾਵੇ ਤਾਂ 28 ਫ਼ੀ ਸਦੀ ਵੋਟਰ ਹੈਲਥ ਕੇਅਰ ਨੂੰ ਤਰਜੀਹ ਦੇ ਰਹੇ ਹਨ ਜਦਕਿ 26 ਫੀ ਸਦੀ ਹਾਊਸਿੰਗ ਨੂੰ ਪ੍ਰਮੁੱਖ ਮੁੱਦਾ ਮੰਨਦੇ ਹਨ, ਕੈਨੇਡੀਅਨ ਅਰਥਚਾਰੇ ਨੂੰ ਪ੍ਰਮੁੱਖ ਮੁੱਦਾ ਮੰਨਣ ਵਾਲਿਆਂ ਦੀ ਗਿਣਤੀ 23 ਫੀ ਸਦੀ ਰਹੀ ਜਦਕਿ ਇੰਮੀਗ੍ਰੇਸ਼ਨ 14 ਫ਼ੀ ਸਦੀ ਲੋਕਾਂ ਦੀ ਚਿੰਤਾ ਬਣੀ ਹੋਈ ਹੈ। ਬੇਰੁਜ਼ਗਾਰੀ ਅਤੇ ਵਿਆਜ ਦਰਾਂ 13-13 ਫੀ ਸਦੀ ਲੋਕਾਂ ਦੀਆਂ ਨਜ਼ਰਾਂ ਵਿਚ ਮੁੱਖ ਮੱਦਾ ਰਹੇ। ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਚੋਣ ਨਤੀਜਿਆਂ ਉਤੇ ਟਰੰਪ ਦਾ ਅਸਰ ਸਾਫ਼ ਤੌਰ ’ਤੇ ਦੇਖਣ ਨੂੰ ਮਿਲੇਗਾ ਜੋ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣਾ ਚਾਹੁੰਦੇ ਹਨ। ਸਰਵੇਖਣ ਦੌਰਾਨ 30 ਫੀ ਸਦੀ ਲੋਕਾਂ ਵੱਲੋਂ ਟਰੰਪ ਦੀਆਂ ਧਮਕੀਆਂ ਨੂੰ ਡੂੰਘੀ ਚਿੰਤਾ ਦਾ ਕਾਰਨ ਦੱਸਿਆ ਗਿਆ ਜਦਕਿ 36 ਫੀ ਸਦੀ ਲੋਕਾਂ ਦਾ ਕਹਿਣ ਸੀ ਕਿ ਉਹ ਕਿਫਾਇਤੀ ਜ਼ਿੰਦਗੀ ਚਾਹੁੰਦੇ ਹਨ ਅਤੇ ਰਹਿਣ-ਸਹਿਣ ਦੇ ਖਰਚਿਆਂ ਵਿਚ ਕਮੀ ਆਉਣੀ ਚਾਹੀਦੀ ਹੈ।