ਕੈਨੇਡਾ : ਚੋਣ ਲੜੀ ਉਮੀਦਵਾਰ ਨੂੰ ਮ੍ਰਿਤਕ ਐਲਾਨਿਆ
ਕੈਨੇਡਾ ਦੀ ਇਤਿਹਾਸਕ ਜ਼ਿਮਨੀ ਚੋਣ ਲੜ ਰਹੀ ਇਕ ਮਹਿਲਾ ਉਮੀਦਵਾਰ ਦੀ ਮੌਤ ਹੋਣ ਦੀ ਅਫ਼ਵਾਹ ਨੇ ਭੜਥੂ ਪਾ ਦਿਤਾ

By : Upjit Singh
ਕੈਲਗਰੀ : ਕੈਨੇਡਾ ਦੀ ਇਤਿਹਾਸਕ ਜ਼ਿਮਨੀ ਚੋਣ ਲੜ ਰਹੀ ਇਕ ਮਹਿਲਾ ਉਮੀਦਵਾਰ ਦੀ ਮੌਤ ਹੋਣ ਦੀ ਅਫ਼ਵਾਹ ਨੇ ਭੜਥੂ ਪਾ ਦਿਤਾ। ਕਿਸੇ ਸ਼ਖਸ ਨੇ ਟਿਕਟੌਕ ਵੀਡੀਓ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਐਲਸੀ ਕਿਪ ਮਰ ਚੁੱਕੀ ਹੈ ਅਤੇ ਆਨਲਾਈਨ ਸ਼ਰਧਾਂਜਲੀਆਂ ਦਿਤੇ ਜਾਣ ਦਾ ਸਬੂਤ ਵੀ ਪੇਸ਼ ਕੀਤਾ ਗਿਆ ਪਰ ਅਸਲ ਵਿਚ ਮਰਨ ਵਾਲੀ ਔਰਤ ਕੋਈ ਹੋਰ ਸੀ ਅਤੇ ਨਾਂ ਮਿਲਦੇ ਜੁਲਦੇ ਹੋਣ ਕਰ ਕੇ ਭੰਬਲਭੂਸਾ ਪੈਦਾ ਹੋ ਗਿਆ। ਐਲਸੀ ਕਿਪ ਨੇ ਦੱਸਿਆ ਕਿ ਬਤੌਰ ਉਮੀਦਵਾਰ ਕੈਮਰੇ ਅੱਗੇ ਸਹੁੰ ਚੁੱਕਣਾ ਅਤੇ ਸ਼ਨਾਖਤ ਦੇ ਸਬੂਤ ਪੇਸ਼ ਕਰਨੇ ਚੋਣ ਪ੍ਰਕਿਰਿਆ ਦਾ ਹਿੱਸਾ ਹਨ।
ਐਲਬਰਟਾ ਦੀ ਜ਼ਿਮਨੀ ਚੋਣ ਵਿਚ ਉਮੀਦਵਾਰ ਹੈ ਐਲਸੀ ਕਿਪ
ਉਧਰ ਇਲੈਕਸ਼ਨਜ਼ ਕੈਨੇਡਾ ਨੇ ਕਿਹਾ ਕਿ ਬੈਲਟ ਪੇਪਰ ਵਿਚ ਸ਼ਾਮਲ ਸਾਰੇ ਉਮੀਦਵਾਰ ਕਾਨੂੰਨ ਮੁਤਾਬਕ ਸ਼ਰਤਾਂ ਪੂਰੀਆਂ ਕਰਦੇ ਹਨ। ਅਸਲ ਵਿਚ ਐਲਸੀ ਕਿਪ ਬੀ.ਸੀ. ਦੇ ਹੋਪ ਕਸਬੇ ਵਿਚ ਰਹਿੰਦੀ ਹੈ ਪਰ ਉਸ ਨੇ ਐਲਬਰਟਾ ਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਲਿਆ। ਕਿਪ ਨੇ ਦੱਸਿਆ ਕਿ ਕਈ ਜਾਣਕਾਰਾਂ ਨੇ ਉਸ ਨੂੰ ਸਵਾਲ ਕੀਤਾ ਕਿ ਉਹ ਐਲਬਰਟਾ ਦੀ ਚੋਣ ਕਿਉਂ ਲੜ ਰਹੀ ਹੈ ਜਦਕਿ ਸੂਬੇ ਵਿਚ ਉਸ ਦੀ ਰਿਹਾਇਸ਼ ਮੌਜੂਦ ਨਹੀਂ। ਇਸ ਦੇ ਜਵਾਬ ਵਿਚ ਕਿਪ ਨੇ ਕਿਹਾ ਕਿ ਇਤਿਹਾਸਕ ਚੋਣ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ। ਮਹਿਲਾ ਉਮੀਦਵਾਰ ਵੱਲੋਂ ਉਸ ਐਲਸੀ ਕਿਪ ਨੂੰ ਸ਼ਰਧਾਂਜਲੀ ਵੀ ਦਿਤੀ ਗਈ ਜਿਸ ਦੇ ਅਕਾਲ ਚਲਾਣੇ ਨੂੰ ਉਸ ਨਾਲ ਜੋੜ ਦਿਤਾ ਗਿਆ। ਐਲਸੀ ਕਿਪ ਨੇ ਕਿਹਾ ਕਿ ਸਿਰਫ ਨਾਂ ਇਕੋ ਜਿਹੇ ਹੋਣ ਕਰ ਕੇ ਉਹ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਪਰ ਗਲਤ ਜਾਣਕਾਰੀ ਨੇ ਮਰਹੂਮ ਐਲਸੀ ਕਿਪ ਦੇ ਪਰਵਾਰਕ ਮੈਂਬਰਾਂ ਦੇ ਦਿਲ ਨੂੰ ਸੱਟ ਮਾਰੀ।
ਉਮੀਦਵਾਰ ਵੱਲੋਂ ਸਾਹਮਣੇ ਆ ਕੇ ਜਿਊਂਦੇ ਹੋਣ ਦਾ ਦਾਅਵਾ
ਇਥੇ ਦਸਣਾ ਬਣਦਾ ਹੈ ਕਿ ਐਲਬਰਟਾ ਦੇ ਬੈਟਲ ਰਿਵਰ-ਕ੍ਰੋਅਫੂਟ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ 200 ਤੋਂ ਵੱਧ ਉਮੀਦਵਾਰ ਹਿੱਸਾ ਲੈ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਪਿਅਰੇ ਪੌਇਲੀਐਵ ਇਸ ਚੋਣ ਰਾਹੀਂ ਹਾਊਸ ਆਫ਼ ਕਾਮਨਜ਼ ਵਿਚ ਪੁੱਜਣ ਦੇ ਇੱਛਕ ਹਨ ਪਰ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ।


