ਕੈਨੇਡਾ : ਠੱਗਾਂ ਤੋਂ ਮਸਾਂ ਬਚੀ 12 ਮਿਲੀਅਨ ਡਾਲਰ ਦੀ ਜਾਇਦਾਦ
ਹਿਤੇਂਦਰ ਸ਼ਰਮਾ ਟੋਰਾਂਟੋ ਤੋਂ ਵਿੰਡਸਰ ਜਾ ਰਹੇ ਸਨ ਜਦੋਂ ਇਕ ਫੋਨ ਕਾਲ ਨੇ ਭੂਚਾਲ ਲਿਆ ਦਿਤਾ ਅਤੇ ਉਹ ਤੁਰਤ ਵਾਪਸੀ ਕਰਨ ਲਈ ਮਜਬੂਰ ਹੋ ਗਏ।

By : Upjit Singh
ਟੋਰਾਂਟੋ : ਹਿਤੇਂਦਰ ਸ਼ਰਮਾ ਟੋਰਾਂਟੋ ਤੋਂ ਵਿੰਡਸਰ ਜਾ ਰਹੇ ਸਨ ਜਦੋਂ ਇਕ ਫੋਨ ਕਾਲ ਨੇ ਭੂਚਾਲ ਲਿਆ ਦਿਤਾ ਅਤੇ ਉਹ ਤੁਰਤ ਵਾਪਸੀ ਕਰਨ ਲਈ ਮਜਬੂਰ ਹੋ ਗਏ। ਜਾਂਚਕਰਤਾਵਾਂ ਨੇ ਹਿਤੇਂਦਰ ਸ਼ਰਮਾ ਨੂੰ ਦਸਿਆ ਕਿ ਠੱਗਾਂ ਨੇ ਉਨ੍ਹਾਂ ਦੀ 12 ਮਿਲੀਅਨ ਡਾਲਰ ਮੁੱਲ ਵਾਲੀ ਪ੍ਰਾਪਰਟੀ ਦਾ ਡਿਜੀਟਲ ਰਿਕਾਰਡ ਹਾਈਜੈਕ ਕਰ ਲਿਆ ਅਤੇ ਇਸ ਉਤੇ ਕਰਜ਼ਾ ਲੈਣ ਦੀ ਤਿਆਰੀ ਕਰ ਰਹੇ ਸਨ। ਹਿਤੇਂਦਰ ਸ਼ਰਮਾ ਨੇ ਉਨਟਾਰੀਓ ਦੀ ਬਿਜ਼ਨਸ ਰਜਿਸਟਰੀ ਤੋਂ ਰਿਕਾਰਡ ਕਢਵਾਇਆ ਤਾਂ ਦਾਅਵਾ ਬਿਲਕੁਲ ਸੱਚ ਸਾਬਤ ਹੋਇਆ। ਠੱਗਾਂ ਵੱਲੋਂ ਸਿਰਫ ਹਿਤੇਂਦਰ ਸ਼ਰਮਾ ਦੀ ਪ੍ਰਾਪਰਟੀ ਨੂੰ ਨਿਸ਼ਾਨਾ ਨਹੀਂ ਸੀ ਬਣਾਇਆ ਗਿਆ ਸਗੋਂ ਹੋਰ ਕਈ ਜਾਇਦਾਦਾਂ ਨਿਸ਼ਾਨੇ ’ਤੇ ਸਨ। ਕੈਲੇਡਨ ਦੀ ਇਕ ਪ੍ਰਾਪਰਟੀ ਦੇ ਇਕ ਮਾਮਲੇ ਵਿਚ ਠੱਗ 50 ਲੱਖ ਡਾਲਰ ਦਾ ਕਰਜ਼ਾ ਲੈਣ ਵਿਚ ਸਫਲ ਵੀ ਹੋ ਗਏ।
ਭਾਰਤੀ ਮੂਲ ਦੇ ਹਿਤੇਂਦਰ ਸ਼ਰਮਾ ਨੇ ਸਾਂਝਾ ਕੀਤਾ ਤਜਰਬਾ
ਹਿਤੇਂਦਰ ਸ਼ਰਮਾ ਦੀ ਪ੍ਰਾਪਰਟੀ ’ਤੇ ਵੀ 50 ਲੱਖ ਡਾਲਰ ਦਾ ਕਰਜ਼ਾ ਲੈਣ ਦਾ ਯਤਨ ਕੀਤਾ ਗਿਆ ਪਰ ਸਫ਼ਲ ਨਾ ਹੋ ਸਕੇ। ਸੀ.ਬੀ.ਸੀ ਦੀ ਰਿਪੋਰਟ ਮੁਤਾਬਕ ਰਿਹਾਇਸ਼ੀ ਜਾਇਦਾਦਾਂ ਦੇ ਮਾਮਲੇ ਵਿਚ ਅਜਿਹੇ ਫਰੌਡ ਪਹਿਲਾਂ ਵੀ ਹੋ ਰਹੇ ਹਨ ਜਿਥੇ ਠੱਗਾਂ ਵੱਲੋਂ ਜਾਇਦਾਦ ਦਾ ਮਾਲਕ ਬਣ ਕੇ ਕਰਜ਼ਾ ਲੈ ਲਿਆ ਜਾਂਦਾ ਹੈ ਜਾਂ ਪ੍ਰਾਪਰਟੀ ਵੇਚ ਦਿਤੀ ਜਾਂਦੀ ਹੈ। ਇਥੇ ਦਸਣਾ ਬਣਦਾ ਹੈ ਕਿ ਹਿਤੇਂਦਰ ਸ਼ਰਮਾ ਦੀ ਕੰਪਨੀ 2014 ਵਿਚ ਇਨਕਾਰਪੋਰੇਟਡ ਹੋਈ ਜਦਕਿ ਬਿਜ਼ਨਸ ਰਜਿਸਟਰੀ ਨੂੰ 2021 ਵਿਚ ਡਿਜੀਟਲ ਰੂਪ ਦਿਤਾ ਗਿਆ। ਉਨ੍ਹਾਂ ਵੱਲੋਂ ਮਾਮਲੇ ਦੀ ਸ਼ਿਕਾਇਤ ਪੀਲ ਰੀਜਨਲ ਪੁਲਿਸ ਕੋਲ ਕੀਤੀ ਗਈ ਹੈ ਅਤੇ ਕਈ ਗੁੱਝੇ ਸਵਾਵਲਾਂ ਦੇ ਜਵਾਬ ਮਿਲਣੇ ਹਾਲੇ ਬਾਕੀ ਹਨ।
ਠੱਗਾਂ ਨੇ ਹਾਈਜੈਕ ਕੀਤਾ ਸੀ ਕੰਪਨੀ ਦਾ ਡਿਜੀਟਲ ਰਿਕਾਰਡ
ਉਧਰ ਉਨਟਾਰੀਓ ਸਰਕਾਰ ਦੇ ਸਬੰਧਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਸਰਕਾਰ ਦਾ ਕੋਈ ਕੋਤਾਹੀ ਨਹੀਂ। ਦੂਜੇ ਪਾਸੇ ਸਾਈਬਰ ਸੁਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਕਮਜ਼ੋਰ ਵੈਰੀਫਿਕੇਸ਼ਨ ਪ੍ਰਕਿਰਿਆ ਹੋਣ ਕਰ ਕੇ ਕੁਝ ਠੱਗਾਂ ਵੱਲੋਂ ਇਸ ਦਾ ਫ਼ਾਇਦਾ ਉਠਾਉਣ ਦਾ ਯਤਨ ਕੀਤਾ ਜਾਂਦਾ ਹੈ।


