ਨੋਵਾ ਸਕੋਸ਼ੀਆ ਵਿਧਾਨ ਸਭਾ ਚੋਣਾਂ ਵਿਚ ਪੀ.ਸੀ. ਪਾਰਟੀ ਦੀ ਵੱਡੀ ਜਿੱਤ
ਨੋਵਾ ਸਕੋਸ਼ੀਆ ਵਿਧਾਨ ਸਭਾ ਚੋਣਾਂ ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਵੱਡੀ ਜਿੱਤ ਦਰਜ ਕਰਦਿਆਂ ਸੱਤਾ ਵਿਚ ਵਾਪਸੀ ਕੀਤੀ ਹੈ
By : Upjit Singh
ਹੈਲੀਫੈਕਸ : ਨੋਵਾ ਸਕੋਸ਼ੀਆ ਵਿਧਾਨ ਸਭਾ ਚੋਣਾਂ ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਵੱਡੀ ਜਿੱਤ ਦਰਜ ਕਰਦਿਆਂ ਸੱਤਾ ਵਿਚ ਵਾਪਸੀ ਕੀਤੀ ਹੈ ਜਦਕਿ ਐਨ.ਡੀ.ਪੀ. ਨੂੰ ਮੁੱਖ ਵਿਰੋਧੀ ਧਿਰ ਦਾ ਦਰਜਾ ਮਿਲਿਆ ਹੈ। ਦੂਜੇ ਪਾਸੇ ਲਿਬਰਲ ਪਾਰਟੀ ਸਿਰਫ ਤਿੰਨ ਸੀਟਾਂ ਨਾਲ ਤੀਜੇ ਸਥਾਨ ’ਤੇ ਰਹੀ। ਪ੍ਰੀਮੀਅਰ ਟਿਮ ਹਿਊਸਟਨ ਨੇ ਨੋਵਾ ਸਕੋਸ਼ੀਆ ਦੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਵੱਲੋਂ ਦੂਜੀ ਉਨ੍ਹਾਂ ਉਤੇ ਭਰੋਸਾ ਜ਼ਾਹਰ ਕਰਦਿਆਂ ਸੂਬੇ ਦੀ ਵਾਗਡੋਰ ਸੌਂਪੀ ਗਈ ਹੈ।
55 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ 42 ਸੀਟਾਂ ਜਿੱਤੀਆਂ
ਨੋਵਾ ਸਕੋਸ਼ੀਆ ਦੀ 55 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ ਪੀ.ਸੀ. ਪਾਰਟੀ ਨੂੰ 42 ਸੀਟਾਂ ਮਿਲੀਆਂ ਜਦਕਿ ਐਨ.ਡੀ.ਪੀ. 9 ਸੀਟਾਂ ਹਾਸਲ ਕਰਨ ਸਫਲ ਰਹੀ। ਚੋਣ ਸਰਵੇਖਣਾਂ ਵਿਚ ਵਿਰੋਧੀ ਧਿਰ ਦੇ ਦਰਜੇ ਵਾਸਤੇ ਐਨ.ਡੀ.ਪੀ. ਅਤੇ ਲਿਬਰਲ ਪਾਰਟੀ ਦਰਮਿਆਨ ਫਸਵੀਂ ਟੱਕਰ ਹੋਣ ਦੇ ਸੰਕੇਤ ਮਿਲ ਰਹੇ ਸਨ ਪਰ ਚੋਣ ਨਤੀਜੇ ਇਕ ਪਾਸੜ ਰਹੇ। ਸੂਬੇ ਵਿਚ ਚੋਣਾਂ ਦੀ ਅਸਲ ਤਰੀਕ 15 ਜੁਲਾਈ 2025 ਸੀ ਪਰ ਪ੍ਰੀਮੀਅਰ ਟਿਮ ਹਿਊਸਟਨ ਵੱਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਗਿਆ। ਟਿਮ ਹਿਊਸਟਨ ਦੀ ਅਗਵਾਈ ਹੇਠ 2021 ਵਿਚ ਪੀ.ਸੀ. ਪਾਰਟੀ ਨੇ ਲਿਬਰਲ ਸਰਕਾਰ ਦੀਆਂ ਜੜਾਂ ਪੁੱਟ ਦਿਤੀਆਂ ਅਤੇ ਹੁਣ ਦੂਜੀ ਵਾਰ ਨੋਵਾ ਸਕੋਸ਼ੀਆ ਦੀ ਸੱਤਾ ਹਾਸਲ ਕੀਤੀ ਹੈ। ਪਿਕਟੋ ਈਸਟ ਰਾਈਡਿੰਗ ਤੋਂ 2013 ਵਿਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਟਿਮ ਹਿਊਸਟਨ ਨੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਉਹ 2018 ਵਿਚ ਪੀ.