ਕੈਨੇਡਾ ਵਿਚ ਸ਼ਰਾਬੀ ਡਰਾਈਵਰ ਨੇ ਡਿਪੋਰਟ ਕਰਵਾਏ ਸੈਂਕੜੇ ਪ੍ਰਵਾਸੀ
ਇਕ ਸ਼ਰਾਬੀ ਡਰਾਈਵਰ ਨੇ ਸੈਂਕੜੇ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਵਾ ਦਿਤਾ ਅਤੇ ਉਨ੍ਹਾਂ ਨੂੰ ਕੰਮ ’ਤੇ ਰੱਖਣ ਵਾਲੀਆਂ ਕੰਪਨੀਆਂ ਮੋਟੇ ਜੁਰਮਾਨੇ ਭੁਗਤ ਰਹੀਆਂ ਹਨ

ਟੋਰਾਂਟੋ : ਇਕ ਸ਼ਰਾਬੀ ਡਰਾਈਵਰ ਨੇ ਸੈਂਕੜੇ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਵਾ ਦਿਤਾ ਅਤੇ ਉਨ੍ਹਾਂ ਨੂੰ ਕੰਮ ’ਤੇ ਰੱਖਣ ਵਾਲੀਆਂ ਕੰਪਨੀਆਂ ਮੋਟੇ ਜੁਰਮਾਨੇ ਭੁਗਤ ਰਹੀਆਂ ਹਨ। ਜੀ ਹਾਂ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਹੈ ਕਿ 700 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੰਮ ’ਤੇ ਰੱਖਣ ਵਾਲੀਆਂ ਤਿੰਨ ਕੰਪਨੀਆਂ ਨੂੰ ਜੁਰਮਾਨਾ ਕੀਤਾ ਗਿਆ ਹੈ ਜਿਨ੍ਹਾਂ ਵਿਚ ਉਨਟਾਰੀਓ ਦੇ ਅਜੈਕਸ ਸ਼ਹਿਰ ਨਾਲ ਸਬੰਧਤ ਸੀ.ਡੀ.ਏ. ਲੈਂਡਸਕੇਪ ਸਰਵਿਸਿਜ਼ ਵੀ ਸ਼ਾਮਲ ਹੈ। ਕੰਪਨੀ ਨੇ ਅਣਅਧਿਕਾਰਤ ਤਰੀਕੇ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ’ਤੇ ਰੱਖਣ ਦੇ 20 ਗੁਨਾਹ ਕਬੂਲ ਕਰ ਲਏ ਅਤੇ 4 ਲੱਖ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੀ.ਡੀ.ਏ. ਲੈਂਡਸਕੇਪ ਸਰਵਿਸਿਜ਼ ਅਤੇ ਐਸ.ਡੀ.ਏ. ਸਰਵਿਸਿਜ਼ ਨੇ ਵੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀ ’ਤੇ ਰੱਖਣ ਦਾ ਦੋਸ਼ ਪ੍ਰਵਾਨ ਕੀਤਾ ਹੈ ਜਿਨ੍ਹਾਂ 25 ਹਜ਼ਾਰ ਡਾਲਰ ਜੁੁਰਮਾਨਾ ਕੀਤਾ ਗਿਆ ਹੈ।
ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੰਮ ਦੇਣ ਵਾਲੀਆਂ 3 ਕੰਪਨੀਆਂ ਨੂੰ ਜੁਰਮਾਨੇ
ਸੀ.ਬੀ.ਐਸ.ਏ. ਵੱਲੋਂ ਜਾਰੀ ਬਿਆਨ ਮੁਤਾਬਕ ਮਾਮਲੇ ਦੀ ਪੜਤਾਲ 2009 ਵਿਚ ਆਰੰਭ ਹੋਈ ਜਦੋਂ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉੁਣ ਦੇ ਮਾਮਲੇ ਵਿਚ ਇਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ। ਪੜਤਾਲ ਅੱਗੇ ਵਧੀ ਤਾਂ ਪਰਤਾਂ ਖੁੱਲ੍ਹਣ ਲੱਗੀਆਂ ਅਤੇ ਗਰੇਟਰ ਟੋਰਾਂਟੋ ਏਰੀਆ ਸਣੇ ਸਮੁੱਚੇ ਉਨਟਾਰੀਓ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਨੈਟਵਰਕ ਦਾ ਪਰਦਾ ਫਾਸ਼ ਹੋ ਗਿਆ। ਵੱਖ ਵੱਖ ਥਾਵਾਂ ’ਤੇ ਕੰਮ ਕਰ ਰਹੇ 700 ਤੋਂ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕੀਤੀ ਗਈ ਜੋ ਕੈਨੇਡਾ ਵਿਚ ਕੰਮ ਕਰਨ ਦੇ ਹੱਕਦਾਰ ਨਹੀਂ ਸਨ। ਸੀ.