ਕੈਨੇਡਾ : ਕਾਰਬਨ ਟੈਕਸ ਖਤਮ, 300 ਡਾਲਰ ਦਾ ਫਾਇਦਾ
ਕਾਰਬਨ ਟੈਕਸ ਖ਼ਤਮ ਹੋਣ ਮਗਰੋਂ ਕੈਨੇਡਾ ਵਿਚ ਅੱਜ ਤੋਂ ਤੇਲ 18 ਸੈਂਟ ਪ੍ਰਤੀ ਲਿਟਰ ਤੱਕ ਸਸਤਾ ਹੋ ਗਿਆ ਹੈ ਅਤੇ ਸਾਲਾਨਾ ਆਧਾਰ ’ਤੇ ਕੈਨੇਡੀਅਨਜ਼ ਨੂੰ 300 ਡਾਲਰ ਦੀ ਬੱਚਤ ਹੋਣ ਦੇ ਆਸਾਰ ਹਨ।

ਟੋਰਾਂਟੋ : ਕਾਰਬਨ ਟੈਕਸ ਖ਼ਤਮ ਹੋਣ ਮਗਰੋਂ ਕੈਨੇਡਾ ਵਿਚ ਅੱਜ ਤੋਂ ਤੇਲ 18 ਸੈਂਟ ਪ੍ਰਤੀ ਲਿਟਰ ਤੱਕ ਸਸਤਾ ਹੋ ਗਿਆ ਹੈ ਅਤੇ ਸਾਲਾਨਾ ਆਧਾਰ ’ਤੇ ਕੈਨੇਡੀਅਨਜ਼ ਨੂੰ 300 ਡਾਲਰ ਦੀ ਬੱਚਤ ਹੋਣ ਦੇ ਆਸਾਰ ਹਨ। ਗੈਸਬਡੀ ਡਾਟ ਕਾਮ ਦੇ ਪੈਟਰੋਲੀਅਮ ਵਿਸ਼ਲੇਸ਼ਕ ਪੈਟ੍ਰਿਕ ਡਾ ਹਾਨ ਨੇ ਦੱਸਿਆ ਕਿ ਖਪਤਕਾਰਾਂ ਨੂੰ ਔਸਤਨ 15 ਤੋਂ 16 ਸੈਂਟ ਪ੍ਰਤੀ ਲਿਟਰ ਦਾ ਫ਼ਾਇਦਾ ਹੋਵੇਗਾ ਪਰ ਡੀਜ਼ਲ ਦੇ ਮਾਮਲੇ ਵਿਚ ਬੱਚਤ ਦਾ ਅੰਕੜਾ 20 ਸੈਂਟ ਪ੍ਰਤੀ ਲਿਟਰ ਤੱਕ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਗੈਸ ਸਟੇਸ਼ਨਾਂ ’ਤੇ ਅੱਧੀ ਰਾਤ ਤੋਂ ਹੀ ਘਟੀਆਂ ਕੀਮਤਾਂ ਲਾਗੂ ਹੋ ਗਈਆਂ ਪਰ ਕੁਝ ਗੈਸ ਸਟੇਸ਼ਨ ਆਟੋਮੈਟਿਕ ਨਾ ਹੋਣ ਕਾਰਨ ਖਪਤਕਾਰਾਂ ਨੂੰ ਮੰਗਲਵਾਰ ਸ਼ਾਮ ਤੱਕ ਹੀ ਸਸਤਾ ਤੇਲ ਮਿਲ ਸਕੇਗਾ।
16 ਸੈਂਟ ਪ੍ਰਤੀ ਲਿਟਰ ਸਸਤਾ ਹੋਇਆ ਤੇਲ
ਮਾਹਰਾਂ ਦਾ ਕਹਿਣਾ ਹੈ ਕਿ ਤੇਲ ਕੀਮਤਾਂ ਘਟਣ ਜਾਂ ਵਧਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੁੰਦੇ ਹਨ ਅਤੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਇਸ ਵੇਲੇ ਉਪਰ ਵੱਲ ਜਾ ਰਹੀਆਂ ਹਨ। ਫਿਰ ਵੀ ਕੁਲ ਮਿਲਾ ਕੇ ਗੈਸ ਟੈਂਕ ਫੁਲ ਕਰਵਾਉਣ ਵਾਲਿਆਂ ਨੂੰ 6 ਡਾਲਰ ਦੀ ਬੱਚਤ ਜ਼ਰੂਰ ਹੋ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਕੰਜ਼ਿਊਮਰ ਕਾਰਬਨ ਟੈਕਸ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਿਆਂਦਾ ਗਿਆ ਤਾਂਕਿ ਫੌਸਿਲ ਫਿਊਲਜ਼ ਦੀ ਵਰਤੋਂ ਘਟਾਉੁਂਦਿਆਂ ਗਰੀਨ ਹਾਊਸ ਗੈਸਾਂ ਦੀ ਪੈਦਾਇਸ਼ ਘੱਟ ਤੋਂ ਘੱਟ ਕੀਤੀ ਜਾ ਸਕੇ। ਮਾਰਕ ਕਾਰਨੀ ਵੱਲੋਂ ਸੱਤਾ ਸੰਭਾਲਣ ਮਗਰੋਂ ਕਾਰਬਨ ਟੈਕਸ ਹਟਾਉਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਪਹਿਲੀ ਅਪ੍ਰੈਲ ਤੋਂ ਇਹ ਖ਼ਤਮ ਕਰ ਦਿਤਾ ਗਿਆ ਹੈ। ਭਾਵੇਂ ਆਮ ਲੋਕਾਂ ਤੋਂ ਕਾਰਬਨ ਟੈਕਸ ਹਟ ਚੁੱਕਾ ਹੈ ਪਰ ਉਦਯੋਗਿਕ ਖੇਤਰ ਵਿਚ ਇਸ ਨੂੰ ਬਰਕਰਾਰ ਰੱਖਿਆ ਗਿਆ ਹੈ। ਦੂਜੇ ਪਾਸੇ ਕੈਨੇਡਾ ਕਾਰਬਨ ਰਿਬੇਟ ਰਾਹੀਂ ਯੋਗ ਕੈਨੇਡੀਅਨਜ਼ ਨੂੰ ਤਿਮਾਹੀ ਟੈਕਸ ਮੁਕਤ ਅਦਾਇਗੀਆਂ ਰਾਹੀਂ ਕਾਰਬਨ ਟੈਕਸ ਦੇ ਰੂਪ ਵਿਚ ਵਸੂਲ ਕੀਤੀ ਰਕਮ ਵਾਪਸ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਫੈਡਰਲ ਸਰਕਾਰ ਦਾ ਦਾਅਵਾ ਹੈ ਕਿ ਕਾਰਬਨ ਟੈਕਸ ਅਦਾ ਕਰਨ ਵਾਲੇ 80 ਫ਼ੀ ਸਦੀ ਲੋਕਾਂ ਨੂੰ ਰਿਬੇਟ ਦੇ ਰੂਪ ਵਿਚ ਸਾਰੀ ਰਕਮ ਵਾਪਸ ਮਿਲ ਗਈ। ਹੁਣ ਕਾਰਬਨ ਟੈਕਸ ਦੇ ਖ਼ਤਮ ਹੁੰਦਿਆਂ ਹੀ ਇਹ ਰਿਬੇਟ ਵੀ ਖ਼ਤਮ ਕਰ ਦਿਤੀ ਗਈ ਹੈ ਅਤੇ ਅੰਤਮ ਕਿਸ਼ਤ ਦੇ ਰੂਪ ਵਿਚ ਵਾਪਸੀ ਯੋਗ ਰਕਮ ਜਲਦ ਹੀ ਕੈਨੇਡੀਅਨਜ਼ ਦੇ ਖਾਤੇ ਵਿਚ ਆ ਜਾਵੇਗੀ।
ਗ੍ਰੇਟਰ ਟੋਰਾਂਟੋ ਏਰੀਆ ਵਿਚ ਔਸਤ ਕੀਮਤ 1.37 ਡਾਲਰ ਪ੍ਰਤੀ ਲਿਟਰ
ਦੱਸ ਦੇਈਏ ਕਿ 31 ਮਾਰਚ ਦੀ ਸ਼ਾਮ ਤੱਕ ਕੈਨੇਡਾ ਵਿਚ ਗੈਸੋਲੀਨ ਦੀ ਔਸਤ ਕੀਮਤ 1.55 ਡਾਲਰ ਪ੍ਰਤੀ ਲਿਟਰ ਚੱਲ ਰਹੀ ਸੀ ਜੋ ਪਿਛਲੇ ਸਾਲ ਦੇ ਮੁਕਾਬਲੇ ਚਾਰ ਸੈਂਟ ਘੱਟ ਬਣਦੀ ਹੈ। ਕਾਰਬਨ ਟੈਕਸ ਖਤਮ ਹੋਣ ਮਗਰੋਂ ਗਰੇਟਰ ਟੋਰਾਂਟੋ ਏਰੀਆ ਵਿਚ ਤੇਲ ਦੀ ਔਸਤ ਕੀਮਤ 1.37 ਡਾਲਰ ਪ੍ਰਤੀ ਲਿਟਰ ਹੋ ਗਈ। ਗਰਮੀਆਂ ਦੌਰਾਨ ਕੈਨੇਡਾ ਵਿਚ ਤੇਲ ਦੀ ਮੰਗ ਵਧ ਜਾਂਦੀ ਹੈ ਅਤੇ ਕੀਮਤਾਂ ਵਧਣ ਲਗਦੀਆਂ ਹਨ ਪਰ ਇਸ ਵਾਰ ਪੂਰੇ ਵਰ੍ਹੇ ਦੌਰਾਨ ਮੁਲਕ ਦੇ ਲੋਕ ਸਸਤੇ ਟੈਂਕ ਫੁੱਲ ਕਰਵਾ ਸਕਣਗੇ। ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਸੋਮਵਾਰ ਦੇਰ ਸ਼ਾਮ ਟਵੀਟ ਕਰਦਿਆਂ ਕਿਹਾ ਕਿ ਆਖਰਕਾਰ ਫੈਡਰਲ ਕਾਰਬਨ ਟੈਕਸ ਖਤਮ ਹੋ ਰਿਹਾ ਹੈ ਜੋ ਹੁਣ ਤੱਕ ਦਾ ਸਭ ਤੋਂ ਬਦਤਰ ਟੈਕਸ ਮੰਨਿਆ ਗਿਆ। ਮਿਹਨਤਕਸ਼ ਕੈਨੇਡੀਅਨ ਨੂੰ ਹੁਣ ਦੀ ਕਮਾਈ ਕਾਰਬਨ ਟੈਕਸ ਦੇ ਰੂਪ ਵਿਚ ਅਜਾਈਂ ਨਹੀਂ ਗਵਾਉਣੀ ਪਵੇਗੀ।