ਕੈਨੇਡਾ ਨੇ ਰੋਕਿਆ 2.35 ਲੱਖ ਵਿਦੇਸ਼ੀ ਨਾਗਰਿਕਾਂ ਦਾ ਦਾਖਲਾ
ਕੈਨੇਡਾ ਦੀਆਂ ਸਖ਼ਤ ਵੀਜ਼ਾ ਨੀਤੀਆਂ ਸਦਕਾ ਮੌਜੂਦਾ ਵਰ੍ਹੇ ਦੌਰਾਨ 2 ਲੱਖ 35 ਹਜ਼ਾਰ ਵਿਦੇਸ਼ੀ ਨਾਗਰਿਕਾਂ ਦਾ ਰਾਹ ਰੋਕ ਦਿਤਾ ਗਿਆ

By : Upjit Singh
ਟੋਰਾਂਟੋ : ਕੈਨੇਡਾ ਦੀਆਂ ਸਖ਼ਤ ਵੀਜ਼ਾ ਨੀਤੀਆਂ ਸਦਕਾ ਮੌਜੂਦਾ ਵਰ੍ਹੇ ਦੌਰਾਨ 2 ਲੱਖ 35 ਹਜ਼ਾਰ ਵਿਦੇਸ਼ੀ ਨਾਗਰਿਕਾਂ ਦਾ ਰਾਹ ਰੋਕ ਦਿਤਾ ਗਿਆ। ਜੀ ਹਾਂ, ਸਟੱਡੀ ਵੀਜ਼ਾ ਅਰਜ਼ੀਆਂ ਰੱਦ ਹੋਣ ਦਾ ਸਿਲਸਿਲਾ ਜਾਰੀ ਹੈ ਅਤੇ ਕੈਨੇਡਾ ਪੁੱਜ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਪਿਛਲੇ ਵਰ੍ਹੇ ਦੇ ਮੁਕਾਬਲੇ ਇਕ ਲੱਖ ਘੱਟ ਗਈ ਜਦਕਿ ਸਾਲ ਦੇ ਅੰਤ ਤੱਕ ਇਹ ਅੰਕੜਾ 2 ਲੱਖ ਤੱਕ ਪੁੱਜ ਸਕਦਾ ਹੈ। ਇਸੇ ਤਰ੍ਹਾਂ ਵਰਕ ਪਰਮਿਟ ਅਰਜ਼ੀਆਂ ’ਤੇ ਵੀ ਕੈਂਚੀ ਚੱਲ ਰਹੀ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਕੈਨੇਡਾ ਪੁੱਜਣ ਵਾਲਿਆਂ ਦੀ ਗਿਣਤੀ 1 ਲੱਖ 34 ਹਜ਼ਾਰ ਘਟ ਗਈ। ਸਿਰਫ਼ ਜੁਲਾਈ ਮਹੀਨੇ ਦਾ ਅੰਕੜਾ ਦੇਖਿਆ ਜਾਵੇ ਤਾਂ 2024 ਦੌਰਾਨ ਤਕਰੀਬਨ 30 ਹਜ਼ਾਰ ਨਵੇਂ ਕਿਰਤੀ ਕੈਨੇਡਾ ਪੁੱਜੇ ਸਨ ਪਰ ਇਸ ਸਾਲ ਅੰਕੜਾ 18,500 ਦਰਜ ਕੀਤਾ ਗਿਆ। ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ ਵਿਚ ਵੀ ਜੁਲਾਈ 2024 ਦੌਰਾਨ 17 ਹਜ਼ਾਰ ਤੋਂ ਵੱਧ ਨੌਜਵਾਨ ਕੈਨੇਡਾ ਪੁੱਜੇ ਪਰ ਇਸ ਵਾਰ ਅੰਕੜਾ 7,685 ਰਹਿ ਗਿਆ।
2025 ਦੇ ਅੰਤ ਤੱਕ ਰੱਦ ਹੋਣਗੇ 4 ਲੱਖ ਤੋਂ ਵੱਧ ਵੀਜ਼ੇ
ਸਟੱਡੀ ਵੀਜ਼ਾ ਨਾਲ ਸਬੰਧਤ ਅੰਕੜਿਆਂ ਨੂੰ ਇੰਮੀਗ੍ਰੇਸ਼ਨ ਮਾਹਰ ਹੈਰਾਨਕੁੰਨ ਮੰਨ ਰਹੇ ਹਨ ਕਿਉਂਕਿ ਦਸੰਬਰ 2023 ਦੌਰਾਨ 95 ਹਜ਼ਾਰ ਤੋਂ ਵੱਧ ਵੀਜ਼ੇ ਜਾਰੀ ਕੀਤੇ ਗਏ ਅਤੇ ਦਸੰਬਰ 2020 ਵਿਚ ਇਹ ਅੰਕੜਾ ਸਿਰਫ਼ 30 ਹਜ਼ਾਰ ਰਹਿ ਗਿਆ। ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕੁਲ ਆਬਾਦੀ ਦਾ 5 ਫ਼ੀ ਸਦੀ ਦੇ ਬਰਾਬਰ ਲਿਆਉਣਾ ਚਾਹੁੰਦੀ ਹੈ ਅਤੇ ਇਸੇ ਤਹਿਤ ਪਹਿਲਾਂ ਤੋਂ ਮੁਲਕ ਵਿਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਚਲਦਾ ਕੀਤਾ ਜਾ ਰਿਹਾ ਹੈ। ਸਿਰਫ਼ ਐਨਾ ਹੀ ਨਹੀਂ ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪਰੇਰੀ ਫੌਰਨ ਵਰਕਰਜ਼ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਤੋਂ ਸਾਫ਼ ਨਾਂਹ ਕੀਤੀ ਜਾ ਰਹੀ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਜੁਲਾਈ ਦਰਮਿਆਨ 1 ਲੱਖ 23 ਹਜ਼ਾਰ ਸਾਬਕਾ ਟੈਂਪਰੇਰੀ ਰੈਜ਼ੀਡੈਂਟਸ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਬਣਨ ਵਿਚ ਸਫ਼ਲ ਰਹੇ। ਇਹ ਅੰਕੜਾ ਮੁਲਕ ਦੇ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ 50 ਫੀ ਸਦੀ ਬਣਦਾ ਹੈ। ਦੂਜੇ ਪਾਸੇ ਘੱਟ ਉਜਰਤ ਦਰਾਂ ’ਤੇ ਐਲ.ਐਮ.ਆਈ.ਏ. ਜਾਰੀ ਨਾ ਕਰਨ ਵਾਲੇ ਇਲਾਕਿਆਂ ਦੀ ਗਿਣਤੀ ਵਧ ਕੇ 32 ਹੋ ਚੁੱਕੀ ਹੈ। ਬੀਤੀ 10 ਅਕਤੂਬਰ ਤੋਂ ਉਨਟਾਰੀਓ ਦਾ ਗੁਐਲਫ਼ ਅਤੇ ਗਰੇਟਰ ਸਡਬਰੀ ਇਲਾਕੇ ਸੂਚੀ ਵਿਚ ਸ਼ਾਮਲ ਹੋ ਗਏ ਜਦਕਿ ਮੈਨੀਟੋਬਾ ਦਾ ਵਿੰਨੀਪੈਗ, ਐਲਬਰਟਾ ਦਾ ਰੈਡ ਡੀਅਰ ਅਤੇ ਲੈਥਬ੍ਰਿਜ ਅਤੇ ਬੀ.ਸੀ. ਦਾ ਕੈਲੋਨਾ ਸ਼ਹਿਰ ਵੀ ਸੂਚੀ ਵਿਚ ਆ ਚੁੱਕੇ ਹਨ।
ਕੱਚਿਆਂ ਦੀ ਗਿਣਤੀ ਘਟਾਉਣ ਵਿਚ ਜੁਟੀ ਸਰਕਾਰ
ਇਨ੍ਹਾਂ ਸ਼ਹਿਰਾਂ ਦੇ ਇੰਪਲੌਇਰ ਘੱਟ ਉਜਰਤਾਂ ਦੀ ਪੇਸ਼ਕਸ਼ ਕਰਦਿਆਂ ਐਲ.ਐਮ.ਆਈ.ਏ. ਹਾਸਲ ਨਹੀਂ ਕਰ ਸਕਣਗੇ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਹਾਲਾਤ ਨੂੰ ਵੇਖਦਿਆਂ 1 ਲੱਖ 14 ਹਜ਼ਾਰ ਲੋਕ ਆਪਣੇ ਜੱਦੀ ਮੁਲਕ ਪਰਤ ਗਏ। 1971 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਮੁਲਕ ਵਿਚ ਦਾਖਲ ਹੋਣ ਵਾਲਿਆਂ ਤੋਂ ਵੱਧ ਦਰਜ ਕੀਤੀ ਗਈ। ਇਸ ਰੁਝਾਨ ਸਦਕਾ ਕੈਨੇਡੀਅਨ ਵਸੋਂ ਵਿਚ ਵਾਧੇ ਦੀ ਰਫ਼ਤਾਰ ਤਕਰੀਬਨ ਸਿਫ਼ਰ ’ਤੇ ਆ ਚੁੱਕੀ ਹੈ। 2021 ਤੋਂ 2024 ਦਰਮਿਆਨ ਹਰ ਤਿੰਨ ਮਹੀਨੇ ਬਾਅਦ ਕੈਨੇਡਾ ਦੀ ਆਬਾਦੀ ਵਿਚ 2 ਲੱਖ 15 ਹਜ਼ਾਰ ਦਾ ਵਾਧਾ ਹੁੰਦਾ ਰਿਹਾ ਅਤੇ ਇਸ ਮੁੱਖ ਕਾਰਨ ਕੌਮਾਂਤਰੀ ਵਿਦਿਆਰਥੀ ਅਤੇ ਟੈਂਪਰੇਰੀ ਫੌਰਨ ਵਰਕਰਜ਼ ਰਹੇ ਪਰ ਹੁਣ ਇਨ੍ਹਾਂ ਦੀ ਗਿਣਤੀ ਵਿਚ ਸਾਲਾਨ ਆਧਾਰ ’ਤੇ ਸਾਢੇ ਚਾਰ ਲੱਖ ਦੀ ਕਟੌਤੀ ਮੰਨੀ ਜਾ ਰਹੀ ਹੈ।


