Begin typing your search above and press return to search.

Canada ਵਿਚ Indian family ਨੂੰ ਵੱਡੀ ਰਾਹਤ

ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀ ਪਰਵਾਰ ਨੂੰ ਵੱਡੀ ਰਾਹਤ ਮਿਲ ਗਈ ਜਦੋਂ ਲੋਕ ਸੁਰੱਖਿਆ ਮੰਤਰੀ ਨੇ ਦਖ਼ਲ ਦਿੰਦਿਆਂ ਵਿਛੋੜਾ ਆਰਜ਼ੀ ਤੌਰ ’ਤੇ ਰੋਕ ਦਿਤਾ

Canada ਵਿਚ Indian family ਨੂੰ ਵੱਡੀ ਰਾਹਤ
X

Upjit SinghBy : Upjit Singh

  |  23 March 2026 5:42 PM IST

  • whatsapp
  • Telegram

ਮੌਂਟਰੀਅਲ : ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀ ਪਰਵਾਰ ਨੂੰ ਵੱਡੀ ਰਾਹਤ ਮਿਲ ਗਈ ਜਦੋਂ ਲੋਕ ਸੁਰੱਖਿਆ ਮੰਤਰੀ ਨੇ ਦਖ਼ਲ ਦਿੰਦਿਆਂ ਵਿਛੋੜਾ ਆਰਜ਼ੀ ਤੌਰ ’ਤੇ ਰੋਕ ਦਿਤਾ। ਰਵੀ ਚੌਹਾਨ ਅਤੇ ਉਸ ਦੇ ਬੇਟੇ ਨੂੰ ਸੋਮਵਾਰ ਸ਼ਾਮ ਦਿੱਲੀ ਜਾਣ ਵਾਲੇ ਜਹਾਜ਼ ਵਿਚ ਬਿਠਾਇਆ ਜਾਣਾ ਸੀ ਪਰ ਗੈਰੀ ਆਨੰਦਸੰਗਰੀ ਦੇ ਦਖਲ ਸਦਕਾ ਮਾਮਲੇ ਉਤੇ ਮੁੜ ਵਿਚਾਰ ਹੋ ਸਕਦਾ ਹੈ। ਇੰਮੀਗ੍ਰੇਸ਼ਨ ਵਕੀਲਾਂ ਨੇ ਫ਼ੈਡਰਲ ਸਰਕਾਰ ਦੇ ਤਾਜ਼ਾ ਫੈਸਲੇ ਦਾ ਸਵਾਗਤ ਕੀਤਾ ਪਰ ਨਾਲ ਹੀ ਕਿਹਾ ਕਿ ਡਿਪੋਰਟੇਸ਼ਨ ਦੇ ਅਜਿਹੇ ਫ਼ੈਸਲੇ ਬੁਨਿਆਦੀ ਹੱਕਾਂ ਦੀ ਉਲੰਘਣਾ ਕਰਦੇ ਹਨ। ਵਕੀਲਾਂ ਦਾ ਕਹਿਣਾ ਹੈ ਕਿ ਕਿਸੇ ਰਫ਼ਿਊਜੀ ਦੀ ਪੀ.ਆਰ. ਅਰਜ਼ੀ ਬਾਰੇ ਅੰਤਮ ਫੈਸਲਾ ਆਉਣ ਤੱਕ ਪਰਵਾਰਕ ਮੈਂਬਰਾਂ ਨੂੰ ਡਿਪੋਰਟ ਕਰਨ ਦਾ ਰੁਝਾਨ ਪਹਿਲਾਂ ਕਦੇ ਸਾਹਮਣੇ ਨਹੀਂ ਸੀ ਆਇਆ। ਇਥੇ ਦਸਣਾ ਬਣਦਾ ਹੈ ਕਿ ਰਵੀ ਚੌਹਾਨ ਦੀ ਪਤਨੀ ਨੂੰ ਕੈਨੇਡਾ ਵਿਚ ਰਫ਼ਿਊਜੀ ਵਜੋਂ ਪ੍ਰਵਾਨ ਕੀਤਾ ਜਾ ਚੁੱਕਾ ਹੈ।

