ਕੈਨੇਡਾ : ਭਾਰਤੀ ਪਰਵਾਰ ਦੀ ਮੌਤ ਦੇ ਮਾਮਲੇ ਵਿਚ ਘਿਰੇ 2 ਪੁਲਿਸ ਅਫ਼ਸਰ
ਸ਼ਰਾਬ ਦਾ ਠੇਕਾ ਲੁੱਟ ਕੇ ਫ਼ਰਾਰ ਹੋਏ ਦੋ ਪੰਜਾਬੀਆਂ ਦਾ ਪਿੱਛਾ ਕਰਦਿਆਂ ਹਾਈਵੇਅ 401 ’ਤੇ ਗਲਤ ਪਾਸੇ ਗੱਡੀ ਭਜਾਉਣ ਦੌਰਾਨ ਵਾਪਰੇ ਜਾਨਲੇਵਾ ਹਾਦਸੇ ਦੇ ਮਾਮਲੇ ਵਿਚ ਡਰਹਮ ਰੀਜਨਲ ਪੁਲਿਸ ਦੇ 2 ਅਫ਼ਸਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ।
By : Upjit Singh
ਔਸ਼ਵਾ : ਸ਼ਰਾਬ ਦਾ ਠੇਕਾ ਲੁੱਟ ਕੇ ਫ਼ਰਾਰ ਹੋਏ ਦੋ ਪੰਜਾਬੀਆਂ ਦਾ ਪਿੱਛਾ ਕਰਦਿਆਂ ਹਾਈਵੇਅ 401 ’ਤੇ ਗਲਤ ਪਾਸੇ ਗੱਡੀ ਭਜਾਉਣ ਦੌਰਾਨ ਵਾਪਰੇ ਜਾਨਲੇਵਾ ਹਾਦਸੇ ਦੇ ਮਾਮਲੇ ਵਿਚ ਡਰਹਮ ਰੀਜਨਲ ਪੁਲਿਸ ਦੇ 2 ਅਫ਼ਸਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਹਾਦਸੇ ਦੌਰਾਨ ਤਿੰਨ ਮਹੀਨੇ ਦਾ ਅਦਿਤਯਾ ਵੀਵਾਨ ਅਤੇ ਉਸ ਦੇ ਗਰੈਂਡ ਪੇਰੈਂਟਸ ਮਣੀਵੰਨਨ ਸ੍ਰੀਨਿਵਾਸਪਿਲੇ ਅਤੇ ਮਹਾਲਕਸ਼ਮੀ ਅਨੰਤਕ੍ਰਿਸ਼ਨਨ ਮਾਰੇ ਗਏ ਸਨ ਜਦਕਿ ਬੱਚੇ ਦੇ ਮਾਪਿਆਂ ਗੋਕੁਲਨਾਥ ਮਣੀਵੰਨਨ ਅਤੇ ਅਸ਼ਵਿਤਾ ਜਵਾਹਰ ਦੀ ਜਾਨ ਬਚ ਗਈ।
ਸ਼ਰਾਬ ਦਾ ਠੇਕਾ ਲੁੱਟ ਕੇ ਭੱਜੇ 2 ਪੰਜਾਬੀਆਂ ਦਾ ਕੀਤਾ ਜਾ ਰਿਹਾ ਸੀ ਪਿੱਛਾ
ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਨੇ ਦੱਸਿਆ ਕਿ ਸਾਰਜੈਂਟ ਰਿਚਰਡ ਫਲਿਨ ਅਤੇ ਕਾਂਸਟੇਬਲ ਬਰੈਂਡਨ ਹੈਮਿਲਟਨ ਵਿਰੁੱਧ ਅਪਰਾਧਕ ਅਣਗਹਿਲੀ ਰਾਹੀਂ ਮੌਤ ਦਾ ਕਾਰਨ ਬਣਨ ਦੇ ਤਿੰਨ ਅਤੇ ਅਪਰਾਧਕ ਅਣਗਹਿਲੀ ਰਾਹੀਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋ ਦੋਸ਼ ਆਇਦ ਕੀਤੇ ਗਏ ਹਨ। ਔਸ਼ਵਾ ਦੀ ਅਦਾਲਤ ਵਿਚ ਇਨ੍ਹਾਂ ਦੀ ਪੇਸ਼ੀ 13 ਫ਼ਰਵਰੀ ਨੂੰ ਹੋਵੇਗੀ। ਦੂਜੇ ਪਾਸੇ ਪੁਲਿਸ ਅਫ਼ਸਰਾਂ ਦੇ ਵਕੀਲਾਂ ਨੇ ਦੋਸ਼ਾਂ ਨੂੰ ਸਰਾਸਰ ਗਲਤ ਕਰਾਰ ਦਿੰਦਿਆਂ ਅਦਾਲਤ ਵਿਚ ਆਪਣਾ ਪੱਖ ਰੱਖਣ ਦਾ ਜ਼ਿਕਰ ਕੀਤਾ ਹੈ। ਵਕੀਲਾਂ ਨੇ ਕਿਹਾ ਕਿ ਪੁਲਿਸ ਅਫ਼ਸਰਾਂ ਦਾ ਇਕੋ ਇਕ ਮਕਸਦ ਹਾਈਵੇਅ ਤੋਂ ਲੰਘ ਰਹੇ ਲੋਕਾਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਦੀਆਂ ਜਾਨਾਂ ਬਚਾਉਣਾ ਸੀ ਅਤੇ ਇਸ ਦੇ ਨਾਲ ਹੀ ਉਹ ਲੁਟੇਰਿਆਂ ਨੂੰ ਰੋਕਣ ਦਾ ਯਤਨ ਕਰ ਰਹੇ ਸਨ। ਜਾਨਲੇਵਾ ਹਾਦਸਾ ਲੁਟੇਰਿਆਂ ਦੇ ਯੂ-ਹਾਲ ਟਰੱਕ ਕਰ ਕੇ ਵਾਪਰਿਆ ਅਤੇ ਇਸ ਵਾਸਤੇ ਪੁਲਿਸ ਜ਼ਿੰਮੇਵਾਰ ਨਹੀਂ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਸਾਬਕਾ ਕਮਿਸ਼ਨਰ ਕ੍ਰਿਸ ਲੂਇਸ ਦਾ ਇਸ ਮਾਮਲੇ ਬਾਰੇ ਕਹਿਣਾ ਸੀ ਕਿ ਉਹ ਐਸ.ਆਈ.ਯੂ. ਵੱਲੋਂ ਲਾਏ ਗੰਭੀਰ ਦੋਸ਼ਾਂ ਤੋਂ ਬਿਲਕੁਲ ਵੀ ਹੈਰਾਨ ਨਹੀਂ। ਐਨੀ ਵੱਡੀ ਤਰਾਸਦੀ ਰੋਕੀ ਜਾ ਸਕਦੀ ਸੀ ਜੇ ਪੁਲਿਸ ਅਫ਼ਸਰ ਲੁਟੇਰਿਆਂ ਦਾ ਪਿੱਛਾ ਕਰਨਾ ਛੱਡ ਦਿੰਦੇ।
ਟਰੱਕ ਚਲਾ ਰਹੇ ਪੰਜਾਬੀ ਦੀ ਵੀ ਹੋਈ ਸੀ ਮੌਤ
