ਬਰੈਂਪਟਨ : ਠੱਗਾਂ ਨੇ ਪੁਲਿਸ ਵਾਲੇ ਬਣ ਕੇ ਲੁੱਟੀ ਔਰਤ
ਕੈਨੇਡਾ ਵਿਚ ਸਾਊਥ ਏਸ਼ੀਅਨ ਠੱਗਾਂ ਨੇ ਸੰਭਾਵਤ ਤੌਰ 'ਤੇ ਪੁਲਿਸ ਯੂਨੀਫੌਰਮ ਖਰੀਦ ਲਈ ਹੈ ਅਤੇ ਲੋਕਾਂ ਦੇ ਬੈਂਕ ਅਕਾਊਾਟ ਖਾਲੀ ਕਰਨ ਦਾ ਸਿਲਸਿਲਾ ਆਰੰਭ ਦਿਤਾ ਹੈ

By : Upjit Singh
ਬਰੈਂਪਟਨ : ਕੈਨੇਡਾ ਵਿਚ ਸਾਊਥ ਏਸ਼ੀਅਨ ਠੱਗਾਂ ਨੇ ਸੰਭਾਵਤ ਤੌਰ 'ਤੇ ਪੁਲਿਸ ਯੂਨੀਫੌਰਮ ਖਰੀਦ ਲਈ ਹੈ ਅਤੇ ਲੋਕਾਂ ਦੇ ਬੈਂਕ ਅਕਾਊਾਟ ਖਾਲੀ ਕਰਨ ਦਾ ਸਿਲਸਿਲਾ ਆਰੰਭ ਦਿਤਾ ਹੈ | ਜੀ ਹਾਂ, ਤਾਜ਼ਾ ਮਾਮਲਾ ਬਰੈਂਪਟਨ ਵਿਖੇ ਸਾਹਮਣੇ ਆਇਆ ਹੈ ਜਿਥੇ ਇਕ ਕਾਲੀ ਗੱਡੀ ਵਿਚ ਪੁੱਜੇ ਦੋ ਜਣਿਆਂ ਨੇ ਇਕ ਘਰ ਦਾ ਦਰਵਾਜ਼ਾ ਖੜਕਾਇਆ | ਸ਼ਹਿਰ ਦੇ ਫਿਨੇਗਨ ਸਰਕਲ ਇਲਾਕੇ ਦੇ ਇਕ ਘਰ ਵਿਚ ਵਾਪਰੀ ਵਾਰਦਾਤ ਦੌਰਾਨ ਠੱਗਾਂ ਨੇ ਘਰ ਦੀ ਮਾਲਕ ਨੂੰ ਯਕੀਨ ਦਿਵਾ ਦਿਤਾ ਕਿ ਉਸ ਦੇ ਬੈਂਕ ਖਾਤੇ ਨਾਲ ਕੋਈ ਆਨਲਾਈਨ ਛੇੜਛਾੜ ਕਰਨ ਦੇ ਯਤਨ ਕਰ ਰਿਹਾ ਹੈ | ਖੁਦ ਨੂੰ ਟੋਰਾਂਟੋ ਪੁਲਿਸ ਦਾ ਅਫ਼ਸਰ ਦੱਸਣ ਵਾਲੇ ਠੱਗਾਂ ਨੇ ਘਰ ਦੀ ਮਾਲਕ ਤੋਂ ਉਸ ਦੇ ਸਾਰੇ ਬੈਂਕ ਕਾਰਡ ਮੰਗੇ ਅਤੇ ਪੜਤਾਲ ਦਾ ਢਕਵੰਜ ਕਰਨ ਲੱਗੇ |
ਬੈਂਕ ਖਾਤੇ ਵਿਚੋਂ ਗਾਇਬ ਹੋਏ 15 ਹਜ਼ਾਰ ਡਾਲਰ
ਮਹਿਲਾ ਨੂੰ ਕਾਰਡ ਵਾਪਸ ਕਰਨ ਮਗਰੋਂ ਦੋਵੇਂ ਜਣੇ ਚਲੇ ਗਏ ਪਰ ਉਨ੍ਹਾਂ ਦੇ ਜਾਂਦਿਆਂ ਹੀ ਮਹਿਲਾ ਦੇ ਖਾਤੇ ਵਿਚੋਂ 15 ਹਜ਼ਾਰ ਡਾਲਰ ਦੀ ਰਕਮ ਗਾਇਬ ਹੋ ਗਈ | ਇਥੇ ਦਸਣਾ ਬਣਦਾ ਹੈ ਕਿ ਮਹਿਲਾ ਨੇ ਫ਼ਰਜ਼ੀ ਪੁਲਿਸ ਅਫ਼ਸਰਾਂ ਤੋਂ ਸ਼ਨਾਖਤੀ ਕਾਰਡ ਮੰਗਣ ਦਾ ਯਤਨ ਨਾ ਕੀਤਾ | ਸ਼ੱਕੀਆਂ ਵੱਲੋਂ ਵਰਤੀ ਗੱਡੀ ਕਾਲੇ ਰੰਗ ਦੀ ਮਿਤਸੂਬਿਸ਼ੀ ਐਸ.ਯੂ.ਵੀ. ਦੱਸੀ ਜਾ ਰਹੀ ਹੈ ਅਤੇ ਇਸ ਨੂੰ ਚਲਾਉਣ ਵਾਲੇ ਸਾਊਥ ਏਸ਼ੀਅਨ ਦੀ ਉਮਰ ਤਕਰੀਬਨ 36 ਤੋਂ 38 ਸਾਲ ਦਰਮਿਆਨ ਸੀ | ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਡਰਾਈਵਰ ਦਾ ਸਰੀਰ ਭਾਰਾ ਅਤੇ ਛੋਟੇ ਕਾਲੇ ਵਾਲ ਸਨ | ਡਰਾਈਵਰ ਦੇ ਸਾਥੀ ਬਾਰੇ ਵਿਸਤਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ | ਇਲਾਕੇ ਦੇ ਲੋਕਾਂ ਨੂੰ ਠੱਗੀਆਂ ਤੋਂ ਬਚਾਉਣ ਦੇ ਯਤਨਾਂ ਤਹਿਤ ਪੀਲ ਰੀਜਨਲ ਪੁਲਿਸ ਵੱਲੋਂ ਸੁਚੇਤ ਕੀਤਾ ਗਿਆ ਹੈ ਕਿ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੇ ਮਾਮਲੇ ਵਿਚ ਕੋਈ ਅਣਗਹਿਲੀ ਨਾਲ ਵਰਤੀ ਜਾਵੇ |
ਪੀਲ ਰੀਜਨਲ ਪੁਲਿਸ ਕਰ ਰਹੀ ਸਾਊਥ ਏਸ਼ੀਅਨਜ਼ ਦੀ ਭਾਲ
ਕਾਰਡ ਫਰੌਡ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਜਾਗਰੂਕਤਾ ਰਾਹੀਂ ਇਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ | ਜੇ ਕਿਸੇ ਨੂੰ ਵੀ ਪੁਲਿਸ ਅਫ਼ਸਰ 'ਤੇ ਸ਼ੱਕ ਹੋਵੇ ਤਾਂ ਉਸ ਦੀ ਸ਼ਨਾਖਤ ਦਾ ਸਬੂਤ ਮੰਗਿਆ ਜਾ ਸਕਦਾ ਹੈ ਅਤੇ ਪੁਲਿਸ ਵਿਭਾਗ ਨੇ ਸਿੱਧਾ ਸੰਪਰਕ ਕਰਦਿਆਂ ਅਫਸਰਾਂ ਬਾਰੇ ਤਸਦੀਕ ਕੀਤੀ ਜਾ ਸਕਦਾ ਹੈ | ਪੀਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ | ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 'ਤੇ ਕਾਲ ਕੀਤੀ ਜਾ ਸਕਦੀ ਹੈ |


