ਕੈਲਗਰੀ ਦੇ ਜੋੜੇ ਨਾਲ ਹੋ ਗਈ ਜੱਗੋਂ ਤੇਰਵੀਂ
ਕੈਲਗਰੀ ਦੇ ਇਕ ਜੋੜੇ ਨੂੰ ਲੈਪਟੌਪ ਵੇਚਣ ਲਈ ਆਨਲਾਈਨ ਇਸ਼ਤਿਹਾਰ ਦੇਣਾ ਮਹਿੰਗਾ ਪੈ ਗਿਆ ਅਤੇ ਖਰੀਦਾਰ ਲੁਟੇਰਿਆਂ ਦਾ ਰੂਪ ਧਾਰਨ ਕਰ ਗਏ

By : Upjit Singh
ਕੈਲਗਰੀ : ਕੈਲਗਰੀ ਦੇ ਇਕ ਜੋੜੇ ਨੂੰ ਲੈਪਟੌਪ ਵੇਚਣ ਲਈ ਆਨਲਾਈਨ ਇਸ਼ਤਿਹਾਰ ਦੇਣਾ ਮਹਿੰਗਾ ਪੈ ਗਿਆ ਅਤੇ ਖਰੀਦਾਰ ਲੁਟੇਰਿਆਂ ਦਾ ਰੂਪ ਧਾਰਨ ਕਰ ਗਏ। ਸਾਊਥ ਡੋਵਰ ਦੇ ਇਕ ਘਰ ਵਿਚ ਰਹਿੰਦੇ ਜੇਸਨ ਨਵੇਨ ਨੇ ਦੱਸਿਆ ਕਿ ਲੈਪਟੌਪ ਬਿਲਕੁਲ ਸਹੀ ਕੰਮ ਕਰ ਰਿਹਾ ਸੀ ਪਰ ਖਰੀਦ ਆਏ ਦੋ ਜਣਿਆਂ ਨੇ ਟੈਸਟ ਕਰਨ ਦੀ ਗੱਲ ਆਖੀ। ਖਰੀਦਾਰ ਇਹ ਵੀ ਪੁੱਛਣ ਲੱਗੇ ਕਿ ਤੁਸੀਂ ਲੈਪਟੌਪ ਕਦੋਂ ਖਰੀਦਿਆ ਅਤੇ ਪੂਰੀ ਤਸੱਲੀ ਹੋਣ ਮਗਰੋਂ ਈ-ਟ੍ਰਾਂਸਫ਼ਰ ਰਾਹੀਂ ਅਦਾਇਗੀ ਦਾ ਵਾਅਦਾ ਕੀਤਾ। ਇਸੇ ਦੌਰਾਨ ਇਕ ਜਣੇ ਨੇ ਬਿਅਰ ਸਪ੍ਰੇਅ ਕੱਢਿਆ ਅਤੇ ਜੇਸਨ ਦੇ ਚਿਹਰੇ ਉਤੇ ਛਿੜਕ ਦਿਤਾ। ਸਪ੍ਰੇਅ ਅੱਖਾਂ ਵਿਚ ਪੈਣ ਕਾਰਨ ਜੇਸਨ ਨੂੰ ਦਿਸਣਾ ਬੰਦ ਹੋ ਗਿਆ ਪਰ ਇਸੇ ਦੌਰਾਨ ਇਕ ਸ਼ੱਕੀ ਨੂੰ ਹੱਥ ਪੈ ਗਿਆ ਅਤੇ ਤਿੰਨੋ ਜਣੇ ਗੁੱਥਮ ਗੁੱਥਾ ਹੁੰਦੇ ਬਾਹਰ ਤੱਕ ਚਲੇ ਗਏ। ਦੂਜੇ ਪਾਸੇ ਜੇਸਨ ਦੀ ਪਤਨੀ ਹਾਲੇ ਵੀ ਅੰਦਰ ਸੀ ਅਤੇ ਬਾਹਰ ਆਉਣ ਤੋਂ ਉਸ ਨੇ ਇਕ ਉਚੀ ਆਵਾਜ਼ ਸੁਣੀ।
