ਕੈਨੇਡਾ : 3 ਲੱਖ 56 ਹਜ਼ਾਰ ਪ੍ਰਵਾਸੀਆਂ ਨੂੰ ਮਿਲੀ ਸਿਟੀਜ਼ਨਸ਼ਿਪ
ਕੈਨੇਡਾ ਵੱਲੋਂ ਲੱਖਾਂ ਦੀ ਗਿਣਤੀ ਵਿਚ ਵੀਜ਼ਾ ਅਰਜ਼ੀਆਂ ਰੱਦ ਕੀਤੇ ਜਾਣ ਦਰਮਿਆਨ ਜਨਵਰੀ ਤੋਂ ਮਾਰਚ ਤੱਕ 104,300 ਪ੍ਰਵਾਸੀਆਂ ਨੂੰ ਪੀ.ਆਰ. ਦਿਤੀ ਗਈ

By : Upjit Singh
ਟੋਰਾਂਟੋ : ਕੈਨੇਡਾ ਵੱਲੋਂ ਲੱਖਾਂ ਦੀ ਗਿਣਤੀ ਵਿਚ ਵੀਜ਼ਾ ਅਰਜ਼ੀਆਂ ਰੱਦ ਕੀਤੇ ਜਾਣ ਦਰਮਿਆਨ ਜਨਵਰੀ ਤੋਂ ਮਾਰਚ ਤੱਕ 104,300 ਪ੍ਰਵਾਸੀਆਂ ਨੂੰ ਪੀ.ਆਰ. ਦਿਤੀ ਗਈ ਅਤੇ 8 ਲੱਖ 53 ਹਜ਼ਾਰ ਅਰਜ਼ੀਆਂ ਇੰਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਵਿਭਾਗ ਕੋਲ ਵਿਚਾਰ ਅਧੀਨ ਹਨ। ਕੈਨੇਡੀਅਨ ਨਾਗਰਿਕਤਾ ਨਾਲ ਸਬੰਧਤ ਅਰਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ 2 ਲੱਖ 39 ਹਜ਼ਾਰ ਅਰਜ਼ੀਆਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਜਿਨ੍ਹਾਂ ਵਿਚੋਂ 1 ਲੱਖ 96 ਹਜ਼ਾਰ ਦਾ ਨਿਪਟਾਰਾ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਹੋਣ ਦੀ ਉਮੀਦ ਹੈ। ਇੰਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ 1 ਅਪ੍ਰੈਲ 2024 ਤੋਂ 31 ਮਾਰਚ 2025 ਤੱਕ 356,300 ਪ੍ਰਵਾਸੀਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਿਤੀ ਗਈ। ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਵਰਕ ਪਰਮਿਟ ਨਾਲ ਸਬੰਧਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਜੂਦਾ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਦੌਰਾਨ 1 ਲੱਖ 59 ਹਜ਼ਾਰ ਸਟੱਡੀ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਜਦਕਿ ਵਰਕ ਪਰਮਿਟ ਵਿਚ ਵਾਧੇ ਅਤੇ ਨਵੇਂ ਵਰਕ ਪਰਮਿਟ ਵਾਲੀਆਂ 3 ਲੱਖ 96 ਹਜ਼ਾਰ ਅਰਜ਼ੀਆਂ ਦੀ ਪ੍ਰੋਸੈਸਿੰਗ ਮੁਕੰਮਲ ਕੀਤੀ ਗਈ।
ਜਨਵਰੀ ਤੋਂ ਮਾਰਚ ਦਰਮਿਆਨ 1 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਪੀ.ਆਰ.
ਦੱਸ ਦੇਈਏ ਕਿ ਇੰਮੀਗ੍ਰੇਸ਼ਨ ਵਿਭਾਗ ਕੋਲ 20 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ ਵਿਚਾਰ ਅਧੀਨ ਹਨ ਜਿਨ੍ਹਾਂ ਵਿਚੋਂ 7 ਲੱਖ 80 ਹਜ਼ਾਰ ਬੈਕਲਾਗ ਵਿਚ ਮੰਨੀਆਂ ਜਾ ਰਹੀਆਂ ਹਨ। ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜੇ ਲੋਕ ਆਪਣੀ ਵੀਜ਼ਾ ਮਿਆਦ ਵਿਚ ਵਾਧਾ ਕਰਵਾਉਂਦਿਆਂ ਵੱਧ ਤੋਂ ਵੱਧ ਸਮਾਂ ਮੁਲਕ ਵਿਚ ਰਹਿਣ ਨੂੰ ਤਰਜੀਹ ਦੇ ਰਹੇ ਹਨ। 