ਸੀ. ਪਾਰਟੀ ਦੇ ਆਗੂ ਬਣੇ ਸਨ। ਨਿਊ ਗਲਾਸਗੋ ਵਿਖੇ ਪੀ.ਸੀ. ਪਾਰਟੀ ਦੇ ਮੁੱਖ ਦਫ਼ਤਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਸੂਬੇ ਦੇ ਲੋਕਾਂ ਨੂੰ ਬਹੁਤ ਬਹੁਤ ਪਿਆਰ। ਲੋਕਾਂ ਦੇ ਸਾਥ ਸਦਕਾ ਹੀ ਇਥੋਂ ਤੱਕ ਪੁੱਜ ਸਕੇ ਅਤੇ ਹੁਣ ਅਗਲਾ ਸਫਰ ਸ਼ੁਰੂ ਕਰ ਰਹੇ ਹਾਂ।’’ ਹਿਊਸਟਨ ਨੇ ਅੱਗੇ ਕਿਹਾ ਕਿ ਲੋਕਾਂ ਦੀ ਕਰੜੀ ਮਿਹਨਤ ਸਦਕਾ ਹੀ ਨੋਵਾ ਸਕੋਸ਼ੀਆ ਪੈਰਾਂ ਸਿਰ ਖੜ੍ਹਾ ਹੋਇਆ ਹੈ। ਐਨ.ਡੀ.ਪੀ. ਦੀ ਆਗੂ ਕਲੌਡੀਆ ਚੈਂਡਰ ਨੇ ਹੈਲੀਫੈਕਸ ਵਿਖੇ ਪਾਰਟੀ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਊਨਿਟੀ ਦੀ ਸੇਵਾ ਕਰਨਾ ਮਾਣ ਵਾਲੀ ਗੱਲ ਹੈ ਅਤੇ ਚੋਣਾਂ ਦੌਰਾਨ ਪਾਰਟੀ ਵਰਕਰਾਂ ਤੇ ਵਾਲੰਟੀਅਰਜ਼ ਵੱਲੋਂ ਕੀਤੀ ਅਣਥੱਕ ਮਿਹਨਤ ਲਈ ਐਨ.ਡੀ.ਪੀ. ਸ਼ੁਕਰਗੁਜ਼ਾਰ ਹੈ।
ਐਨ.ਡੀ.ਪੀ. ਨੂੰ 9 ਅਤੇ ਲਿਬਰਲ ਪਾਰਟੀ ਨੂੰ ਸਿਰਫ਼ 3 ਸੀਟਾਂ
ਭਾਵੇਂ ਨਤੀਜੇ ਪਾਰਟੀ ਦੀਆਂ ਇਛਾਵਾਂ ਮੁਤਾਬਕ ਨਹੀਂ ਆਏ ਪਰ ਭਵਿੱਖ ਦੀ ਤਿਆਰੀ ਜਾਰੀ ਰੱਖੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਕਲੌਡੀਆ ਚੈਂਡਰ ਡਾਰਟਮਥ ਸਾਊਥ ਰਾਈਡਿੰਗ ਤੋਂ ਜੇਤੂ ਰਹੇ। ਉਨ੍ਹਾਂ ਨੇ ਇਹ ਸੀਟ ਪਹਿਲੀ ਵਾਰ 2017 ਵਿਚ ਜਿੱਤੀ ਸੀ ਅਤੇ 2022 ਵਿਚ ਐਨ.ਡੀ.ਪੀ. ਆਗੂ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ। ਇਸੇ ਦੌਰਾਨ ਲਿਬਰਲ ਪਾਰਟੀ ਦੇ ਨਵੇਂ ਆਗੂ ਜ਼ੈਕ ਚਰਚਿਲ ਨੇ ਕਿਹਾ ਕਿ ਪਾਰਟੀ ਨੂੰ ਅਜਿਹੇ ਨਤੀਜਿਆਂ ਦੀ ਬਿਲਕੁਲ ਉਮੀਦ ਨਹੀਂ ਸੀ। ਪਾਰਟੀ ਵਰਕਰਾਂ ਨੇ ਪੂਰਾ ਜ਼ੋਰ ਲਾਇਆ ਅਤੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਅੰਤਮ ਰਿਪੋਰਟਾਂ ਮਿਲਣ ਤੱਕ ਯਾਰਮਥ ਰਾਈਡਿੰਗ ਤੋਂ ਉਮੀਦਵਾਰ ਜ਼ੈਕ ਚਰਚਿਲ ਦਾ ਪੀ.ਸੀ. ਪਾਰਟੀ ਦੇ ਨਿਕ ਹਿਲਟਨ ਨਾਲ ਫਸਵਾਂ ਮੁਕਾਬਲਾ ਚੱਲ ਰਿਹਾ ਸੀ।