Canada : ਲੁਕ-ਛਿਪ ਕੇ ਵਿਕ ਰਿਹਾ gold, 6 ਕਿਲੋ ਜ਼ਬਤ
ਕੈਨੇਡਾ ਵਿਚ ਵਸਦੀਆਂ ਭਾਰਤੀ ਬੀਬੀਆਂ ਨੂੰ ਸੋਨੇ ਦੇ ਹਾਰ, ਕਾਂਟੇ, ਕੰਗਣ ਅਤੇ ਮੁੰਦੀਆਂ ਵੇਚਣ ਜਾ ਰਹੇ ਇਕ ਅਣਪਛਾਤੇ ਸ਼ਖਸ ਕੋਲੋਂ ਛੇ ਕਿਲੋ ਤੋਂ ਵੱਧ ਵਜ਼ਨੀ ਗਹਿਣੇ ਬਰਾਮਦ ਕੀਤੇ ਗਏ

By : Upjit Singh
ਟੋਰਾਂਟੋ : ਕੈਨੇਡਾ ਵਿਚ ਵਸਦੀਆਂ ਭਾਰਤੀ ਬੀਬੀਆਂ ਨੂੰ ਸੋਨੇ ਦੇ ਹਾਰ, ਕਾਂਟੇ, ਕੰਗਣ ਅਤੇ ਮੁੰਦੀਆਂ ਵੇਚਣ ਜਾ ਰਹੇ ਇਕ ਅਣਪਛਾਤੇ ਸ਼ਖਸ ਕੋਲੋਂ ਛੇ ਕਿਲੋ ਤੋਂ ਵੱਧ ਵਜ਼ਨੀ ਗਹਿਣੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਅੰਦਾਜ਼ਨ ਕੀਮਤ 11 ਲੱਖ 40 ਹਜ਼ਾਰ ਡਾਲਰ ਬਣਦੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਗਰੇਟਰ ਟੋਰਾਂਟੋ ਏਰੀਆ ਵਿਚ ਇਕ ਮੁਸਾਫ਼ਰ ਕੋਲੋਂ ਅਣਐਲਾਨੇ ਗਹਿਣੇ ਬਰਾਮਦ ਕੀਤੇ ਗਏ ਜਿਸ ਵਿਰੁੱਧ ਸੋਨੇ ਦੀ ਤਸਕਰੀ ਅਤੇ ਟੈਕਸ ਚੋਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਛੇ ਕਿਲੋ ਸੋਨੇ ਦੀ ਬਰਾਮਦਗੀ ਅਜਿਹੇ ਸਮੇਂ ਹੋਈ ਹੈ ਜਦੋਂ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਬਾਰੇ ਅੱਜ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਕਰੋੜਾਂ ਡਾਲਰ ਦਾ ਸੋਨਾ ਲੁੱਟਣ ਦੇ ਮਾਮਲੇ ਦਾ ਮੁੱਖ ਸ਼ੱਕੀ ਮੋਹਾਲੀ ਵਿਖੇ ਰਹਿ ਰਿਹਾ ਹੈ ਅਤੇ ਕੈਨੇਡਾ ਸਰਕਾਰ ਵੱਲੋਂ ਉਸ ਦੀ ਹਵਾਲਗੀ ਦੇ ਯਤਨਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ।
ਗਰੇਟਰ ਟੋਰਾਂਟੋ ’ਚ ਘਿਰਿਆ ਅਣਪਛਾਤਾ ਸ਼ਖਸ
ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦੌਰਾਨ ਖਰੇ ਸੋਨੇ ਦੀਆਂ 6,600 ਇੱਟਾਂ ਫ਼ਿਲਮੀ ਅੰਦਾਜ਼ ਵਿਚ ਲੁਟੇਰੇ ਲੈ ਗਏ ਜਿਨ੍ਹਾਂ ਦਾ ਵਜ਼ਨ 4 ਕੁੁਇੰਟਲ ਬਣਦਾ ਸੀ। ਪੀਲ ਰੀਜਨਲ ਪੁਲਿਸ ਹੁਣ ਤੱਕ ਇਸ ਮਾਮਲੇ ਵਿਚ ਅਰਚਿਤ ਗਰੋਵਰ , ਪਰਮਪਾਲ ਸਿੱਧੂ ਅਤੇ ਅਮਿਤ ਜਲੋਟਾ ਨੂੰ ਕਾਬੂ ਕਰ ਚੁੱਕੀ ਹੈ ਜਦਕਿ ਅਮਾਦ ਚੌਧਰੀ, ਅਲੀ ਰਜ਼ਾ ਅਤੇ ਪ੍ਰਸਾਦ ਪਰਮਾÇਲੰਗਮ ਵੀ ਸ਼ੱਕੀਆਂ ਦੀ ਸੂਚੀ ਵਿਚ ਸ਼ਾਮਲ ਹਨ। ਪਬਲਿਕ ਰਿਕਾਰਡ ਮੁਤਾਬਕ ਸਿਮਰਨ ਪ੍ਰੀਤ ਪਨੇਸਰ ਬਰੈਂਪਟਨ ਵਿਖੇ ਰਹਿੰਦਾ ਸੀ ਅਤੇ ਅਪ੍ਰੈਲ 2024 ਦੌਰਾਨ ਗੁਆਂਢੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਨੇ ਪਰਵਾਰ ਨੂੰ ਕਈ ਮਹੀਨੇ ਤੋਂ ਨਹੀਂ ਦੇਖਿਆ।
ਭ੍ਰਿਸ਼ਟਾਚਾਰ ਦੇ ਮਾਮਲੇ ’ਚ ਪੀਲ ਪੁਲਿਸ ਦੇ 3 ਅਫ਼ਸਰ ਟੰਗੇ
ਦੂਜੇ ਪਾਸੇ ਟੋਰਾਂਟੋ ਪੁਲਿਸ ਦੇ 7 ਅਫ਼ਸਰਾਂ ਉਤੇ ਕਤਲ, ਜਬਰੀ ਵਸੂਲੀ ਅਤੇ ਹੋਰ ਵਾਰਦਾਤਾਂ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗਣ ਮਗਰੋਂ ਪੀਲ ਰੀਜਨਲ ਪੁਲਿਸ ਦੇ ਤਿੰਨ ਅਫ਼ਸਰਾਂ ਨੂੰ ਵੀ ਇਸੇ ਮਾਮਲੇ ਵਿਚ ਮੁਅੱਤਲ ਕਰ ਦਿਤਾ ਗਿਆ ਹੈ। ਪ੍ਰੌਜੈਕਟ ਸਾਊਥ ਅਧੀਨ ਯਾਰਕ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਇਹ ਤਿੰਨੋ ਅਫ਼ਸਰ ਜਾਂਚ ਦੇ ਘੇਰੇ ਵਿਚ ਦੱਸੇ ਜਾ ਰਹੇ ਹਨ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਬੇਹੱਣ ਸੰਜੀਦਾ ਮਸਲਾ ਹੋਣ ਕਰ ਕੇ ਮੁਅੱਤਲ ਕੀਤੇ ਅਫ਼ਸਰਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਜਾ ਸਕਦੀ ਅਤੇ ਹੋਰ ਜਾਣਕਾਰੀ ਮੁਹੱਈਆ ਕਰਵਾਉਣੀ ਵੀ ਸੰਭਵ ਨਹੀਂ।


