ਕੈਨੇਡਾ : ਧਾਰਮਿਕ ਆਜ਼ਾਦੀ ਨੂੰ ਘੁੰਮਣਘੇਰੀ ’ਚ ਪਾਉਂਦਾ ਬਿਲ ਪਾਸ
ਕੈਨੇਡਾ ਵਿਚ ਧਾਰਮਿਕ ਆਜ਼ਾਦੀ ਉਤੇ ਪਹਿਲਾ ਹਮਲਾ ਮਾਰਕ ਕਾਰਨੀ ਸਰਕਾਰ ਨੇ ਕੀਤਾ ਹੈ

By : Upjit Singh
ਔਟਵਾ : ਕੈਨੇਡਾ ਵਿਚ ਧਾਰਮਿਕ ਆਜ਼ਾਦੀ ਉਤੇ ਪਹਿਲਾ ਹਮਲਾ ਮਾਰਕ ਕਾਰਨੀ ਸਰਕਾਰ ਨੇ ਕੀਤਾ ਹੈ ਅਤੇ ਕੰਜ਼ਰਵੇਟਿਵ ਪਾਰਟੀ ਤੇ ਐਨ.ਡੀ.ਪੀ. ਵੱਲੋਂ ਤਿੱਖਾ ਵਿਰੋਧ ਕੀਤੇ ਜਾਣ ਦੇ ਬਾਵਜੂਦ ਵਿਵਾਦਤ ਕਲੌਜ਼ ਵਾਲਾ ਬਿਲ ਸੀ-9 ਹਾਊਸ ਆਫ਼ ਕਾਮਨਜ਼ ਵਿਚ ਪਾਸ ਕਰਦਿਆਂ ਸੈਨੇਟ ਕੋਲ ਭੇਜ ਦਿਤਾ ਗਿਆ। ਜੀ ਹਾਂ, ਬਿਲ ਨੂੰ ਸੈਨੇਟ ਵਿਚ ਪ੍ਰਵਾਨਗੀ ਮਗਰੋਂ ਕੈਨੇਡਾ ਵਿਚ ਨਗਰ ਕੀਰਤਨ ਦੌਰਾਨ ਸ਼ਾਮਲ ਕੀਤੇ ਜਾਣ ਵਾਲੇ ਕੁਝ ਫ਼ਲੋਟ ਜਾਂ ਝੰਡੇ ਵੀ ਸਵਾਲਾਂ ਦੇ ਘੇਰੇ ਵਿਚ ਆ ਸਕਦੇ ਹਨ। ਕਈ ਧਾਰਮਿਕ ਜਥੇਬੰਦੀਆਂ ਅਤੇ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਵੱਲੋਂ ਬਿਲ ਪਾਸ ਹੋਣ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਗਈ ਹੈ। ਦੱਸ ਦੇਈਏ ਕਿ ਕੈਨੇਡਾ ਦੇ ਮੌਜੂਦਾ ਕ੍ਰਿਮੀਨਲ ਕੋਡ ਮੁਤਾਬਕ ਧਾਰਮਿਕ ਆਧਾਰ ’ਤੇ ਦਿਤੀ ਜਾਣ ਵਾਲੀ ਦਲੀਲ ਨੂੰ ਨਫ਼ਰਤ ਵਾਲੀ ਸ਼੍ਰੇਣੀ ਵਿਚੋਂ ਬਾਹਰ ਰੱਖਿਆ ਗਿਆ ਹੈ ਪਰ ਬਿਲ ਸੀ-9 ਅਧੀਨ ਕਿਸੇ ਧਿਰ ਵਿਸ਼ੇਸ਼ ਵਿਰੁੱਧ ਖ਼ਾਸ ਤਸਵੀਰਾਂ ਜਾਂ ਨਿਸ਼ਾਨ ਰਾਹੀਂ ਜਾਣ ਬੁੱਝ ਕੇ ਪ੍ਰਗਟਾਈ ਜਾਣ ਵਾਲੀ ਨਫ਼ਰਤ ਨੂੰ ਅਪਰਾਧ ਮੰਨਿਆ ਜਾਵੇਗਾ।
