ਕੈਨੇਡਾ : 2 ਪੰਜਾਬੀਆਂ ’ਤੇ ਲੱਗੇ 50 ਲੱਖ ਡਾਲਰ ਦੀ ਚੋਰੀ ਦੇ ਦੋਸ਼
50 ਲੱਖ ਡਾਲਰ ਤੋਂ ਵੱਧ ਮੁੱਲ ਦਾ ਕਾਰਗੋ ਚੋਰੀ ਹੋਣ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਇਕ ਹੋਰ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ

By : Upjit Singh
ਬਰੈਂਪਟਨ : 50 ਲੱਖ ਡਾਲਰ ਤੋਂ ਵੱਧ ਮੁੱਲ ਦਾ ਕਾਰਗੋ ਚੋਰੀ ਹੋਣ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਇਕ ਹੋਰ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ ਜਦਕਿ ਪਹਿਲਾਂ ਤੋਂ ਗ੍ਰਿਫ਼ਤਾਰ ਮਨਜਿੰਦਰ ਸਿੰਘ ਬੂਰਾ ਵਿਰੁੱਧ 12 ਨਵੇਂ ਦੋਸ਼ ਆਇਦ ਕਰਨ ਦਾ ਐਲਾਨ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਹੱਈਆ ਜਾਣਕਾਰੀ ਮੁਤਾਬਕ ਟਰੱਕਾਂ ਵਿਚ ਲੱਦਿਆ ਸਮਾਨ ਚੋਰੀ ਹੋਣ ਦੀਆਂ ਕਥਿਤ ਵਾਰਦਾਤਾਂ ਦਸੰਬਰ 2024 ਦੇ ਆਰੰਭ ਅਤੇ ਜਨਵਰੀ 2025 ਦੇ ਅੰਤ ਵਿਚ ਵਾਪਰੀਆਂ ਜੋ ‘ਆਲ ਡੇਜ਼ ਟ੍ਰਕਿੰਗ’ ਨਾਂ ਵਾਲੀ ਟ੍ਰਾਂਸਪੋਰਟੇਸ਼ਨ ਕੰਪਨੀ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ। ਪੀਲ ਰੀਜਨਲ ਪੁਲਿਸ ਵੱਲੋਂ ਕੀਤੀ ਪੜਤਾਲ ਮੁਤਾਬਕ ਬੀਤੇ ਫ਼ਰਵਰੀ ਮਹੀਨੇ ਦੌਰਾਨ ‘ਆਲ ਡੇਜ਼ ਟ੍ਰਕਿੰਗ’ ਵੱਲੋਂ ਸਮਾਨ ਦੀ ਢੋਆ-ਢੁਆਈ ਕਰਵਾਉਣ ਦੀ ਇੱਛਕ ਧਿਰ ਨਾਲ ਆਨਲਾਈਨ ਸੰਪਰਕ ਕੀਤਾ ਗਿਆ ਅਤੇ ਰਿਆਇਤੀ ਦਰਾਂ ’ਤੇ ਬਿਹਤਰ ਸੇਵਾਵਾਂ ਦਾ ਯਕੀਨ ਦਿਵਾਇਆ।
ਟਰੱਕਾਂ ਵਿਚ ਲੱਦਿਆ ਕਾਰਗੋ ਹੋ ਜਾਂਦਾ ਸੀ ਗਾਇਬ
ਟ੍ਰਾਂਸਪੋਰਟੇਸ਼ਨ ਦਰਾਂ ਦੀ ਪੇਸ਼ਕਸ਼ ਪਸੰਦ ਆਉਣ ’ਤੇ ਆਲ ਡੇਜ਼ ਟ੍ਰਕਿੰਗ ਨੂੰ ਕਾਰਗੋ ਦੀ ਢੋਆ ਢੁਆਈ ਬਾਰੇ ਜ਼ਿੰਮੇਵਾਰੀ ਸੌਂਪ ਦਿਤੀ ਗਈ ਪਰ ਇਹ ਸਮਾਨ ਕਥਿਤ ਤੌਰ ’ਤੇ ਰਾਹ ਵਿਚ ਹੀ ਖੁਰਦ-ਬੁਰਦ ਹੋ ਗਿਆ। ਪੁਲਿਸ ਨੇ ਅੱਗੇ ਦੱਸਿਆ ਕਿ ਬਰੈਂਪਟਨ ਨਾਲ ਸਬੰਧਤ 41 ਸਾਲ ਦੇ ਮਨਜਿੰਦਰ ਸਿੰਘ ਬੂਰਾ ਨੂੰ ਪਹਿਲੀ ਵਾਰ ਗ੍ਰਿਫ਼ਤਾਰ ਕਰਦਿਆਂ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦਾ ਇਕ ਦੋਸ਼ ਅਤੇ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਦੇ ਪੰਜ ਦੋਸ਼ਾਂ ਸਣੇ ਪੰਜ ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ ਦਾ ਦੋਸ਼ ਵੀ ਆਇਦ ਕੀਤਾ ਗਿਆ ਸੀ। ਮਨਜਿੰਦਰ ਸਿੰਘ ਬੂਰਾ ਨੂੰ ਦੂਜੀ ਵਾਰ ਗ੍ਰਿਫ਼ਤਾਰ ਕਰਦਿਆਂ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਦੇ 12 ਦੋਸ਼, 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ ਦੇ 11 ਦੋਸ਼ ਅਤੇ ਚੋਰੀ ਕੀਤੀ ਪ੍ਰਾਪਰਟੀ ਰੱਖਣ ਦੇ 9 ਦੋਸ਼ ਵੱਖਰੇ ਤੌਰ ’ਤੇ ਆਇਦ ਕੀਤੇ ਗਏ ਹਨ। ਹੁਣ ਪੀਲ ਰੀਜਨਲ ਪੁਲਿਸ ਵੱਲੋਂ ਦੋ ਹੋਰ ਟ੍ਰਾਂਸਪੋਰਟੇਸ਼ਨ ਕੰਪਨੀਆਂ ਦੀ ਪਛਾਣ ਵੀ ਕੀਤੀ ਗਈ ਹੈ ਜੋ ਕਥਿਤ ਤੌਰ ’ਤੇ ਇਸ ਧੰਦੇ ਵਿਚ ਸ਼ਾਮਲ ਰਹੀਆਂ। ਪੁਲਿਸ ਵੱਲੋਂ ਇਨ੍ਹਾਂ ਦੇ ਨਾਂ ਵੈਲੌਸਿਟੀ ਲੌਜਿਸਟਿਕਸ ਇੰਕ ਅਤੇ ਟੌਰਕ ਲੌਜਿਸਟਿਕਸ ਇੰਕ ਦੱਸੇ ਜਾ ਰਹੇ ਹਨ।
ਮਨਜਿੰਦਰ ਬੂਰਾ ਅਤੇ ਸੁਖਦੀਪ ਬਰਾੜ ਕੀਤੇ ਗ੍ਰਿਫ਼ਤਾਰ
ਦੂਜੇ ਪਾਸੇ ਬਰੈਂਪਟਨ ਦੇ ਹੀ 28 ਸਾਲਾ ਸੁਖਦੀਪ ਸਿੰਘ ਬਰਾੜ ਨੂੰ ਗ੍ਰਿਫ਼ਤਾਰ ਕਰਦਿਆਂ ਪੰਜ ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਦੇ 17 ਦੋਸ਼, ਪੰਜ ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ ਦੇ 16 ਦੋਸ਼ ਅਤੇ ਚੋਰੀ ਕੀਤੀ ਪ੍ਰਾਪਰਟੀ ਰੱਖਣ ਦੇ 10 ਦੋਸ਼ ਆਇਦ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਦੋਸ਼ਾਂ ਦਾ ਘੇਰਾ ਵਧਾਇਆ ਜਾ ਸਕਦਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਆਟੋ ਕ੍ਰਾਈਮ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 3315 ’ਤੇ ਸੰਪਰਕ ਕੀਤਾ ਜਾਵੇ।


