ਕੈਨੇਡਾ ਚੋਣਾਂ : ਲਿਬਰਲ ਪਾਰਟੀ ਦੀ ਲੀਡ ਵਧ ਕੇ 12 ਫ਼ੀ ਸਦੀ ਹੋਈ
ਕੈਨੇਡਾ ਵਿਚ ਹਰ ਪਾਰਟੀ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ ਪਰ ਤਾਜ਼ਾ ਚੋਣ ਸਰਵੇਖਣ ਲਿਬਰਲ ਪਾਰਟੀ ਲੀਡ ਵਧ ਕੇ 12 ਫੀ ਸਦੀ ਹੋਣ ਵੱਲ ਇਸ਼ਾਰਾ ਕਰ ਰਿਹਾ ਹੈ।

By : Upjit Singh
ਟੋਰਾਂਟੋ : ਕੈਨੇਡਾ ਵਿਚ ਹਰ ਪਾਰਟੀ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ ਪਰ ਤਾਜ਼ਾ ਚੋਣ ਸਰਵੇਖਣ ਲਿਬਰਲ ਪਾਰਟੀ ਲੀਡ ਵਧ ਕੇ 12 ਫੀ ਸਦੀ ਹੋਣ ਵੱਲ ਇਸ਼ਾਰਾ ਕਰ ਰਿਹਾ ਹੈ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਇਪਸੌਸ ਦੇ ਸਰਵੇਖਣ ਮੁਤਾਬਕ 46 ਫੀ ਸਦੀ ਕੈਨੇਡੀਅਨ ਲਿਬਰਲ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਕਰ ਰਹੇ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿਚ ਭੁਗਤਣ ਵਾਲਿਆਂ ਦਾ ਅੰਕੜਾ 34 ਫੀ ਸਦੀ ਦੱਸਿਆ ਜਾ ਰਿਹਾ ਹੈ। ਇਪਸੌਸ ਦਾ ਕਹਿਣਾ ਹੈ ਕਿ ਅੱਜ ਵੋਟਾਂ ਪੈ ਜਾਣ ਤੋਂ ਮਾਰਕ ਕਾਰਨੀ ਦੀ ਅਗਵਾਈ ਹੇਠ ਪੂਰਨ ਬਹੁਮਤ ਵਾਲੀ ਲਿਬਰਲ ਸਰਕਾਰ ਸੱਤਾ ਵਿਚ ਆਵੇਗੀ। ਸਰਵੇਖਣ ਦੇ ਵੇਰਵਿਆਂ ਮੁਤਾਬਕ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ 10 ਫੀ ਸਦੀ ਦਰਜ ਕੀਤੀ ਗਈ ਜਦਕਿ ਗਰੀਨ ਪਾਰਟੀ ਨੂੰ ਵੋਟ ਪਾਉਣ ਦਾ ਜ਼ਿਕਰ ਕਰਨ ਵਾਲੇ ਤਿੰਨ ਫੀ ਸਦੀ ਰਹੇ।
45 ਫੀ ਸਦੀ ਲੋਕ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਦੇਖਣ ਦੇ ਇੱਛਕ : ਸਰਵੇਖਣ
ਖੇਤਰੀ ਪਾਰਟੀ ਬਲੌਕ ਕਿਊਬੈਕਵਾ ਦੇ ਹੱਕ ਵਿਚ ਕਿਊਬੈਕ ਦੇ ਵੋਟਰਾਂ ਵਿਚੋਂ 26 ਫੀ ਸਦੀ ਨੇ ਹਮਾਇਤ ਦਾ ਜ਼ਿਕਰ ਕੀਤਾ। ਇਸ ਦੇ ਉਲਟ ਸੱਤ ਫੀ ਸਦੀ ਵੋਟਰਾਂ ਨੇ ਕਿਹਾ ਕਿ ਉਹ ਫਿਲਹਾਲ ਫੈਸਲਾ ਨਹੀਂ ਕਰ ਸਕੇ ਕਿ ਕਿਹੜੀ ਪਾਰਟੀ ਨੂੰ ਵੋਟ ਪਾਈ ਜਾਵੇ। ਦੱਸ ਦੇਈਏ ਕਿ ਚੋਣ ਦੇ ਐਲਾਨ ਮਗਰੋਂ ਪਹਿਲੇ ਹਫ਼ਤੇ ਦੌਰਾਨ ਲਿਬਰਲ ਪਾਰਟੀ ਨੂੰ ਸਿਰਫ 6 ਫੀ ਸਦੀ ਦੀ ਲੀਡ ਹਾਸਲ ਸੀ ਪਰ ਹੁਣ ਇਹ ਅੰਕੜਾ ਦੁੱਗਣਾ ਦੱਸਿਆ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਟੈਰਿਫਸ ਦੇ ਜਵਾਬ ਦੇਣ ਖਾਤਰ ਲਿਬਰਲ ਆਗੂ ਮਾਰਕ ਕਾਰਨੀ ਦੋ ਵਾਰ ਆਪਣੇ ਚੋਣ ਪ੍ਰਚਾਰ ਵਿਚਾਲੇ ਛੱਡ ਕੇ ਔਟਵਾ ਪਰਤੇ। ਟਰੰਪ ਨਾਲ ਉਨ੍ਹਾਂ ਦੀ ਪਹਿਲੀ ਗੱਲਬਾਤ 28 ਮਾਰਚ ਨੂੰ ਹੋਈ ਅਤੇ ਇਸੇ ਦੌਰਾਨ ਆਟੋ ਸੈਕਟਰ ’ਤੇ 25 ਫੀ ਸਦੀ ਟੈਰਿਫਸ ਦਾ ਐਲਾਨ ਵੀ ਹੋ ਗਿਆ। ਮਾਰਕ ਕਾਰਨੀ ਕੈਨੇਡੀਅਨ ਲੋਕਾਂ ਦੀ ਪ੍ਰਧਾਲ ਮੰਤਰੀ ਵਜੋਂ ਪਹਿਲੀ ਪਸੰਦ ਵੀ ਬਣੇ ਹੋਏ ਹਨ।
69 ਫ਼ੀ ਸਦੀ ਕੈਨੇਡੀਅਨ ਚਾਹੁੰਦੇ ਹਨ ਪੂਰਨ ਬਹੁਮਤ ਵਾਲੀ ਸਰਕਾਰ
ਤਾਜ਼ਾ ਸਰਵੇਖਣ ਦੌਰਾਨ 45 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਉਹ ਮਾਰਕ ਕਾਰਨੀ ਨੂੰ ਪ੍ਰਧਾਲ ਮੰਤਰੀ ਦੇਖਣਾ ਚਾਹੁੰਦੇ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਦੇਖਣ ਦੇ ਇੱਛਕ ਲੋਕਾਂ ਦੀ ਗਿਣਤੀ 32 ਫੀ ਸਦੀ ਦਰਜ ਕੀਤੀ ਗਈ। ਕੈਨੇਡਾ ਦੀ ਸਭ ਤੋਂ ਵੱਡੀ ਯੂਨੀਅਨ ਦੀ ਹਮਾਇਤ ਮਿਲਣ ਮਗਰੋਂ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੂੰ ਪ੍ਰਧਾਨ ਮੰਤਰੀ ਦੇਖਣ ਦੇ ਇੱਛਕ ਲੋਕਾਂ ਦੀ ਗਿਣਤੀ ਵਧ ਕੇ 12 ਫੀ ਸਦੀ ਹੋ ਚੁੱਕੀ ਹੈ। ਸਰਵੇਖਣ ਦੌਰਾਨ 69 ਫੀ ਸਦੀ ਲੋਕਾਂ ਨੇ ਕਿਹਾ ਕਿ ਉਹ ਬਹੁਮਤ ਵਾਲੀ ਸਰਕਾਰ ਚਾਹੁੰਦੇ ਹਨ ਤਾਂਕਿ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਨੌਬਤ ਨਾ ਆਵੇ। 90 ਫੀ ਸਦੀ ਲੋਕਾਂ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਕੈਨੇਡਾ ਦੇ ਭਵਿੱਖ ਵਾਸਤੇ ਬੇਹੱਦ ਅਹਿਮ ਸਾਬਤ ਹੋਣਗੀਆਂ। ਇਪਸੌਸ ਦੇ ਸਰਵੇਖਣ ਦੌਰਾਨ 18 ਸਾਲ ਤੋਂ ਵੱਧ ਉਮਰ ਦੇ ਇਕ ਹਜ਼ਾਰ ਕੈਨੇਡੀਅਨਜ਼ ਨਾਲ ਗੱਲਬਾਤ ਕੀਤੀ ਗਈ ਅਤੇ ਸਰਵੇਖਣ ਦੇ ਨਤੀਜਿਆਂ ਵਿਚ ਮਾਮੂਲੀ ਤਰੁੱਟੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


