ਕੈਨੇਡਾ ’ਚ ਭਾਰਤੀ ਮੂਲ ਦੀ ਸਿਆਸਤਦਾਨ ਵੱਲੋਂ ਵੱਡਾ ਫੈਸਲਾ
ਭਾਰਤੀ ਮੂਲ ਦੇ ਕੈਬਨਿਟ ਮੰਤਰੀ ਅਨੀਤਾ ਆਨੰਦ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਮਨ ਬਦਲ ਲਿਆ ਹੈ ਅਤੇ ਮੁੜ ਚੋਣ ਮੈਦਾਨ ਵਿਚ ਨਿੱਤਰਨ ਦੀ ਇੱਛਾ ਜ਼ਾਹਰ ਕੀਤੀ ਹੈ।

ਟੋਰਾਂਟੋ : ਭਾਰਤੀ ਮੂਲ ਦੇ ਕੈਬਨਿਟ ਮੰਤਰੀ ਅਨੀਤਾ ਆਨੰਦ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਮਨ ਬਦਲ ਲਿਆ ਹੈ ਅਤੇ ਮੁੜ ਚੋਣ ਮੈਦਾਨ ਵਿਚ ਨਿੱਤਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਫੈਡਰਲ ਸਿਆਸਤ ਵਿਚ ਲਿਬਰਲ ਪਾਰਟੀ ਦੀ ਵਾਪਸੀ ਅਤੇ ਉਨਟਾਰੀਓ ਵਿਧਾਨ ਸਭਾ ਚੋਣਾਂ ਦੌਰਾਨ ਲਿਬਰਲ ਪਾਰਟੀ ਨੂੰ ਮਿਲੀਆਂ ਵੋਟਾਂ ਕਈ ਸਿਆਸਤਦਾਨਾਂ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰ ਸਕਦੀਆਂ ਹਨ। ਹਾਲ ਹੀ ਵਿਚ ਆਏ ਚੋਣ ਸਰਵੇਖਣਾਂ ਮੁਤਾਬਕ ਲਿਬਰਲ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਅਨੀਤਾ ਆਨੰਦ ਵੱਲੋਂ ਮੁੜ ਚੋਣ ਲੜਨ ਦਾ ਐਲਾਨ
ਦੱਸ ਦੇਈਏ ਕਿ ਜਸਟਿਨ ਟਰੂਡੋ ਵੱਲੋਂ 6 ਜਨਵਰੀ ਨੂੰ ਅਸਤੀਫ਼ੇ ਦਾ ਐਲਾਨ ਕਰਨ ਤੋਂ ਪੰਜ ਦਿਨ ਬਾਅਦ ਅਨੀਤਾ ਆਨੰਦ ਨੇ ਲਿਬਰਲ ਲੀਡਰਸ਼ਿਪ ਦੌੜ ਵਿਚੋਂ ਬਾਹਰ ਹੋਣ ਦਾ ਐਲਾਨ ਕਰਦਿਆਂ ਮੁੜ ਚੋਣਾਂ ਨਾ ਲੜਨ ਦਾ ਫੈਸਲਾ ਵੀ ਸੁਣਾ ਦਿਤਾ। ਕੈਨੇਡਾ ਵਿਚ ਆਮ ਚੋਣਾਂ ਭਾਵੇਂ ਅਕਤੂਬਰ ਵਿਚ ਹੋਣੀਆਂ ਹਨ ਪਰ ਨਵੇਂ ਲਿਬਰਲ ਆਗੂ ਦੀ ਚੋਣ ਮਗਰੋਂ ਕਿਸੇ ਵੀ ਵੇਲੇ ਚੋਣਾਂ ਦਾ ਬਿਗਲ ਵੱਜ ਸਕਦਾ ਹੈ। ਲਿਬਰਲ ਲੀਡਰਸ਼ਿਪ ਦੌੜ ਵਿਚ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਮਾਰਕ ਕਾਰਨੀ ਹੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਅਤੇ ਉਹ ਖੁਦ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਸੰਕੇਤ ਦੇ ਚੁੱਕੇ ਹਨ। ਸ਼ੁੱਕਰਵਾਰ ਸ਼ਾਮ ਓਕਵਿਲ ਵਿਖੇ ਮਾਰਕ ਕਾਰਨੀ ਦੇ ਇਕ ਸਮਾਗਮ ਵਿਚ ਸ਼ਿਰਕਤ ਕਰਦਿਆਂ ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਇਸ ਵੇਲੇ ਆਪਣੇ ਇਤਿਹਾਸ ਦੇ ਅਹਿਮ ਮੋੜ ’ਤੇ ਖੜ੍ਹਾ ਹੈ ਅਤੇ ਗੁਆਂਢੀ ਮੁਲਕ ਵੱਲੋਂ ਆ ਰਹੇ ਟੈਰਿਫਸ ਦੇ ਖਤਰੇ ਨਾਲ ਤਕੜੇ ਹੋ ਕੇ ਨਜਿੱਠਣ ਦੀ ਲੋੜ ਹੈ।
ਸਿਆਸਤ ਤੋਂ ਸੰਨਿਆਸ ਦਾ ਕਰ ਚੁੱਕੇ ਸਨ ਐਲਾਨ
ਉਨ੍ਹਾਂ ਅੱਗੇ ਕਿਹਾ ਕਿ ਕੈਨੇਡੀਅਨ ਵਸਤਾਂ ’ਤੇ ਨਾਜਾਇਜ਼ ਟੈਰਿਫਸ ਅਤੇ ਕੈਨੇਡਾ ਉਤੇ ਕਾਬਜ਼ ਹੋਣ ਦੀਆਂ ਸ਼ਰ੍ਹੇਆਮ ਧਮਕੀਆਂ ਹਾਲਾਤ ਗੰਭੀਰ ਬਣਾ ਰਹੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਟ੍ਰਾਂਸਪੋਰਟ ਮੰਤਰੀ ਦੀ ਜ਼ਿੰਮੇਵਾਰ ਨਿਭਾਅ ਰਹੇ ਅਨੀਤਾ ਆਨੰਦ ਪਹਿਲੀ ਵਾਰ ਓਕਵਿਲ ਪਾਰਲੀਮਾਨੀ ਹਲਕੇ ਤੋਂ 2019 ਵਿਚ ਚੁਣੇ ਗਏ ਸਨ ਅਤੇ 2021 ਵਿਚ ਮੁੜ ਜਿੱਤ ਹਾਸਲ ਕੀਤੀ। ਨਵੀਂ ਹਲਕਾਬੰਦੀ ਮਗਰੋਂ ਹੁਣ ਇਹ ਹਲਕਾ ਓਕਵਿਲ ਈਸਟ ਅਤੇ ਓਕਵਿਲ ਵੈਸਟ ਬਣ ਚੁੱਕਾ ਹੈ। ਅਨੀਤਾ ਆਨੰਦ ਨੂੰ ਕੈਨੇਡਾ ਦੇ ਹਿੰਦੂ ਭਾਈਚਾਰੇ ਵਿਚੋਂ ਪਹਿਲੀ ਮੰਤਰੀ ਬਣਨ ਦਾ ਮਾਣ ਹਾਸਲ ਹੈ। ਸਿਆਸਤ ਵਿਚ ਆਉਣ ਤੋਂ ਪਹਿਲਾਂ ਅਨੀਤਾ ਆਨੰਦ ਯੂਨੀਵਰਸਿਟੀ ਆਫ਼ ਟੋਰਾਂਟੋ ਵਿਚ ਕਾਨੂੰਨ ਦੇ ਪ੍ਰੋਫੈਸਰ ਸਨ ਅਤੇ 2019 ਦੀ ਚੋਣ ਜਿੱਤਣ ਮਗਰੋਂ ਜਨਤਕ ਸੇਵਾਵਾਂ ਅਤੇ ਖਰੀਦ ਮਾਮਲਿਆਂ ਬਾਰੇ ਮਹਿਕਮਾ ਮਿਲਿਆ।