ਕੈਨੇਡਾ ’ਚ ਲਾਪਤਾ ਪੰਜਾਬੀ ਦੀ ਲਾਸ਼ ਨਦੀ ਵਿਚੋਂ ਮਿਲੀ
ਕੈਨੇਡਾ ਵਿਚ ਚਾਰ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਵੈਲੀ ਰਿਵਰ ਵਿਚੋਂ ਬਰਾਮਦ ਕੀਤੀ ਗਈ ਹੈ।

By : Upjit Singh
ਵਿੰਨੀਪੈਗ : ਕੈਨੇਡਾ ਵਿਚ ਚਾਰ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਵੈਲੀ ਰਿਵਰ ਵਿਚੋਂ ਬਰਾਮਦ ਕੀਤੀ ਗਈ ਹੈ। ਵਿੰਨੀਪੈਗ ਦੇ 23 ਸਾਲਾ ਮਨਚਲਪ੍ਰੀਤ ਸਿੰਘ ਨੂੰ ਆਖਰੀ ਵਾਰ 28 ਮਾਰਚ ਦੀ ਸ਼ਾਮ ਫੋਰਟ ਰਿਚਮੰਡ ਇਲਾਕੇ ਵਿਚ ਦੇਖਿਆ ਗਿਆ ਅਤੇ ਉਸ ਦੀ ਭਾਲ ਵਿਚ ਜੁਟੀ ਪੁਲਿਸ ਨੇ ਲੋਕਾਂ ਤੋਂ ਮਦਦ ਵੀ ਮੰਗੀ। 5 ਫੁੱਟ 10 ਇੰਚ ਕੱਦ ਅਤੇ ਦਰਮਿਆਨੇ ਸਰੀਰ ਵਾਲਾ ਮਨਚਲਪ੍ਰੀਤ ਸਿੰਘ ਅਕਸਰ ਹੀ ਸੇਂਟ ਵਾਇਟਲ ਪਾਰਕ, ਬਰਡਜ਼ ਹਿਲ ਪਾਰਕ ਅਤੇ ਦੱਖਣੀ ਵਿੰਨੀਪੈਗ ਦੇ ਇਲਾਕਿਆਂ ਵੱਲ ਆਉਂਦਾ-ਜਾਂਦਾ ਨਜ਼ਰ ਆਉਂਦਾ ਸੀ ਪਰ ਗੁੰਮਸ਼ੁਦਗੀ ਮਗਰੋਂ ਉਸ ਦੀ ਕੋਈ ਉਘ-ਸੁੱਘ ਨਾ ਲੱਗ ਸਕੀ।
ਵਿੰਨੀਪੈਗ ਵਿਖੇ ਰਹਿੰਦਾ ਸੀ 23 ਸਾਲ ਦਾ ਮਨਚਲਪ੍ਰੀਤ ਸਿੰਘ
ਪਿਛਲੇ ਦਿਨੀਂ ਮੈਨੀਟੋਬਾ ਦੇ ਡੌਫ਼ਿਨ ਕਸਬੇ ਨੇੜੇ ਵੈਲੀ ਰਿਵਰ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ ਜਿਸਦੀ ਪਛਾਣ ਕਰਨੀ ਸੰਭਵ ਨਹੀਂ ਸੀ। ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਆਰ.ਸੀ.ਐਮ.ਪੀ. ਵੱਲੋਂ ਲਾਸ਼ ਦਾ ਡੀ.ਐਨ.ਏ. ਨਮੂਨਾ ਲੈ ਕੇ ਮਨਚਲਪ੍ਰੀਤ ਸਿੰਘ ਦੇ ਮਾਪਿਆਂ ਨਾਲ ਮਿਲਾਇਆ ਗਿਆ ਜੋ ਮੇਲ ਖਾ ਗਿਆ। ਪੁਲਿਸ ਨੇ ਮਨਚਲਪ੍ਰੀਤ ਸਿੰਘ ਦੀ ਮੌਤ ਬਾਰੇ ਤਸਦੀਕ ਕਰ ਦਿਤੀ ਪਰ ਦੂਜੇ ਪਾਸੇ ਆਪਣੇ ਲਾਪਤਾ ਪੁੱਤ ਦੇ ਪਰਤਣ ਦੀ ਉਮੀਦ ਵਿਚ ਬੈਠੇ ਸੇਖੋਂ ਪਰਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਵਾਰ ਦੇ ਨਜ਼ਦੀਕੀ ਰੌਬਿਨ ਬਰਾੜ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਮਨਚਲਪ੍ਰੀਤ ਸੇਖੋਂ ਦੇ ਮਾਪੇ ਆਰਥਿਕ ਤੌਰ ’ਤੇ ਮਜ਼ਬੂਤ ਨਹੀਂ ਅਤੇ ਉਪਰੋਂ ਪੁੱਤ ਦੇ ਵਿਛੋੜੇ ਨੇ ਉਨ੍ਹਾਂ ਨੂੰ ਧੁਰ ਅੰਦਰੋਂ ਤੋੜ ਕੇ ਰੱਖ ਦਿਤਾ ਹੈ। ਰੌਬਿਨ ਬਰਾੜ ਮੁਤਾਬਕ ਮਨਚਲਪ੍ਰੀਤ ਸਿੰਘ ਦੇ ਮਾਪੇ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਪੁੱਜੇ ਸਨ ਅਤੇ ਅਚਨਚੇਤ ਵਾਪਰੇ ਇਸ ਭਾਣੇ ਮਗਰੋਂ ਡੂੰਘੇ ਸਦਮੇ ਵਿਚ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਪਾਣੀਆਂ ਵਿਚ ਪੰਜਾਬੀ ਨੌਜਵਾਨਾਂ ਦੇ ਡੁੱਬਣ ਦੀਆਂ ਇਕ ਮਗਰੋਂ ਇਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਕੁਝ ਸਮਾਂ ਪਹਿਲਾਂ ਹੀ ਕੈਨੇਡਾ ਪੁੱਜੇ ਸਨ ਮਾਪੇ
ਕੁਝ ਦਿਨ ਪਹਿਲਾਂ ਉਨਟਾਰੀਓ ਵਿਚ ਧਰੁਵ ਅਤੇ ਕੁਨਾਲ ਨਾਂ ਦੇ ਦੋ ਨੌਜਵਾਨ ਝੀਲ ਵਿਚ ਡੁੱਬ ਗਏ ਅਤੇ ਹੁਣ ਮਨਚਲਪ੍ਰੀਤ ਸਿੰਘ ਦੀ ਖਬਰ ਆ ਗਈ। ਦੂਜੇ ਪਾਸੇ ਬੀ.ਸੀ. ਦੇ ਨਿਊ ਵੈਸਟਮਿੰਸਟਰ ਵਿਖੇ ਡੇਢ ਮਹੀਨੇ ਤੋਂ ਲਾਪਤਾ ਨਿਸ਼ਾਨ ਸਿੰਘ ਦੀ ਕੋਈ ਉਘ-ਸੁੱਘ ਨਹੀਂ ਲੱਗ ਸਕੀ। ਨਿਸ਼ਾਨ ਸਿੰਘ ਨੂੰ ਆਖਰੀ ਵਾਰ ਸ਼ਹਿਰ ਦੇ ਕੁਈਨਜ਼ਬ੍ਰੋਅ ਇਲਾਕੇ ਵਿਚ ਦੇਖਿਆ ਗਿਆ ਸੀ ਅਤੇ ਇਸ ਵੇਲੇ ਬਰੈਂਪਟਨ ਸ਼ਹਿਰ ਵਿਚ ਉਸ ਦੀ ਮੌਜੂਦਗੀ ਦੇ ਸੰਕੇਤ ਮਿਲੇ ਹਨ ਪਰ ਤਸਦੀਕ ਨਹੀਂ ਕੀਤੀ ਜਾ ਸਕੀ।