ਡਿਪੋਰਟੇਸ਼ਨ ’ਤੇ ਲੱਗੀ ਆਰਜ਼ੀ ਰੋਕ

ਪਰਵਾਰ ਦਾ ਮਾੜਾ ਸਮਾਂ ਉਸ ਵੇਲੇ ਸ਼ੁਰੂ ਹੋਇਆ ਜਦੋਂ ਰਵੀ ਚੌਹਾਨ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੌਂਟਰੀਅਲ ਦਫ਼ਤਰ ਵਿਚ ਸੱਦਿਆ ਗਿਆ ਅਤੇ ਰਵੀ ਚੌਹਾਨ ਨੇ ਵੀ ਸੋਚਿਆ ਕਿ ਸਾਧਾਰਨ ਪੇਸ਼ੀ ਹੋਵੇਗੀ ਪਰ ਦਫ਼ਤਰ ਵਿਚ ਦਾਖਲ ਹੋਣ ਮਗਰੋਂ ਜੋ ਕੁਝ ਵਾਪਰਿਆ, ਪਰਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਾਂ ਦੀਆਂ ਅੱਖਾਂ ਵਿਚੋਂ ਹੰਝੂ ਨਹੀਂ ਸੀ ਰੁਕ ਰਹੇ ਜਿਸ ਦਾ ਕਹਿਣਾ ਹੈ ਕਿ ਉਹ ਆਪਣੇ ਬੱਚੇ ਤੋਂ ਬਗੈਰ ਨਹੀਂ ਰਹਿ ਸਕਦੀ। ਰਵੀ ਚੌਹਾਨ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ 30 ਵਰਿ੍ਹਆਂ ਦੀ ਪ੍ਰੈਕਟਿਸ ਦੌਰਾਨ ਪਹਿਲੀ ਵਾਰ ਹੋਇਆ ਹੈ ਕਿ ਰਫ਼ਿਊਜੀ ਦੇ ਪਤੀ ਅਤੇ ਬੇਟੇ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋਏ। ਹੁਣ ਤੱਕ ਕੈਨੇਡਾ ਵਿਚ ਕਾਨੂੰਨੀ ਤੌਰ ’ਤੇ ਰਹਿ ਰਹੇ ਲੋਕਾਂ ਦੇ ਪਰਵਾਰਾਂ ਨੂੰ ਵੀ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਸੀ ਪਰ ਨਵਾਂ ਰੁਝਾਨ ਖ਼ਤਰਨਾਕ ਨਜ਼ਰ ਆ ਰਿਹਾ ਹੈ। ਮੌਂਟਰੀਅਲ ਦੀ ਗੈਰਮੁਨਾਫ਼ੇ ਵਾਲੀ ਜਥੇਬੰਦੀ ਨਾਲ ਸਬੰਧਤ ਮਰੀਸ ਪੈਸੌਨ ਵੱਲੋਂ ਤਾਜ਼ਾ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ।

ਲੋਕ ਸੁਰੱਖਿਆ ਮੰਤਰੀ ਵੱਲੋਂ ਮਾਮਲੇ ਵਿਚ ਦਖ਼ਲ

ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਮਨੁੱਖਤਾ ਦੇ ਆਧਾਰ ’ਤੇ ਵਿਚਾਰ ਹੋਣਾ ਚਾਹੀਦਾ ਹੈ। ਪੂਰੇ ਮਾਮਲੇ ਦੀ ਸੁਣਵਾਈ ਦੌਰਾਨ ਰਵੀ ਚੌਹਾਨ ਦੀ ਪਤਨੀ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਜੋ 2023 ਵਿਚ ਹਮਲੇ ਮਗਰੋਂ ਭਾਰਤ ਦੇ ਹਰਿਆਣਾ ਸੂਬੇ ਤੋਂ ਫਰਾਰ ਹੋ ਕੇ ਕੈਨੇਡਾ ਪੁੱਜੀ ਅਤੇ ਸਤੰਬਰ 2024 ਵਿਚ ਰਫ਼ਿਊਜੀ ਦਾ ਦਰਜਾ ਮਿਲ ਗਿਆ। ਰਵੀ ਚੌਹਾਨ ਦਾ ਵਿਆਹ 2020 ਵਿਚ ਹੋਇਆ ਅਤੇ ਮੌਂਟਰੀਅਲ ਦੇ ਟਿਮ ਹੌਰਟਨਜ਼ ਵਿਖੇ ਕੰਮ ਕਰਦਿਆਂ ਪਰਵਾਰ ਦਾ ਗੁਜ਼ਾਰਾ ਚਲਦਾ ਹੈ ਕਿਉਂਕਿ ਰਵੀ ਚੌਹਾਨ ਦੀ ਪਤਨੀ ਭਾਰਤ ਵਿਚ ਹੋਏ ਹਮਲੇ ਦੇ ਮੱਦੇਨਜ਼ਰ ਕੰਮ ਕਰਨ ਦੇ ਸਮਰੱਥ ਨਹੀਂ। ਉਧਰ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਾਲਿਆਂ ਨੇ ਡਿਪੋਰਟੇਸ਼ਨ ਉਤੇ ਆਰਜ਼ੀ ਰੋਕ ਲੱਗਣ ਤੋਂ ਬਾਅਦ ਵੀ ਰਵੀ ਚੌਹਾਨ ਮਾਮਲੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ।

Next Story
ਤਾਜ਼ਾ ਖਬਰਾਂ
Share it