ਕੈਨੇਡਾ ਵੱਲੋਂ 46 ਹਜ਼ਾਰ ਅਸਾਇਲਮ ਦਾਅਵੇ ਪ੍ਰਵਾਨ
ਕੈਨੇਡਾ ਵੱਲੋਂ 46 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਦੇ ਅਸਾਇਲਮ ਦਾਅਵੇ ਪ੍ਰਵਾਨ ਕਰਨ ਅਤੇ ਟਰੰਪ ਦੀ ਡਿਪੋਰਟੇਸ਼ਨ ਮੁਹਿੰਮ ਦੇ ਮੱਦੇਨਜ਼ਰ ਪਨਾਹ ਮੰਗਣ ਵਾਲਿਆਂ ਦਾ ਮਸਲਾ ਮੁੜ ਭਖਦਾ ਮਹਿਸੂਸ ਹੋ ਰਿਹਾ ਹੈ।

ਟੋਰਾਂਟੋ : ਕੈਨੇਡਾ ਵੱਲੋਂ 46 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਦੇ ਅਸਾਇਲਮ ਦਾਅਵੇ ਪ੍ਰਵਾਨ ਕਰਨ ਅਤੇ ਟਰੰਪ ਦੀ ਡਿਪੋਰਟੇਸ਼ਨ ਮੁਹਿੰਮ ਦੇ ਮੱਦੇਨਜ਼ਰ ਪਨਾਹ ਮੰਗਣ ਵਾਲਿਆਂ ਦਾ ਮਸਲਾ ਮੁੜ ਭਖਦਾ ਮਹਿਸੂਸ ਹੋ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਹੇ ਲਿਬਰਲ ਆਗੂ ਮਾਰਕ ਕਾਰਨੀ ਵੱਲੋਂ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਿਚ ਵਾਧੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਕੈਨੇਡਾ ਵਿਚ ਦਾਖਲ ਹੁੰਦਿਆਂ ਪਨਾਹ ਮੰਗਣ ਵਾਲਿਆਂ ਨੂੰ ਪੁੱਠੇ ਪੈਰੀਂ ਵਾਪਸ ਭੇਜ ਦਿਤਾ ਜਾਵੇਗਾ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਕਿਹਾ ਕਿ ਉਹ ਕਾਨੂੰਨੀ ਪ੍ਰਵਾਸ ਦੇ ਹੱਕ ਵਿਚ ਹਨ ਅਤੇ ਪਨਾਹ ਮੰਗਣ ਵਾਲਿਆਂ ਨੂੰ ਆਪਣਾ ਦਾਅਵਾ ਸਾਬਤ ਕਰਨਾ ਹੋਵੇਗਾ ਪਰ ਜੇ ਉਹ ਧੋਖੇਬਾਜ਼ ਹਨ ਤਾਂ ਉਨ੍ਹਾਂ ਨੂੰ ਕੱਢ ਦਿਤਾ ਜਾਵੇਗਾ।
ਰਫਿਊਜੀਆਂ ਦੀ ਵਧ ਰਹੀ ਗਿਣਤੀ ਲਈ ਅਮਰੀਕਾ ਜ਼ਿੰਮੇਵਾਰ : ਕਾਰਨੀ
ਭਾਵੇਂ ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਵਿਚ ਪਨਾਹ ਦਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਕਮੀ ਆਈ ਹੈ ਪਰ ਹਾਲ ਹੀ ਵਿਚ ਕਿਊਬੈਕ ਵਿਚ ਦਾਖਲ ਹੋਣ ਵਾਲਿਆਂ ਦਾ ਅੰਕੜਾ ਵਧ ਗਿਆ। 2024 ਦੌਰਾਨ ਇੰਮੀਗ੍ਰੇਸ਼ਨ ਵਿਭਾਗ ਵੱਲੋਂ 46,480 ਅਸਾਇਲਮ ਦਾਅਵੇ ਪ੍ਰਵਾਨ ਕੀਤੇ ਗਏ ਅਤੇ ਇਹ ਗਿਣਤੀ 2018 ਦੇ ਮੁਕਾਬਲੇ 200 ਫੀ ਸਦੀ ਵੱਧ ਬਣਦੀ ਹੈ ਜਦੋਂ ਮੁਲਕ ਵਿਚ ਸਭ ਤੋਂ ਵੱਧ ਰਫਿਊਜੀਆਂ ਨੂੰ ਪੱਕਾ ਕੀਤਾ ਗਿਆ। ਅਤੀਤ ਵਿਚ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜੇ ਵਿਦੇਸ਼ੀ ਨਾਗਰਿਕਾਂ ਨੇ ਵੀ ਪਨਾਹ ਦੇ ਦਾਅਵੇ ਪੇਸ਼ ਕੀਤੇ ਅਤੇ ਸਟੱਡੀ ਵੀਜ਼ਾ ’ਤੇ ਆਉਣ ਮਗਰੋਂ ਪੀ.ਆਰ. ਲੈਣ ਵਿਚ ਅਸਫ਼ਲ ਰਹੇ ਕੌਮਾਂਤਰੀ ਵਿਦਿਆਰਥੀ ਵੀ ਇਸ ਰਾਹ ਤੁਰ ਪਏ। ਕੈਨੇਡਾ ਵਿਚ 2023 ਦੌਰਾਨ ਇਕ ਲੱਖ 38 ਹਜ਼ਾਰ ਅਸਾਇਲਮ ਕਲੇਮ ਦਾਖਲ ਕੀਤੇ ਗਏ ਜਿਨ੍ਹਾਂ ਵਿਚੋਂ ਵਿਜ਼ਟਰ ਵੀਜ਼ਾ ਵਾਲੇ ਤਕਰੀਬਨ 14 ਫੀ ਸਦੀ ਬਣਦੇ ਹਨ।
ਧੋਖੇਬਾਜ਼ ਸ਼ਰਨਾਰਥੀਆਂ ਨੂੰ ਕੈਨੇਡਾ ਵਿਚੋਂ ਕੱਢਾਂਗੇ ਬਾਹਰ : ਪੌਇਲੀਐਵ
ਇਹ ਅੰਕੜਾ ਹੋਰ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਵੀਜ਼ਾ ਐਕਸਪਾਇਰ ਹੋਣ ਦੀ ਸੂਰਤ ਵਿਚ ਹੋਰ ਜ਼ਿਆਦਾ ਵਿਦੇਸ਼ੀ ਨਾਗਰਿਕ ਰਫਿਊਜੀ ਕਲੇਮ ਦਾਇਰ ਕਰ ਸਕਦੇ ਹਨ। ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਸਪੈਸ਼ਲ ਪ੍ਰੋਗਰਾਮ ਦੌਰਾਨ ਵਿਜ਼ਟਰ ਵੀਜ਼ਾ ਹਾਸਲ ਕਰਨ ਵਾਲੇ 152,400 ਜਣਿਆਂ ਵਿਚੋਂ 19,400 ਨੇ ਕੈਨੇਡਾ ਵਿਚ ਪਨਾਹ ਦਾ ਦਾਅਵਾ ਪੇਸ਼ ਕਰ ਦਿਤਾ। ਸਪੈਸ਼ਲ ਪ੍ਰੋਗਰਾਮ ਦੌਰਾਲ ਵਿਦੇਸ਼ੀ ਨਾਗਰਿਕਾਂ ਤੋਂ ਆਰਥਿਕ ਤੌਰ ’ਤੇ ਮਜ਼ਬੂਤ ਹੋਣ ਦੇ ਸਬੂਤ ਨਹੀਂ ਸਨ ਮੰਗੇ ਜਾਂਦੇ। ਉਧਰ ਸੰਯੁਕਤ ਰਾਸ਼ਟਰ ਦੇ ਅੰਕੜੇ ਕਹਿੰਦੇ ਹਨ ਕਿ ਪਿਛਲੇ ਸਾਲ 12 ਕਰੋੜ ਤੋਂ ਵੱਧ ਲੋਕ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਉਜਾੜੇ ਦਾ ਸ਼ਿਕਾਰ ਬਣੇ ਜਿਨ੍ਹਾਂ ਵਿਚੋਂ 70 ਲੱਖ ਯੂਰਪ ਜਾਂ ਉਤਰੀ ਅਮਰੀਕਾ ਜਾਣ ਦੇ ਯਤਨ ਕਰ ਸਕਦੇ ਹਨ।