ਕੈਨੇਡਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਵੱਡੇ ਐਲਾਨ
ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕਈ ਨਵੇਂ ਐਲਾਨ ਕਰਦਿਆਂ ਹਫ਼ਤੇ ਵਿਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦੇ ਦਿਤੀ
By : Upjit Singh
ਟੋਰਾਂਟੋ : ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕਈ ਨਵੇਂ ਐਲਾਨ ਕਰਦਿਆਂ ਹਫ਼ਤੇ ਵਿਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦੇ ਦਿਤੀਪਰ ਇਸ ਦੇ ਨਾਲ ਹੀ ਕਾਲਜ ਬਦਲਣ ਦੇ ਇੱਛਕ ਕੌਮਾਂਤਰੀ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਵਾਸਤੇ ਅਪਲਾਈ ਕਰਨ ਦਾ ਪਾਬੰਦ ਵੀ ਕਰ ਦਿਤਾ। ਨਿਯਮ ਤੋੜਨ ਵਾਲਿਆਂ ਨੂੰ ਇਕ ਸਾਲ ਵਾਸਤੇ ਕਿਸੇ ਵੀ ਕਾਲਜ-ਯੂਨੀਵਰਸਿਟੀ ਵਿਚ ਦਾਖਲਾ ਨਹੀਂ ਮਿਲੇਗਾ। ਇੰਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਨਵੇਂ ਨਿਯਮ 15 ਨਵੰਬਰ ਤੋਂ ਹੀ ਲਾਗੂ ਮੰਨੇ ਜਾਣਗੇ।
ਹਫ਼ਤੇ ਵਿਚ 24 ਘੰਟੇ ਕੰਮ ਕਰ ਸਕਣਗੇ
ਇਸ ਤੋਂ ਪਹਿਲਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਹਫ਼ਤੇ ਵਿਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਸੀ ਪਰ ਕਾਲਜ ਜਾਂ ਯੂਨੀਵਰਸਿਟੀ ਵਿਚ ਛੁੱਟੀਆਂ ਦੌਰਾਨ ਉਹ ਜਿੰਨਾ ਮਰਜ਼ੀ ਸਮਾਂ ਕੰਮ ਕਰ ਸਕਦੇ ਹਨ। ਇਸ ਬਾਰੇ ਕੋਈ ਬੰਦਿਸ਼ ਲਾਗੂ ਨਹੀਂ। ਮਾਰਕ ਮਿਲਰ ਨੇ ਕਿਹਾ ਕਿ ਹਫ਼ਤੇ ਵਿਚ ਕੰਮ ਦਾ ਸਮਾਂ 4 ਘੰਟੇ ਵਧਾਉਣ ਦਾ ਮਕਸਦ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੀਆਂ ਜ਼ਰੂਰਤ ਪੂਰੀਆਂ ਕਰਨ ਵਿਚ ਮਦਦ ਕਰਨਾ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਹੈ ਕਿ ਉਨ੍ਹਾਂ ਨੂੰ ਆਪਣੀ ਪੜ੍ਹਾਈ-ਲਿਖਾਈ ਨਾਲ ਕੋਈ ਸਮਝੌਤਾ ਨਾ ਕਰਨਾ ਪਵੇ। ਦੂਜੇ ਪਾਸੇ ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕਾਲਜ ਜਾਂ ਯੂਨੀਵਰਸਿਟੀ ਬਦਲਣ ਦੇ ਇੱਛਕ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਵਾਸਤੇ ਅਰਜ਼ੀ ਦਾਇਰ ਕਰਨੀ ਹੋਵੇਗੀ ਅਤੇ ਕੁਝ ਮਾਮਲਿਆਂ ਵਿਚ ਸਟੱਡੀ ਵੀਜ਼ਾ ਪ੍ਰਵਾਨ ਹੋਣ ਦੀ ਸ਼ਰਤ ਵੀ ਲਾਗੂ ਕੀਤੀ ਗਈ ਹੈ। ਹੁਣ ਤੱਕ ਕੌਮਾਂਤਰੀ ਵਿਦਿਆਰਥੀਆਂ ਉਤੇ ਅਜਿਹੀ ਕੋਈ ਬੰਦਿਸ਼ ਲਾਗੂ ਨਹੀਂ ਸੀ ਅਤੇ ਪਹਿਲਾਂ ਮਿਲੇ ਸਟੱਡੀ ਵੀਜ਼ਾ ’ਤੇ ਹੀ ਕਿਸੇ ਹੋਰ ਵਿਦਿਅਕ ਅਦਾਰੇ ਵਿਚ ਦਾਖਲਾ ਲੈ ਸਕਦੇ ਸਨ। ਇਥੇ ਦਸਣਾ ਬਣਦਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨੂੰ ਹਫ਼ਤੇ ਵਿਚ 40 ਘੰਟੇ ਕੰਮ ਕਰਨ ਦੀ ਆਰਜ਼ੀ ਰਿਆਇਤ ਦਿਤੀ ਗਈ ਸੀ ਜੋ ਹਾਲਾਤ ਕਾਬੂ ਹੇਠ ਆਉਣ ਮਗਰੋਂ 30 ਅਪ੍ਰੈਲ 2024 ਨੂੰ ਖ਼ਤਮ ਹੋ ਗਈ।
ਕਾਲਜ ਬਦਲਣ ਲਈ ਨਵਾਂ ਸਟੱਡੀ ਵੀਜ਼ਾ ਲਾਜ਼ਮੀ
ਫੈਡਰਲ ਸਰਕਾਰ ਵੱਲੋਂ ਇਸ ਆਰਜ਼ੀ ਨੀਤੀ ਰਾਹੀਂ ਕਈ ਮਸਕਦ ਪੂਰੇ ਕੀਤੇ ਗਏ। ਇਕ ਪਾਸੇ ਜਿਥੇ ਕਿਰਤੀਆਂ ਦੀ ਕਿੱਲਤ ਨਾਲ ਨਜਿੱਠਿਆ ਗਿਆ ਤਾਂ ਦੂਜੇ ਪਾਸੇ ਵਿਦਿਆਰਥੀਆਂ ਵੱਧ ਕਮਾਈ ਕਰਨ ਦਾ ਮੌਕਾ ਮਿਲਿਆ ਜੋ ਕੋਰੋਨਾ ਦੌਰਾਨ ਬੇਵਸ ਹੋ ਚੁੱਕੇ ਸਨ। ਕੈਨੇਡਾ ਸਰਕਾਰ ਪਿਛਲੇ ਇਕ ਹਫ਼ਤੇ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨਾਲ ਸਬੰਧਤ ਕਈ ਵੱਡੇ ਐਲਾਨ ਕਰ ਚੁੱਕੀ ਹੈ। 8 ਨਵੰਬਰ ਨੂੰ ਇੰਮੀਗ੍ਰੇਸ਼ਨ ਵਿਭਾਗ ਨੇ ਸਟੂਡੈਂਟ ਡਾਇਰੈਕਟਰ ਸਟ੍ਰੀਮ ਬੰਦ ਕਰ ਦਿਤੀ ਅਤੇ ਸਟੱਡੀ ਵੀਜ਼ਾ ਦੀ ਫਾਸਟ ਟ੍ਰੈਕ ਪ੍ਰੋਸੈਸਿੰਗ ਵਾਲੀ ਯੋਜਨਾ ਖ਼ਤਮ ਕਰ ਦਿਤੀ ਗਈ। ਐਸ.ਡੀ.ਐਸ. ਯੋਜਨਾ 2018 ਵਿਚ ਭਾਰਤ ਸਣੇ 14 ਮੁਲਕਾਂ ਵਾਸਤੇ ਆਰੰਭੀ ਗਈ ਅਤੇ ਇਸ ਦਾ ਪੰਜਾਬੀ ਵਿਦਿਆਰਥੀਆਂ ਨੂੰ ਬੇਹੱਦ ਫਾਇਦਾ ਹੋਇਆ। ਐਸ.ਡੀ.ਐਸ. ਅਧੀਨ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਦਰ ਬਹੁਤ ਘੱਟ ਰਹੀ ਵਿਦਿਆਰਥੀਆਂ ਨੂੰ ਇਕ ਸਾਲ ਦੀ ਟਿਊਸ਼ਨ ਫੀਸ ਨਾਲ 20,635 ਡਾਲਰ ਦੀ ਜੀ.ਆਈ.ਸੀ. ਭਰਨੀ ਪੈਂਦਸੀ। ਹੁਣ ਕੈਨੇਡਾ ਦੇ ਸਟੱਡੀ ਵੀਜ਼ਾ ਵਾਸਤੇ ਸਿਰਫ ਛੇ ਮਹੀਨੇ ਦੀ ਫੀਸ ਭਰਨੀ ਲਾਜ਼ਮੀ ਹੈ ਅਤੇ ਪੜ੍ਹਾਈ ਦੌਰਾਨ ਖਰਚਾ ਚਲਾਉਣ ਲਈ ਖਾਤੇ ਵਿਚ ਫੰਡਜ਼ ਦਿਖਾਉਣ ਦੀ ਸ਼ਰਤ ਲਾਗੂ ਕੀਤੀ ਗਈ ਹੈ। ਭਾਵੇਂ ਜੀ.ਆਈ.ਸੀ. ਹੁਣ ਵੀ ਇਕ ਬਦਲ ਵਜੋਂ ਵਰਤੀ ਜਾ ਸਕਦੀ ਹੈ ਪਰ ਇਸ ਨੂੰ ਲਾਜ਼ਮੀ ਨਹੀਂ ਕੀਤਾ ਗਿਆ। ਕੈਨੇਡਾ ਸਰਕਾਰ ਵੱਲੋਂ 2025 ਦੌਰਾਨ 4 ਲੱਖ 37 ਹਜ਼ਾਰ ਸਟੱਡੀ ਵੀਜ਼ਾ ਜਾਰੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬੀ ਵਿਦਿਆਰਥੀਆਂ ਨੂੰ ਲੁਭਾਉਣ ਵਾਸਤੇ ਸਟੂਡੈਂਟ ਡਾਇਰੈਕਟ ਸਟ੍ਰੀਮ ਬੰਦ ਕੀਤੀ ਗਈ ਹੈ।