ਕੈਨੇਡਾ : ਜਬਰੀ ਵਸੂਲੀ ਦੇ ਮਾਮਲੇ ਵਿਚ ਇਕ ਹੋਰ ਕਤਲ!
ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲਿਆਂ ਤਹਿਤ ਚੱਲ ਰਹੀਆਂ ਗੋਲੀਆਂ ਦਰਮਿਆਨ ਕਿਚਨਰ ਵਿਖੇ ਇਕ ਜਣੇ ਦਾ ਕਤਲ ਕਰ ਦਿਤਾ ਗਿਆ ਅਤੇ ਪੁਲਿਸ ਇਸ ਨੂੰ ਟਾਰਗੈਟਡ ਸ਼ੂਟਿੰਗ ਦੱਸ ਰਹੀ ਹੈ

By : Upjit Singh
ਕਿਚਨਰ : ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲਿਆਂ ਤਹਿਤ ਚੱਲ ਰਹੀਆਂ ਗੋਲੀਆਂ ਦਰਮਿਆਨ ਕਿਚਨਰ ਵਿਖੇ ਇਕ ਜਣੇ ਦਾ ਕਤਲ ਕਰ ਦਿਤਾ ਗਿਆ ਅਤੇ ਪੁਲਿਸ ਇਸ ਨੂੰ ਟਾਰਗੈਟਡ ਸ਼ੂਟਿੰਗ ਦੱਸ ਰਹੀ ਹੈ। ਵਾਟਰਲੂ ਰੀਜਨਲ ਪੁਲਿਸ ਵੱਲੋਂ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੈਂਚੁਰੀ ਹਿਲ ਡਰਾਈਵ ਇਲਾਕੇ ਵਿਚ ਗੋਲੀਬਾਰੀ ਦੌਰਾਨ 32 ਸਾਲ ਦੇ ਇਕ ਸਾਊਥ ਏਸ਼ੀਅਨ ਨੇ ਦਮ ਤੋੜਿਆ। ਵਾਰਦਾਤ ਦੇ ਗਵਾਹਾਂ ਮੁਤਾਬਕ ਇਕ ਚਿੱਟੇ ਰੰਗ ਦੀ ਐਸ.ਯੂ.ਵੀ. ਦਰੱਖਤ ਵਿਚ ਜਾ ਵੱਜੀ ਅਤੇ ਬਾਅਦ ਵਿਚ ਪੁਲਿਸ ਨੇ ਵੀ ਤਸਦੀਕ ਕਰ ਦਿਤਾ ਕਿ 32 ਸਾਲਾ ਸ਼ਖਸ ਨੂੰ ਗੱਡੀ ਦੇ ਅੰਦਰ ਹੀ ਗੋਲੀਆਂ ਮਾਰੀਆਂ ਗਈਆਂ।
ਕਿਚਨਰ ਵਿਖੇ ਮਰਨ ਵਾਲੇ ਦੀ ਪਛਾਣ ਪੁਲਿਸ ਨੇ ਜਨਤਕ ਨਾ ਕੀਤੀ
ਕਾਂਸਟੇਬਲ ਮੈਲਿਜ਼ਾ ਕੁਔਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਗੋਲੀਬਾਰੀ ਦੀ ਵਾਰਦਾਤ ਨੂੰ ਆਰਗੇਨਾਈਜ਼ਡ ਕ੍ਰਾਈਮ ਨਾਲ ਸਬੰਧਤ ਦੱਸਿਆ ਪਰ ਸ਼ੱਕੀ ਬਾਰੇ ਕੋਈ ਜਾਣਕਾਰੀ ਸਾਂਝੀ ਨਾ ਕੀਤੀ। ਦੂਜੇ ਪਾਸੇ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਰਹਿੰਦੇ ਲੋਕ ਡਰੇ ਹੋਏ ਹਨ ਅਤੇ ਇਨ੍ਹਾਂ ਵਿਚੋਂ ਇਕ ਟ੍ਰੇਸੀ ਵੌਅਨ ਦਾ ਕਹਿਣਾ ਸੀ ਕਿ ਉਹ ਮਰਨ ਵਾਲੇ ਨੂੰ ਨਹੀਂ ਜਾਣਦੀ ਪਰ ਉਹ ਇਸੇ ਕੰਪਲੈਕਸ ਵਿਚ ਰਹਿੰਦਾ ਸੀ। ਪੁਲਿਸ ਨੇ ਲੋਕਾਂ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ ਵਾਟਰਲੂ ਰੀਜਨਲ ਪੁਲਿਸ ਨਾਲ 519 570 9777 ਐਕਸਟੈਨਸ਼ਨ 8191 ’ਤੇ ਸੰਪਰਕ ਕੀਤਾ ਜਾਵੇ।
ਹਮਲਾਵਰਾਂ ਨੇ ਗੱਡੀ ਵਿਚੋਂ ਬਾਹਰ ਨਿਕਲਣ ਦਾ ਮੌਕਾ ਨਾ ਦਿਤਾ
ਮੌਜੂਦਾ ਵਰ੍ਹੇ ਦੌਰਾਨ ਵਾਟਰਲੂ ਰੀਜਨ ਵਿਚ ਗੋਲੀਬਾਰੀ ਦਾ ਇਹ ਪਹਿਲੀ ਵਾਰਦਾਤ ਹੈ ਜੋ ਜਾਨਲੇਵਾ ਸਾਬਤ ਹੋਈ। ਦਸੰਬਰ 2024 ਤੱਕ ਇਲਾਕੇ ਵਿਚ ਗੋਲੀਬਾਰੀ ਦੀਆਂ 21 ਵਾਰਦਾਤਾਂ ਸਾਹਮਣੇ ਆਈਆਂ ਅਤੇ ਇਨ੍ਹਾਂ ਵਿਚੋਂ ਚਾਰ ਜਾਨਲੇਵਾ ਸਾਬਤ ਹੋਈਆਂ। ਮੌਜੂਦਾ ਵਰ੍ਹੇ ਦੌਰਾਨ ਪੁਲਿਸ 17 ਵਾਰਦਾਤਾਂ ਦੀ ਪੜਤਾਲ ਕਰ ਰਹੀ ਹੈ ਜਿਨ੍ਹਾਂ ਵਿਚੋਂ 8 ਮਾਮਲਿਆਂ ਵਿਚ ਲੋਕ ਜ਼ਖਮੀ ਹੋਏ ਜਦਕਿ 8 ਵਿਚ ਕੋਈ ਜ਼ਖਮੀ ਨਾ ਹੋਇਆ। ਚੇਤੇ ਰਹੇ ਕਿ ਨਵੰਬਰ ਦੌਰਾਨ ਬ੍ਰਿਜਪੋਰਟ ਰੋਡ ਈਸਟ ਅਤੇ ਵੈਬਰ ਸਟ੍ਰੀਟ ਨੌਰਥ ਦੇ ਇੰਟਰਸੈਕਸ਼ਨ ’ਤੇ ਦੋ ਗੱਡੀਆਂ ਵਿਚ ਬੈਠੇ ਲੋਕਾਂ ਨੇ ਇਕ-ਦੂਜੇ ਉਤੇ 50 ਤੋਂ ਵੱਧ ਗੋਲੀਆਂ ਚਲਾਈਆਂ।


