ਬਰੈਂਪਟਨ : 7.5 ਲੱਖ ਡਾਲਰ ਦੀ ਚੋਰੀ ਦੇ ਮਾਮਲੇ ’ਚ ਇਕ ਪੰਜਾਬੀ ਕਾਬੂ
ਬਰੈਂਪਟਨ ਵਿਖੇ ਮਹਿੰਗੀਆਂ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ 29 ਸਾਲ ਦੇ ਇਕ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ

ਬਰੈਂਪਟਨ : ਬਰੈਂਪਟਨ ਵਿਖੇ ਮਹਿੰਗੀਆਂ ਗੱਡੀਆਂ ਕਿਰਾਏ ’ਤੇ ਦੇਣ ਵਾਲੇ ਇਕ ਅਦਾਰੇ ਵਿਚੋਂ ਸਾਢੇ ਸੱਤ ਲੱਖ ਡਾਲਰ ਮੁੱਲ ਦੀਆਂ ਦੋ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ 29 ਸਾਲ ਦੇ ਇਕ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਵਾਰਦਾਤ 4 ਨਵੰਬਰ 2023 ਨੂੰ ਵਾਪਰੀ ਜਦੋਂ 2022 ਜੀ.ਐਮ.ਸੀ. ਐਸ.ਯੂ.ਵੀ. ਅਤੇ 2022 ਰੌਲਜ਼ ਰੌਇਸ ਗੱਡੀਆਂ ਚੋਰੀ ਹੋਈਆਂ। ਗੁੁੰਝਲਦਾਰ ਮਾਮਲੇ ਦੀ ਲੰਮੇ ਸਮੇਂ ਤੱਕ ਕੀਤੀ ਪੜਤਾਲ ਦੇ ਆਧਾਰ ’ਤੇ ਸ਼ੱਕੀਆਂ ਦੀ ਪਛਾਣ ਸ਼ਰਮੀਤ ਮਠਾੜੂ ਅਤੇ ਨਿਖਿਲ ਸਿੱਧੂ ਵਜੋਂ ਕੀਤੀ ਗਈ।
ਇਕ ਦੀ ਭਾਲ ਕਰ ਰਹੀ ਹੈ ਪੀਲ ਰੀਜਨਲ ਪੁਲਿਸ
ਇਨ੍ਹਾਂ ਵਿਚੋਂ ਸ਼ਰਮੀ ਮਠਾੜੂ ਨੂੰ 1 ਅਪ੍ਰੈਲ ਨੂੰ ਕਾਬੂ ਕਰਦਿਆਂ ਬਰੇਕ ਐਂਡ ਐਂਟ ਅਤੇ ਮੋਟਰ ਵ੍ਹੀਕਲ ਚੋਰੀ ਦੇ ਦੋਸ਼ ਆਇਦ ਕੀਤੇ ਗਏ। ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੱਕ ਉਹ ਫਿਲਹਾਲ ਪੁਲਿਸ ਹਿਰਾਸਤ ਵਿਚ ਹੈ। ਦੂਜੇ ਪਾਸੇ 26 ਸਾਲ ਦੇ ਨਿਖਿਲ ਸਿੱਧੂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਨਿਖਿਲ ਸਿੱਧੂ ਦੀ ਪਤੇ-ਟਿਕਾਣੇ ਬਾਰੇ ਕੋਈ ਜਾਥਾਰੀ ਹੋਵੇ ਤਾਂ ਪੀਲ ਰੀਜਨਲ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 3313 ’ਤੇ ਸੰਪਰਕ ਕੀਤਾ ਜਾਵੇ।