ਕੈਨੇਡਾ : ਪੰਜਾਬੀਆਂ ਦੇ ਗਿਰੋਹ ਵੱਲੋਂ ਦਿਨ-ਦਿਹਾੜੇ ਵਾਰਦਾਤ
ਕੈਨੇਡਾ ਵਿਚ ਦਿਨ ਦਿਹਾੜੇ ਔਰਤ ਨੂੰ ਅਗਵਾ ਕਰਨ ਅਤੇ ਇਕ ਘਰ ’ਤੇ ਹਮਲਾ ਕਰਦਿਆਂ ਇਕ ਸ਼ਖਸ ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਪੰਜਾਬ ਨਾਲ ਸਬੰਧਤ ਚਾਰ ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ

By : Upjit Singh
ਮਾਰਖਮ : ਕੈਨੇਡਾ ਵਿਚ ਦਿਨ ਦਿਹਾੜੇ ਔਰਤ ਨੂੰ ਅਗਵਾ ਕਰਨ ਅਤੇ ਇਕ ਘਰ ’ਤੇ ਹਮਲਾ ਕਰਦਿਆਂ ਇਕ ਸ਼ਖਸ ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਨਾਲ ਸਬੰਧਤ ਚਾਰ ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਦਕਿ ਪੰਜਵਾਂ ਫਰਾਰ ਹੋ ਗਿਆ। ਮਾਰਖਮ ਵਿਖੇ ਵਾਪਰੇ ਘਟਨਾਕ੍ਰਮ ਬਾਰੇ ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਇਕ ਔਰਤ ਆਪਣੀ ਗੱਡੀ ਵਿਚ ਜਾ ਰਹੀ ਸੀ ਜਦੋਂ ਸ਼ੱਕੀਆਂ ਨੇ ਜਾਣ-ਬੁੱਝ ਕੇ ਆਪਣੀ ਗੱਡੀ ਨਾਲ ਟੱਕਰ ਮਾਰ ਦਿਤੀ। ਗੱਡੀ ਦਾ ਨੁਕਸਾਨ ਦੇਖਣ ਲਈ ਔਰਤ ਬਾਹਰ ਆਈ ਤਾਂ ਸ਼ੱਕੀਆਂ ਦੀ ਦੂਜੀ ਗੱਡੀ ਉਸ ਕੋਲ ਆ ਕੇ ਰੁਕੀ ਅਤੇ ਔਰਤ ਨੂੰ ਜ਼ਬਰਦਸਤੀ ਬਿਠਾ ਕੇ ਲੈ ਗਏ।
ਔਰਤ ਨੂੰ ਕੀਤਾ ਅਗਵਾ, ਘਰ ਉਤੇ ਕਰ ਦਿਤਾ ਹਮਲਾ
ਇਸ ਤੋਂ ਇਕ ਘੰਟੇ ਬਾਅਦ ਮਾਰਖਮ ਦੇ ਮਕੌਵਨ ਰੋਡ ਅਤੇ 14ਵੇਂ ਐਵੇਨਿਊ ਨੇੜਲੇ ਇਕ ਘਰ ਵਿਚ ਪੰਜ ਸ਼ੱਕੀ ਦਾਖਲ ਹੋਏ ਅਤੇ ਉਥੇ ਮੌਜੂਦ ਪਰਵਾਰਕ ਮੈਂਬਰਾਂ ਨੂੰ ਦਾਬਕਾ ਮਾਰਿਆ ਕਿ ਤੁਹਾਡਾ ਇਕ ਜੀਅ ਕਿਡਨੈਪ ਹੋ ਚੁੱਕਾ ਹੈ। ਘਰ ਦੇ ਮੈਂਬਰਾਂ ਨਾਲ ਖਹਿਬਾਜ਼ੀ ਦੌਰਾਨ ਸ਼ੱਕੀਆਂ ਨੇ ਗੋਲੀ ਚਲਾ ਦਿਤੀ ਅਤੇ 54 ਸਾਲ ਦਾ ਇਕ ਸ਼ਖਸ ਜ਼ਖਮੀ ਹੋ ਗਿਆ। ਰੌਲੇ ਰੱਪੇ ਦਰਮਿਆਨ ਪੁਲਿਸ ਨੂੰ ਇਤਲਾਹ ਮਿਲ ਚੁੱਕੀ ਸੀ ਅਤੇ ਜਿਉਂ ਹੀ ਸਾਇਰਨ ਵੱਜੇ ਤਾਂ ਸ਼ੱਕੀਆਂ ਨੇ ਫਰਾਰ ਹੋਣ ਦਾ ਯਤਨ ਕੀਤਾ। ਪੁਲਿਸ ਅਫ਼ਸਰਾਂ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਕੋਲੋਂ ਇਕ ਭਰੀ ਹੋਈ ਪਸਤੌਲ ਬਰਾਮਦ ਕੀਤੀ ਗਈ। ਪੰਜਵੇਂ ਸ਼ੱਕੀ ਦੀ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਸ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੋ ਸਕਦੀ ਹੈ ਅਤੇ ਵਾਰਦਾਤ ਵੇਲੇ ਉਸ ਨੇ ਕਾਲੇ ਰੰਗ ਦੇ ਕੱਪੜੇ, ਨਕਾਬ ਅਤੇ ਦਸਤਾਨੇ ਪਾਏ ਹੋਏ ਸਨ। ਦੂਜੇ ਪਾਸੇ ਅਗਵਾ ਔਰਤ ਮਾਮੂਲੀ ਜ਼ਖਮੀ ਹਾਲਤ ਵਿਚ ਟੋਰਾਂਟੋ ਤੋਂ ਮਿਲ ਗਈ ਅਤੇ ਉਸ ਦੀ ਗੱਡੀ ਵੀ ਪੁਲਿਸ ਨੇ ਬਰਾਮਦ ਕਰ ਲਈ। ਗ੍ਰਿਫ਼ਤਾਰ ਸ਼ੱਕੀਆਂ ਵਿਚੋਂ ਦੋ ਦੀ ਸ਼ਨਾਖਤ ਸ਼ਾਕਿਰ ਭੱਟੀ ਅਤੇ ਪਰਕਰਨ ਪੰਗਲੀਆਂ ਵਜੋਂ ਕੀਤੀ ਗਈ ਹੈ ਜਦਕਿ ਦੋ ਸ਼ੱਕੀਆਂ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਪਛਾਣ ਜਨਤਕ ਨਹੀਂ ਕੀਤੀ ਗਈ। ਇਹ ਦੋਵੇਂ ਕੈਲੇਡਨ ਅਤੇ ਟੋਰਾਂਟੋ ਨਾਲ ਸਬੰਧਤ ਦੱਸੇ ਜਾ ਰਹੇ ਹਨ। ਚਾਰੇ ਜਣਿਆਂ ਵਿਰੁੱਧ ਇਰਾਦਾ ਕਤਲ, ਅਗਵਾ ਦੀ ਸਾਜ਼ਿਸ਼ ਘੜਨ, ਹਥਿਆਰ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ, ਜਾਣ-ਬੁੱਝ ਦੇ ਪਾਬੰਦੀਸ਼ੁਦਾ ਹਥਿਆਰ ਰੱਖਣ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
ਪੁਲਿਸ ਵੱਲੋਂ 4 ਸ਼ੱਕੀ ਗ੍ਰਿਫ਼ਤਾਰ, ਪੰਜਵੇਂ ਦੀ ਕੀਤੀ ਜਾ ਰਹੀ ਭਾਲ
ਪੁਲਿਸ ਨੇ ਦੱਸਿਆ ਕਿ 16 ਸਾਲ ਸ਼ੱਕੀ ਨੂੰ ਪਹਿਲਾਂ ਵੀ ਕਿਸੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਪੁਲਿਸ ਦਾ ਮੰਨਣਾ ਹੈ ਕਿ ਔਰਤ ਨੂੰ ਅਗਵਾ ਕਰਨ ਅਤੇ ਘਰ ਉਤੇ ਹਮਲੇ ਦੀਆਂ ਵਾਰਦਾਤ ਵਿਚ ਕਈ ਹੋਰ ਸ਼ੱਕੀ ਵੀ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਦੀ ਪਛਾਣ ਕੀਤੀ ਜਾਣੀ ਬਾਕੀ ਹੈ। ਸੋਮਵਾਰ ਸਵੇਰੇ 8 ਵਜੇ ਤੋਂ 9 ਵਜੇ ਦਰਮਿਆਨ ਵਾਪਰੀਆਂ ਇਹ ਘਟਨਾਵਾਂ ਅਜਿਹੇ ਸਮੇਂ ਸਾਹਮਣੇ ਆਈਆਂ ਜਦੋਂ ਯਾਰਕ ਰੀਜਨ ਵਿਚ 2 ਜਣਿਆਂ ਦਾ ਕਤਲ ਹੋ ਚੁੱਕਾ ਹੈ ਅਤੇ ਅਗਜ਼ਨੀ ਦੀ ਵਾਰਦਾਤ ਵੀ ਵਾਪਰ ਚੁੱਕੀ ਹੈ। ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਯਾਰਕ ਰੀਜਨਲ ਪੁਲਿਸ ਦੇ ਮੁਖੀ ਜਿਮ ਮੈਕਸਵੀਨ ਨੇ ਕਿਹਾ ਕਿ ਕਮਿਊਨਿਟੀ ਦੀ ਰਾਖੀ ਕਰਨ ਲਈ ਉਹ ਵਚਨਬੱਧ ਹਨ ਪਰ ਨਾਲ ਹੀ ਲੋਕਾਂ ਨੂੰ ਸੱਦਾ ਦਿਤਾ ਕਿ ਘਰ ਵਿਚ ਦਾਖਲ ਚੋਰ-ਲੁਟੇਰਿਆਂ ਨਾਲ ਕੋਈ ਨਾ ਉਲਝੇ। ਇਸ ਦੀ ਬਜਾਏ ਕਿਸੇ ਕਮਰੇ ਵਿਚ ਵੜ ਕੇ ਕੁੰਡੀ ਲਾ ਲਉ ਅਤੇ 911 ’ਤੇ ਕਾਲ ਕਰੋ।