ਉਧਰ ਡਰਹਮ ਰੀਜਨਲ ਪੁਲਿਸ ਦੇ ਮੁਖੀ ਪੀਟਰ ਮੌਰੇਰਾ ਨੇ ਕਿਹਾ ਕਿ ਉਹ ਐਸ.ਆਈ.ਯੂ. ਦੇ ਫ਼ੈਸਲੇ ਦਾ ਸਤਿਕਾਰ ਕਰਦੇ ਹਨ ਅਤੇ ਅਦਾਲਤੀ ਫੈਸਲਾ ਆਉਣ ਤੱਕ ਉਡੀਕ ਕੀਤੀ ਜਾਵੇਗੀ। ਡਰਹਮ ਪੁਲਿਸ ਵੱਲੋਂ ਐਸ.ਆਈ.ਯੂ. ਨੂੰ ਮਾਮਲੇ ਦੀ ਪੜਤਾਲ ਵਿਚ ਪੂਰਾ ਸਹਿਯੋਗ ਦਿਤਾ ਗਿਆ ਅਤੇ ਦੋਵੇਂ ਅਫ਼ਸਰ ਤਨਖਾਹ ਸਮੇਤ ਮੁਅੱਤਲ ਕਰ ਦਿਤੇ ਗਏ। ਮੌਰੇਰਾ ਨੇ ਦੱਸਿਆ ਕਿ ਡਰਹਮ ਪੁਲਿਸ ਵੱਲੋਂ ਆਪਣੇ ਪੱਧਰ ’ਤੇ ਵੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸਾਰਜੈਂਟ ਫਲਿਨ 32 ਸਾਲ ਤੋਂ ਪੁਲਿਸ ਸੇਵਾ ਵਿਚ ਹੈ ਜਦਕਿ ਕਾਂਸਟੇਬਲ ਹੈਮਿਲਟਨ ਚਾਰ ਸਾਲ ਪਹਿਲਾਂ ਪੁਲਿਸ ਵਿਚ ਭਰਤੀ ਹੋਇਆ ਸੀ। ਯੂ-ਹਾਲ ਟਰੱਕ ਚਲਾ ਰਹੇ ਡਰਾਈਵਰ ਦੀ ਸ਼ਨਾਖਤ ਗਗਨਦੀਪ ਸਿੰਘ ਵਜੋਂ ਕੀਤੀ ਗਈ ਜੋ ਮੌਕੇ ’ਤੇ ਹੀ ਮਾਰਿਆ ਗਿਆ ਜਦਕਿ ਉਸ ਦਾ ਸਾਥੀ ਲੰਮਾ ਸਮਾਂ ਹਸਪਤਾਲ ਵਿਚ ਦਾਖਲ ਰਿਹਾ। ਗਗਨਦੀਪ ਸਿੰਘ ਕਈ ਮਾਮਲਿਆਂ ਵਿਚ ਨਾਮਜ਼ਦ ਰਹਿ ਚੁੱਕਾ ਸੀ ਅਤੇ 2024 ਦੇ ਸਿਆਲ ਵਿਚ ਉਸ ਨੂੰ 2 ਹਜ਼ਾਰ ਡਾਲਰ ਦੀ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ। ਇਸੇ ਮਾਮਲੇ ਵਿਚ ਉਸ ਨੇ 14 ਮਈ 2024 ਨੂੰ ਮਿਲਟਨ ਦੀ ਅਦਾਲਤ ਵਿਚ ਪੇਸ਼ ਹੋਣਾ ਸੀ ਪਰ ਹੌਲਨਾਕ ਹਾਦਸਾ ਵਾਪਰ ਗਿਆ। ਡਰਹਮ ਪੁਲਿਸ ਮੁਤਾਬਕ ਬੋਮਨਵਿਲ ਦੇ ਐਲ.ਸੀ.ਬੀ.ਓ. ਸਟੋਰ ਵਿਚ ਲੁੱਟ ਦੀ ਇਤਲਾਹ ਮਿਲਣ ’ਤੇ ਸ਼ੱਕੀਆਂ ਦਾ ਪਿੱਛਾ ਸ਼ੁਰੂ ਹੋਇਆ ਜੋ ਲਗਾਤਾਰ ਵਧਦਾ ਚਲਾ ਗਿਆ। ਵਾਰਦਾਤ ਵੇਲੇ ਗਗਨਦੀਪ ਸਿੰਘ ਕਥਿਤ ਤੌਰ ’ਤੇ ਛੁਰੇ ਨਾਲ ਲੈਸ ਸੀ ਅਤੇ ਪੁਲਿਸ ਨੇ ਖਤਰਨਾਕ ਹਥਿਆਰ ਨੂੰ ਵੇਖਦਿਆਂ ਸੜਕ ਦੇ ਗਲਤ ਪਾਸੇ ਵੀ ਪਿੱਛਾ ਜਾਰੀ ਰੱਖਿਆ।