ਬੀ.ਐਸ.ਏ. ਮੁਤਾਬਕ ਜਾਂਚ ਦੌਰਾਨ ਸ਼ਨਾਖ਼ਤ ਕੀਤੇ ਕਈ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਇੰਟੈਲੀਜੈਂਸ ਅਤੇ ਐਨਮਫੋਰਸਮੈਂਟ ਬਰਾਂਚ ਦੇ ਵਾਇਸ ਪ੍ਰੈਜ਼ੀਡੈਂਟ ਐਰਨ ਮੈਕਰੌਰੀ ਨੇ ਦੱਸਿਆ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੰਮ ’ਤੇ ਰੱਖਣ ਵਾਲੇ ਅਦਾਰਿਆਂ ਵਿਰੁੱਧ ਲੱਗੇ ਦੋਸ਼ ਅਤੇ ਬਤੌਰ ਸਜ਼ਾ ਕੀਤਾ ਗਿਆ ਜੁਰਮਾਨਾ ਦਰਸਾਉਂਦਾ ਹੈ ਕਿ ਇੰਮੀਗ੍ਰੇਸ਼ਨ ਪ੍ਰਣਾਲੀ ਦੀ ਭਰੋਸੇਯੋਗਤਾ ਹਰ ਹਾਲ ਵਿਚ ਬਹਾਲ ਰੱਖੀ ਜਾਵੇਗੀ। ਸੀ.ਬੀ.ਐਸ.ਏ. ਦੇ ਅਫ਼ਸਰ ਵੱਖ ਵੱਖ ਪੁਲਿਸ ਮਹਿਕਮਿਆ ਨਾਲ ਤਾਲਮੇਲ ਅਧੀਨ ਕੰਮ ਕਰ ਰਹੇ ਹਨ ਅਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
ਸੀ.ਬੀ.ਐਸ.ਏ. ਨੇ ਉਨਟਾਰੀਓ ਵਿਚ ਕੀਤੀ ਵੱਡੀ ਕਾਰਵਾਈ
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਤੋਂ ਹੁਣ ਤੱਕ 16,470 ਵਿਦੇਸ਼ੀ ਨਾਗਰਿਕਾਂ ਨੂੰ ਇੰਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਡਿਪੋਰਟ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਟੈਂਪਰੇਰੀ ਰੈਜ਼ੀਡੈਂਟਸ ਵੱਲੋਂ ਕੈਨੇਡਾ ਛੱਡਣ ਦੀ ਰਫ਼ਤਾਰ ਵਿਚ ਤੇਜ਼ੀ ਆਈ ਹੈ। 2024 ਦੀ ਅੰਤਮ ਤਿਮਾਹੀ ਦੌਰਾਨ ਵਾਪਸੀ ਦੀ ਰਫ਼ਤਾਰ ਸਭ ਤੋਂ ਵੱਧ ਰਹੀ ਜਦੋਂ 28 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕ ਆਪਣੇ ਮੁਲਕ ਰਵਾਨਾ ਹੋ ਗਏ। ਆਰਜ਼ੀ ਵੀਜ਼ਾ ’ਤੇ ਪੁੱਜੇ ਲੋਕਾਂ ਦੀ ਗਿਣਤੀ ਵਿਚ ਦਸੰਬਰ 2021 ਤੋਂ ਬਾਅਦ ਪਹਿਲੀ ਵਾਰ ਕਮੀ ਆਈ ਹੈ ਅਤੇ ਅਕਤੂਬਰ 2020 ਤੋਂ ਬਾਅਦ ਕੈਨੇਡਾ ਛੱਡ ਕੇ ਜਾਣ ਵਾਲਿਆਂ ਦਾ ਸਭ ਤੋਂ ਵੱਡਾ ਅੰਕੜਾ ਉਭਰ ਕੇ ਸਾਹਮਣੇ ਆਇਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੂੰ ਅਖਤਿਆਰ ਦੇ ਦਿਤਾ ਗਿਆ ਹੈ ਕਿ ਸ਼ੱਕੀ ਮਹਿਸੂਸ ਹੋਣ ’ਤੇ ਉਹ ਕਿਸੇ ਵੀ ਟੈਂਪਰੇਰੀ ਵੀਜ਼ਾ ਨੂੰ ਰੱਦ ਕਰਦਿਆਂ ਸਬੰਧਤ ਸ਼ਖਸ ਨੂੰ ਡਿਪੋਰਟ ਕਰ ਸਕਦੇ ਹਨ।