ਲੈਪਟੌਪ ਖਰੀਦਣ ਆਏ 2 ਜਣਿਆਂ ਵੱਲੋਂ ਲੁੱਟ ਦਾ ਯਤਨ
ਖਿੱਚਧੂਹ ਦੌਰਾਨ ਇਕ ਸ਼ੱਕੀ ਦਾ ਮੋਬਾਈਲ ਫੋਨ ਅੰਦਰ ਡਿੱਗ ਗਿਆ ਅਤੇ ਉਹ ਲੈਣ ਵਾਸਤੇ ਅੰਦਰ ਦੌੜਿਆ ਤਾਂ ਜੇਸਨ ਨੇ ਵੀ ਹਮਲਾ ਕਰ ਦਿਤਾ। ਉਧਰ ਜੇਸਨ ਦੀ ਪਤਨੀ ਸ਼ੌਵਲ ਲੈ ਆਈ ਅਤੇ ਸ਼ੱਕੀ ਦਾ ਕੁਟਾਪਾ ਸ਼ੁਰੂ ਹੋ ਗਿਆ ਪਰ ਬਦਕਿਮਸਤੀ ਨਾਲ ਫਰਾਰ ਹੋਣ ਤੋਂ ਪਹਿਲਾਂ ਸ਼ੱਕੀ ਆਪਣਾ ਮੋਬਾਈਲ ਚੁੱਕਣ ਵਿਚ ਸਫ਼ਲ ਰਿਹਾ। ਜੋੜੇ ਨੇ ਤੁਰਤ ਪੁਲਿਸ ਨੂੰ ਫ਼ੋਨ ਕੀਤਾ ਅਤੇ ਪੰਜ ਤੋਂ 10 ਮਿੰਟ ਦੇ ਅੰਦਰ ਪੁਲਿਸ ਪੁੱਜ ਗਈ। ਕੈਲਗਰੀ ਪੁਲਿਸ ਦੇ ਇੰਸਪੈਕਟਰ ਜੇਸਨ ਵਾਕਰ ਨੇ ਇਸ ਘਟਨਾ ਨੂੰ ਆਨਲਾਈਨ ਟ੍ਰਾਂਜ਼ੈਕਸ਼ਨ ਦਾ ਖਤਰਿਆਂ ਵਿਚੋਂ ਇਕ ਗਿਣਾਇਆ। ਉਨ੍ਹਾਂ ਕਿਹਾ ਕਿ ਜੇ ਕੋਈ ਆਨਲਾਈਨ ਇਸ਼ਤਿਹਾਰ ਰਾਹੀਂ ਕੋਈ ਚੀਜ਼ ਖਰੀਦਣਾ ਜਾਂ ਵੇਚਣਾ ਚਾਹੁੰਦਾ ਹੈ ਤਾਂ ਨੇੜਲੇ ਪੁਲਿਸ ਥਾਣੇ ਦੇ ਪਾਰਕਿੰਗ ਲੌਟ ਵਿਚ ਸੌਦਾ ਕੀਤਾ ਜਾਵੇ। ਅਜਿਹੀਆਂ ਖ਼ਤਰਨਾਕ ਲੁੱਟਾਂ ਖੋਹਾਂ ਤੋਂ ਬਚਣ ਦਾ ਇਹੋ ਇਕ ਤਰੀਕਾ ਹੈ। ਹੁਣ ਤੱਕ ਪੁਲਿਸ ਵੱਲੋਂ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਪਰ ਸ਼ੱਕੀਆਂ ਦੀਆਂ ਸਾਫ਼ ਤਸਵੀਰਾਂ ਹੋਣ ਕਰ ਕੇ ਉਨ੍ਹਾਂ ਦੇ ਜਲਦ ਪਕੜ ਵਿਚ ਆਉਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ।