ਬਿਲ ਸੀ-9 ਦੇ ਹੱਕ ਵਿਚ 186 ਅਤੇ ਵਿਰੋਧ ਵਿਚ 137 ਵੋਟਾਂ ਪਈਆਂ
ਉਧਰ, ਨਿਆਂ ਮੰਤਰੀ ਸ਼ੌਨ ਫ਼ਰੇਜ਼ਰ ਨੇ ਦਾਅਵਾ ਕੀਤਾ ਕਿ ਨਵਾਂ ਕਾਨੂੰਨ ਧਰਮ ਦਾ ਅਪਰਾਧੀਕਰਨ ਨਹੀਂ ਕਰਦਾ। ਬਲੌਕ ਕਿਊਬੈਕਵਾ ਦੀ ਮਦਦ ਨਾਲ ਬਿਲ ਦੇ ਹੱਕ ਵਿਚ 186 ਅਤੇ ਵਿਰੋਧ ਵਿਚ 137 ਵੋਟਾਂ ਪਈਆਂ। ਭਾਰਤੀ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਬੱਬਰ ਖ਼ਾਲਸਾ ਇੰਟਰਨੈਸ਼ਨਲ ਜਾਂ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਨਾਲ ਸਬੰਧਤ ਝੰਡੇ ਨਜ਼ਰ ਆਉਣੇ ਵੱਡਾ ਅਪਰਾਧ ਮੰਨੇ ਜਾਣਗੇ ਕਿਉਂਕਿ ਇਨ੍ਹਾਂ ਦੋਹਾਂ ਜਥੇਬੰਦੀਆਂ ਉਤੇ ਪਾਬੰਦੀ ਲੱਗੀ ਹੋਈ ਹੈ। ਧਾਰਮਿਕ ਥਾਵਾਂ ਜਾਂ ਸਕੂਲਾਂ ਵੱਲ ਜਾਣ ਵਾਲਿਆਂ ਦੇ ਰਾਹ ਵਿਚ ਅੜਿੱਕੇ ਪੈਦਾ ਕਰਨ ਵੀ ਅਪਰਾਧ ਮੰਨਿਆ ਜਾਵੇਗਾ।
ਧਾਰਮਿਕ ਅਤੇ ਨਾਗਰਿਕ ਜਥੇਬੰਦੀਆਂ ਚਿੰਤਤ
ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਵੱਲੋਂ ਬਿਲ ਦਾ ਡਟ ਕੇ ਵਿਰੋਧ ਕੀਤਾ ਗਿਆ ਪਰ ਬਲੌਕ ਕਿਊਬੈਕਵਾ ਦੀਆਂ ਕੁਝ ਮੰਗਾਂ ਪ੍ਰਵਾਨ ਕੀਤੇ ਜਾਣ ਮਗਰੋਂ ਪਾਰਟੀ ਨੇ ਬਿਲ ਦਾ ਹਮਾਇਤ ਕਰ ਦਿਤੀ। ਹੁਣ ਦੇਖਣਾ ਇਹ ਹੋਵੇਗਾ ਕਿ ਬਿਲ ਪਾਸ ਹੋਣ ਮਗਰੋਂ ਖ਼ਾਲਿਸਤਾਨ ਹਮਾਇਤੀ ਸਰਗਰਮੀਆਂ ਨੂੰ ਨਫ਼ਤਰ ਫੈਲਾਉਣ ਵਾਲੀਆਂ ਮੰਨਿਆ ਜਾਂਦਾ ਹੈ ਜਾਂ ਨਹੀਂ। ਸੈਨੇਟ ਵੱਲੋਂ ਬਿਲ ਦਾ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ।