2019 ਵਿਚ ਅਜਿਹੇ ਲੋਕਾਂ ਦੀ ਗਿਣਤੀ 1 ਲੱਖ 97 ਹਜ਼ਾਰ ਦਰਜ ਕੀਤੀ ਗਈ ਜੋ 2024 ਤੱਕ ਵਧ ਕੇ 3 ਲੱਖ 90 ਹਜ਼ਾਰ ਦੇ ਨੇੜੇ ਪੁੱਜਦੀ ਨਜ਼ਰ ਆਈ। ਕੈਨੇਡਾ ਵਿਚ ਮੌਜੂਦ ਹੁੰਦਿਆਂ ਵਿਜ਼ਟਰ ਵੀਜ਼ਾ ਮਿਆਦ ਵਿਚ ਵਾਧੇ ਦੀਆਂ ਸੰਭਾਵਨਾਵਾਂ ਕਾਫ਼ੀ ਵਧ ਜਾਂਦੀਆਂ ਹਨ ਅਤੇ 95 ਫ਼ੀ ਸਦੀ ਅਰਜ਼ੀਆਂ ਪ੍ਰਵਾਨ ਹੋਣ ਦੀ ਰਿਪੋਰਟ ਹੈ। ਉਧਰ ਸਟੱਡੀ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਰਫ਼ਤਾਰ ਬਹੁਤ ਜ਼ਿਆਦਾ ਹੋਣ ਕਾਰਨ ਭਾਰਤੀ ਵਿਦਿਆਰਥੀ ਹੁਣ ਆਇਰਲੈਂਡ ਵਰਗੇ ਮੁਲਕਾਂ ਨੂੰ ਤਰਜੀਹ ਦੇ ਰਹੇ ਹਨ ਜਿਸ ਦੇ ਮੱਦੇਨਜ਼ਰ ਕੈਨੇਡਾ ਦੇ ਸਟੱਡੀ ਵੀਜ਼ਾ ਲਈ 2024 ਦੌਰਾਨ ਪੁੱਜੀਆਂ ਅਰਜ਼ੀਆਂ ਦੀ ਗਿਣਤੀ 4 ਲੱਖ 69 ਹਜ਼ਾਰ ਰਹਿ ਗਈ ਜੋ 2023 ਵਿਚ 8 ਲੱਖ 68 ਹਜ਼ਾਰ ਦਰਜ ਕੀਤੀ ਗਈ ਸੀ।
ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 8 ਲੱਖ ਤੋਂ ਹੇਠਾਂ ਆਇਆ
ਕੈਨੇਡਾ ਤੋਂ ਇਲਾਵਾ ਆਸਟ੍ਰੇਲੀਆ, ਯੂ.ਕੇ. ਅਤੇ ਅਮਰੀਕਾ ਦੇ ਸਟੱਡੀ ਵੀਜ਼ਾ ਲਈ ਵੀ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਅਰਜ਼ੀਆਂ ਵਿਚ ਵੱਡੀ ਕਮੀ ਆਈ ਹੈ। ਚੇਤੇ ਰਹੇ ਕਿ ਕੈਨੇਡੀਅਨ ਇੰਮੀਗ੍ਰੇਸ਼ਨ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਕੈਲੰਡਰ ਵਰ੍ਹੇ ਦੌਰਾਨ 23 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ। 2024 ਦੇ ਹੈਰਾਨਕੁੰਨ ਅੰਕੜੇ ਦਰਸਾਉਂਦੇ ਹਨ ਕਿ ਟੈਂਪਰੇਰੀ ਰੈਜ਼ੀਡੈਂਟ ਦੀਆਂ ਕੁਲ ਅਰਜ਼ੀਆਂ ਵਿਚੋਂ 50 ਫ਼ੀ ਸਦੀ ਸਿੱਧੇ ਤੌਰ ’ਤੇ ਰੱਦ ਹੋ ਗਈਆਂ ਅਤੇ ਇਹ ਅੰਕੜਾ 23 ਲੱਖ 50 ਹਜ਼ਾਰ ਰਿਹਾ। 2023 ਵਿਚ 18 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ। ਸਭ ਤੋਂ ਵੱਧ ਸਖ਼ਤੀ ਵਿਜ਼ਟਰ ਵੀਜ਼ਾ ਮੰਗਣ ਵਾਲਿਆਂ ਨਾਲ ਵਰਤੀ ਗਈ ਅਤੇ 54 ਫ਼ੀ ਸਦੀ ਅਰਜ਼ੀਆਂ ਰੱਦ ਹੋਈਆਂ ਜਦਕਿ 2023 ਵਿਚ 40 ਫੀ ਸਦੀ ਅਰਜ਼ੀਆਂ ਰੱਦ ਹੋਈਆਂ ਸਨ। ਦੂਜੇ ਪਾਸੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਤਿੰਨ ਮਹੀਨੇ ਬਾਅਦ ਕੈਨੇਡੀਅਨ ਤਜਰਬੇ ਵਾਲੀ ਸ਼੍ਰੇਣੀ ਵਿਚ ਐਕਸਪ੍ਰੈਸ ਐਂਟਰੀ ਦਾ ਡਰਾਅ ਕਢਦਿਆਂ 500 ਉਮੀਦਵਾਰਾਂ ਨੂੰ ਪੀ.ਆਰ. ਲਈ ਅਰਜ਼ੀ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਹੈ। ਘੱਟੋ ਘੱਟ ਸੀ.ਆਰ.ਐਸ. 547 ਰਿਹਾ ਅਤੇ ਯੋਗ ਉਮੀਦਵਾਰਾਂ ਨੂੰ 21 ਮਈ ਤੱਕ ਪ੍ਰੋਫਾਈਲ ਕ੍ਰੀਏਟ ਕਰਨ ਦੀ ਹਦਾਇਤ ਦਿਤੀ ਗਈ ਹੈ।


