ਕੈਨੇਡਾ ਵਿਚ ਸਕੂਲੀ ਬੱਚਿਆਂ ’ਤੇ ਰਿੱਛ ਦਾ ਹਮਲਾ, 11 ਜ਼ਖਮੀ
ਕੈਨੇਡਾ ਦੇ ਬੀ.ਸੀ. ਵਿਚ ਸਕੂਲੀ ਬੱਚਿਆਂ ਉਤੇ ਰਿੱਛ ਵੱਲੋਂ ਕੀਤੇ ਹਮਲੇ ਦੌਰਾਨ ਘੱਟੋ ਘੱਟ 11 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ

By : Upjit Singh
ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਸਕੂਲੀ ਬੱਚਿਆਂ ਉਤੇ ਰਿੱਛ ਵੱਲੋਂ ਕੀਤੇ ਹਮਲੇ ਦੌਰਾਨ ਘੱਟੋ ਘੱਟ 11 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਵੈਨਕੂਵਰ ਤੋਂ 700 ਕਿਲੋਮੀਟਰ ਦੂਰ ਬੈਲਾ ਕੂਲਾ ਵਿਖੇ ਵਾਪਰੇ ਘਟਨਾ ਬਾਰੇ ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਨੇ ਦੱਸਿਆ ਕਿ ਸੱਤ ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੱਲ੍ਹਮ ਪੱਟੀ ਕਰ ਦਿਤੀ ਗਈ ਅਤੇ ਹਸਪਤਾਲ ਲਿਜਾਣ ਦੀ ਨੌਬਤ ਨਾ ਆਈ। ਹਾਈਵੇਅ 20 ਨੇੜੇ ਐਨੀਮਲ ਅਟੈਕ ਦੀ ਇਤਲਾਹ ਮਿਲਦਿਆਂ ਹੀ ਦੋ ਐਂਬੁਲੈਂਸਾ ਮੂਲ ਬਾਸ਼ਿੰਦਿਆਂ ਨਾਲ ਸਬੰਧਤ ਇਲਾਕੇ ਵੱਲ ਭੇਜੀਆਂ ਗਈਆਂ।
2 ਬੱਚਿਆਂ ਦੀ ਹਾਲਤ ਨਾਜ਼ੁਕ
ਇਸੇ ਦੌਰਾਨ ਬੀ.ਸੀ. ਕੰਜ਼ਰਵੇਸ਼ਨ ਆਫ਼ੀਸਰ ਸਰਵਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਵੀ ਉਨ੍ਹਾਂ ਦੇ ਮੁਲਾਜ਼ਮ ਆਰ.ਸੀ.ਐਮ.ਪੀ. ਦੇ ਅਫ਼ਸਰਾਂ ਨਾਲ ਮੌਕੇ ’ਤੇ ਮੌਜੂਦ ਰਹੇ ਹਨ ਜਦਕਿ ਇਲਾਕੇ ਦੇ ਵਸਨੀਕਾਂ ਨੂੰ ਅਹਿਤਿਆਤ ਵਰਤਣ ਦੀ ਹਦਾਇਤ ਦਿਤੀ ਗਈ। ਐਲੀਮੈਂਟਰੀ ਕਲਾਸ ਵਿਚ ਪੜ੍ਹਦੇ ਇਕ ਬੱਚੇ ਦੀ ਮਾਂ ਦੱਸਿਆ ਕਿ ਸਕੂਲ ਟੀਚਰਜ਼ ਨੇ ਰਿੱਛ ਨੂੰ ਖਦੇੜਨ ਦਾ ਯਤਨ ਕੀਤਾ ਪਰ ਇਕ ਪੁਰਸ਼ ਟੀਚਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਇਸੇ ਦੌਰਾਨ ਬੈਲਾ ਕੂਲਾ ਦੇ ਖੁਦਮੁਖਤਿਆਰ ਸਕੂਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਫ਼ਿਲਹਾਲ ਘਟਨਾ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ ਅਤੇ ਹਾਲਾਤ ਨੂੰ ਵੇਖਦਿਆਂ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਮੂਲ ਬਾਸ਼ਿੰਦਿਆਂ ਦੇ ਆਗੂ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਰਿੱਛ ਹੁਣ ਤੱਕ ਖੁੱਲ੍ਹਾ ਘੁੰਮ ਰਿਹਾ ਅਤੇ ਲੋਕਾਂ ਨੂੰ ਇਕੱਲਿਆਂ ਇਧਰ ਉਧਰ ਨਹੀਂ ਜਾਣਾ ਚਾਹੀਦਾ।


